ਮਾਲਵੇ ’ਚ ਕੁਝ ਥਾਵਾਂ ’ਤੇ ਮੀਂਹ ਦੇ ਛਰਾਟੇ
ਸ਼ਗਨ ਕਟਾਰੀਆ
ਬਠਿੰਡਾ, 4 ਫਰਵਰੀ
ਹਲਕੇ ਪੱਛਮੀ ਸਿਸਟਮ ਦੀ ਬਦੌਲਤ ਅੱਜ ਮੰਗਲਵਾਰ ਨੂੰ ਸਮੁੱਚਾ ਪੰਜਾਬ ਬੱਦਲਾਂ ਦੇ ਸਾਏ ਹੇਠ ਰਿਹਾ। ਦੁਆਬੇ ਦੇ ਬਹੁਤੇ ਹਿੱਸਿਆਂ ’ਚ, ਮਾਝੇ ਦੇ ਇਸ ਤੋਂ ਘੱਟ ਅਤੇ ਕੇਂਦਰ ਮਾਲਵੇ ਦੇ ਟੁੱਟਵੇਂ ਖੇਤਰਾਂ ’ਚ ਕਿਣਮਿਣ ਹੋਈ। ਸੰਗਰੂਰ ਏਰੀਏ ’ਚ ਛੋਟੇ ਗੜ੍ਹਿਆਂ ਦੀ ਵੀ ਮਾਰ ਪਈ। ਖ਼ਬਰ ਲਿਖ਼ੇ ਜਾਣ ਤੱਕ ਬਠਿੰਡਾ ਖੇਤਰ ’ਚ ਸੰਘਣੀ ਬੱਲਦਵਾਈ ਬਣੀ ਹੋਈ ਸੀ, ਪਰ ਕਣੀਆਂ ਦਾ ਕਿਧਰੇ ਵੀ ਨਾਮੋ ਨਿਸ਼ਾਨ ਨਹੀਂ ਸੀ। ਤਾਜ਼ਾ ਬਦਲਿਆ ਮੌਸਮ ਕਣਕ ਦੀ ਫ਼ਸਲ ਲਈ ਵਰਦਾਨ ਮੰਨਿਆ ਜਾ ਰਿਹਾ ਹੈ। ਜਨਵਰੀ ਦੇ ਆਖ਼ਰੀ ਹਫ਼ਤੇ ਮੌਸਮ ਦੇ ਮਿਜ਼ਾਜ ’ਚ ਹੋਇਆ ਗਰਮੀ ਦਾ ਇਜ਼ਾਫ਼ਾ ਫ਼ਸਲਾਂ ਲਈ ਮਾਰੂ ਸੀ। ਖਾਸ ਕਰਕੇ ਕਣਕ ਦੇ ਕਾਸ਼ਤਕਾਰ ਫ਼ਿਕਰਮੰਦ ਸਨ ਕਿ ਜੇ ਇਸੇ ਤਰ੍ਹਾਂ ਗਰਮੀ ਦਾ ਦਸਤੂਰ ਜਾਰੀ ਰਿਹਾ ਤਾਂ ਬੱਲੀਆਂ ’ਚ ਪਲ ਰਹੇ ਦਾਣੇ ਪ੍ਰਫੁੱਲਿਤ ਹੋਣ ਦੀ ਬਜਾਇ ਪਿਚਕ ਕੇ ਰਹਿ ਜਾਣਗੇ, ਜਿਸ ਨਾਲ ਫ਼ਸਲ ਦਾ ਝਾੜ ਘਟਣ ਦੇ ਆਸਾਰ ਬਣ ਰਹੇ ਸਨ। ਪਿਛਲੇ ਚੰਦ ਦਿਨਾਂ ਦੌਰਾਨ ਇੱਕਦਮ ਮੌਸਮ ਵੱਲੋਂ ਕੱਟੇ ਮੋੜੇ ਸਦਕਾ ਸੰਘਣੀ ਧੁੰਦ ਪੈਣ ਲੱਗੀ ਤਾਂ ਕਿਸਾਨਾਂ ਨੂੰ ਕੁਝ ਹੌਸਲਾ ਮਿਲਿਆ। ਮੌਸਮ ਦੇ ਜਾਣਕਾਰਾਂ ਮੁਤਾਬਿਕ ਫਿਲਹਾਲ ਇਹ ਸਿਸਟਮ ਭਲਕੇ ਬੁੱਧਵਾਰ ਤੱਕ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ, ਪੰਜਾਬ ਤੋਂ ਅੱਗੇ ਕੂਚ ਕਰ ਜਾਵੇਗਾ ਅਤੇ ਅੱਗੇ ਇੱਕ ਹੋਰ ਸਿਸਟਮ 11 ਫਰਵਰੀ ਨੂੰ ਦਸਤਕ ਦੇ ਸਕਦਾ ਹੈ। 5 ਫਰਵਰੀ ਨੂੰ ਸਵੇਰੇ ਸਮੇਂ ਪੰਜਾਬ ਦੇ ਕਾਫੀ ਹਿੱਸਿਆਂ ’ਚ ਧੁੰਦ ਆਪਣੇ ਜੌਹਰ ਵਿਖਾ ਸਕਦੀ ਹੈ।