Rain, snow likely in tribal areas, higher hills of Himachal from Nov 22: MeT: ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਚ ਬਰਫਬਾਰੀ ਦੀ ਪੇਸ਼ੀਨਗੋਈ
ਸ਼ਿਮਲਾ, 18 ਨਵੰਬਰ
ਇੱਥੋਂ ਦੇ ਮੌਸਮ ਵਿਭਾਗ ਨੇ ਕਬਾਇਲੀ ਖੇਤਰਾਂ ਅਤੇ ਹੋਰ ਉੱਚੇ ਇਲਾਕਿਆਂ ’ਚ 22 ਨਵੰਬਰ ਨੂੰ ਜਾਂ ਇਸ ਤੋਂ ਬਾਅਦ ਮੀਂਹ ਜਾਂ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ ਜਦਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ 24 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਨੇ ਭਾਖੜਾ ਡੈਮ (ਬਿਲਾਸਪੁਰ) ਦੇ ਖੇਤਰਾਂ ਦੇ ਕਈ ਹਿੱਸਿਆਂ ਵਿੱਚ 19 ਤੋਂ 22 ਨਵੰਬਰ ਤੱਕ ਦੇਰ ਰਾਤ ਤੇ ਤੜਕੇ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਲਾਹੌਲ ਅਤੇ ਸਪਿਤੀ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਉੱਚੇ ਪਹਾੜੀ ਰਾਹਾਂ ’ਤੇ ਸੈਲਾਨੀਆਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਲਾਹੌਲ ਅਤੇ ਸਪਿਤੀ ਨੂੰ ਜੋੜਨ ਵਾਲੇ ਕੁੰਜੁਮ ਪਾਸ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਇੱਥੇ ਬਰਫ਼ ਜਮ੍ਹਾ ਹੋਣ ਕਾਰਨ ਸੜਕਾਂ ਤਿਲਕਣੀਆਂ ਹੋ ਗਈਆਂ ਹਨ। ਇਹ ਰਸਤਾ ਸਥਾਨਕ ਲੋਕਾਂ ਅਤੇ ਐਮਰਜੈਂਸੀ ਵਾਹਨਾਂ ਲਈ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਲਾਹੌਲ ਅਤੇ ਲੇਹ ਨੂੰ ਜੋੜਨ ਵਾਲੇ ਬਾਰਾਲਾਚਾ ਦੱਰੇ ਅਤੇ ਲਾਹੌਲ ਨੂੰ ਕਾਰਗਿਲ ਨਾਲ ਜੋੜਨ ਵਾਲੇ ਸ਼ਿੰਕੁਲਾ ਦੱਰੇ ਰਾਹੀਂ ਆਉਣ-ਜਾਣ ਨੂੰ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਆਵਾਜਾਈ ਸੀਮਤ ਕਰ ਦਿੱਤੀ ਗਈ ਹੈ। ਸੈਲਾਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਰਸਤਿਆਂ ਵੱਲ ਜਾਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਐਡਵਾਇਜ਼ਰੀ ਦੇਖ ਲੈਣ ਕਿਉਂਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ। ਪੀਟੀਆਈ