ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲਾਂ ਤੋਂ ਨਹੀਂ ਉਤਰਦਾ ਮੀਂਹ ਦਾ ਪਾਣੀ

08:34 AM Aug 05, 2023 IST
ਘੰਟਾ ਘਰ ਨੇੜੇ ਮੀਂਹ ਪੈਣ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗਦਾ ਹੋਇਆ ਪਾਣੀ।

ਸਤਵਿੰਦਰ ਬਸਰਾ
ਲੁਧਿਆਣਾ, 4 ਅਗਸਤ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਿਕਾਸ ਹੋਇਆ ਹੈ। ਸ਼ਹਿਰ ਅੰਦਰ ਟਰੈਫਿਕ ਘੱਟ ਕਰਨ ਲਈ ਫਲਾਈਓਵਰ ਬਣਾ ਦਿੱਤੇ ਗਏ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਹੀ ਇਨ੍ਹਾਂ ਪੁਲਾਂ ’ਤੇ ਪਾਣੀ ਭਰ ਜਾਂਦਾ ਹੈ। ਅੱਜ ਵੀ ਸ਼ਹਿਰ ਵਿੱਚ ਮੀਂਹ ਪੈਣ ਨਾਲ ਬਹੁਤੇ ਪੁਲਾਂ ’ਤੇ ਪਾਣੀ ਦੀ ਕੋਈ ਨਿਕਾਸੀ ਨਾ ਹੋਣ ਕਰ ਕੇ ਇਹ ਪਾਣੀ ਪਰਨਾਲਿਆਂ ਦੀ ਤਰ੍ਹਾਂ ਥਾਂ-ਥਾਂ ਤੋਂ ਹੇਠਾਂ ਡਿੱਗਦਾ ਆਮ ਦੇਖਿਆ ਗਿਆ। ਮੀਂਹ ਦਾ ਪਾਣੀ ਨੀਵੀਆਂ ਸੜਕਾਂ, ਗਲੀਆਂ ਅਤੇ ਲਿੰਕ ਸੜ੍ਹਕਾਂ ’ਤੇ ਖੜ੍ਹਾ ਹੋਣਾ ਤਾਂ ਆਮ ਗੱਲ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸੜਕ ਤੋਂ 25 ਤੋਂ 30 ਫੁੱਟ ਉੱਚੇ ਬਣਾਏ ਗਏ ਪੁਲਾਂ ’ਤੇ ਵੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇੱਥੋਂ ਦੇ ਜਗਰਾਉਂ ਪੁਲ ਤੋਂ ਕੈਲਾਸ਼ ਨਗਰ ਤੱਕ ਬਣੇ ਰਿੰਗ ਰੋਡ ’ਤੇ ਵੀ ਪਾਣੀ ਖੜ੍ਹਾ ਹੋ ਰਿਹਾ ਹੈ। ਘੰਟਾ ਘਰ ਅਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਇਸ ਪੁਲ ਤੋਂ ਖੁੱਲ੍ਹੇ ਪਰਨਾਲਿਆਂ ਦੀ ਤਰ੍ਹਾਂ ਥਾਂ-ਥਾਂ ਪਾਣੀ ਡਿੱਗਦਾ ਦੇਖਿਆ ਜਾ ਸਕਦਾ ਹੈ। ਇੰਨੀ ਉਚਾਈ ਤੋਂ ਪਾਣੀ ਡਿੱਗਣ ਕਾਰਨ ਹੇਠਾਂ ਬਣੀਆਂ ਸੜਕਾਂ ਵੀ ਟੁੱਟਣ ਲੱਗ ਜਾਂਦੀਆਂ ਹਨ। ਉਪਰੋਂ ਡਿੱਗਦਾ ਇਹ ਪਾਣੀ ਅੱਗੋਂ ਕਈ ਦੁਕਾਨਦਾਰਾਂ ਦੇ ਅੰਦਰ ਤੱਕ ਚਲਾ ਜਾਂਦਾ ਹੈ, ਜਿਸ ਕਰ ਕੇ ਉਨ੍ਹਾਂ ਦਾ ਸਾਮਾਨ ਵੀ ਖਰਾਬ ਹੋ ਰਿਹਾ ਹੈ। ਇੱਥੇ ਹੀ ਬਸ ਨਹੀਂ ਸਗੋਂ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਤੱਕ ਬਣੇ ਫਲਾਈਓਵਰ ਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੈ। ਇਸ ਪੁਲ ’ਤੇ ਵੀ ਬਹੁਤ ਥਾਵਾਂ ’ਤੇ ਸੜਕ ਦਾ ਲੇਬਲ ਠੀਕ ਨਾ ਹੋਣ ਕਰ ਕੇ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਪਾਣੀ ਨਾਲ ਜਿੱਥੇ ਪੁਲ ਦੀ ਮਜ਼ਬੂਤੀ ਘੱਟ ਹੁੰਦੀ ਹੈ, ਉੱਥੇ ਆਏ ਦਿਨ ਮੀਂਹ ਨਾਲ ਪੈਂਦੇ ਟੋਇਆਂ ਕਰ ਕੇ ਹਾਦਸਾ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਅਤੇ ਸਮਾਜ ਸੇਵੀ ਸੰਸਥਾ ਦੇ ਪ੍ਰਤੀਨਿਧੀ ਜਸਵੰਤ ਜੀਰਖ ਨੇ ਪੁਲਾਂ ’ਤੇ ਖੜ੍ਹੇ ਹੁੰਦੇ ਮੀਂਹ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਅਪੀਲ ਕੀਤੀ ਹੈ।

Advertisement

Advertisement