For the best experience, open
https://m.punjabitribuneonline.com
on your mobile browser.
Advertisement

ਮੀਂਹ ਨੇ ਜਾਮ ਕੀਤੀ ਕੌਮੀ ਰਾਜਧਾਨੀ

08:49 AM Aug 21, 2024 IST
ਮੀਂਹ ਨੇ ਜਾਮ ਕੀਤੀ ਕੌਮੀ ਰਾਜਧਾਨੀ
ਨਵੀਂ ਦਿੱਲੀ ’ਚ ਆਈਟੀਓ ਨਜ਼ਦੀਕ ਸੜਕ ’ਤੇ ਭਰੇ ਪਾਣੀ ’ਚੋੋਂ ਲੰਘਦੇ ਹੋਏ ਵਾਹਨ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਅਗਸਤ
ਅੱਜ ਸਵੇਰੇ ਪਏ ਮੋਹਲੇਧਾਰ ਮੀਂਹ ਮਗਰੋਂ ਦਿੱਲੀ ਦੇ ਅਹਿਮ ਅੰਡਰਪਾਸਾਂ ਵਿੱਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਦੇਸ਼ ਦੀ ਰਾਜਧਾਨੀ ਵਿੱਚ ਜਦੋਂ ਵੀ ਭਾਰੀ ਮੀਂਹ ਪਿਆ, ਉਸ ਮਗਰੋਂ ਹਮੇਸ਼ਾ ਉਹੀ ਕਹਾਣੀ ਰਹੀ ਹੈ ਅੰਡਰਪਾਸਾਂ ’ਚ ਪਾਣੀ ਭਰ ਜਾਂਦਾ ਹੈ। ਖਾਸ ਕਰਕੇ ਮਿੰਟੋ ਬ੍ਰਿੱਜ ਹੇਠਾਂ ਪਾਣੀ ਭਰਨ ਦੀਆਂ ਸੁਰਖੀਆਂ ਕਈ ਦਹਾਕਿਆਂ ਤੋਂ ਬਣਦੀਆਂ ਆਈਆਂ ਹਨ। ਅੱਜ ਵੀ ਇੱਥੇ ਇੱਕ ਆਟੋ ਛੱਤ ਤੱਕ ਡੁੱਬ ਗਿਆ ਤੇ ਇਕ ਡੀਟੀਸੀ ਬੱਸ ਵੀ ਪਾਣੀ ਵਿੱਚ ਫਸ ਗਈ। ਭਾਰੀ ਮੀਂਹ ਕਾਰਨ ਪਾਣੀ ਭਰਨ ਅਤੇ ਆਵਾਜਾਈ ਵਿੱਚ ਵਿਘਨ ਪੈ ਗਿਆ। ਦਿੱਲੀ ਸਰਕਾਰ ਤੇ ਐੱਮਸੀਡੀ ਦੇ ਪਾਣੀ ਨਾ ਭਰਨ ਦੇਣ ਦੇ ਸਾਰੇ ਦਾਅਵੇ ਤੇ ਵਾਅਦੇ ਮੀਂਹ ਨੇ ਧੋ ਸੁਟੇ ਤੇ ਪ੍ਰਸ਼ਾਸਨ ਬੇਵੱਸ ਨਜ਼ਰ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਆਵਾਜਾਈ ਰੁਕ ਗਈ। ਮਿੰਟੋ ਬ੍ਰਿੱਜ ਅੰਡਰਪਾਸ, ਫਿਰੋਜ਼ ਸ਼ਾਹ ਰੋਡ, ਪਟੇਲ ਚੌਕ ਮੈਟਰੋ ਸਟੇਸ਼ਨ ਖੇਤਰ ਅਤੇ ਮਹਾਰਾਜ ਰਣਜੀਤ ਸਿੰਘ ਮਾਰਗ ਸਮੇਤ ਕੁਝ ਥਾਵਾਂ ’ਤੇ ਭਾਰੀ ਪਾਣੀ ਭਰਨ ਦੀ ਸੂਚਨਾ ਮਿਲੀ। ਅੱਜ ਦੀ ਤੇਜ਼ ਮੀਂਹ ਕਾਰਨ ਇਨਕਮ ਟੈਕਸ ਦਫਤਰ ਦਾ ਇਲਾਕਾ ਪਾਣੀ ’ਚ ਡੁੱਬ ਗਿਆ ਹੈ। ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਆਵਾਜਾਈ ਵਿੱਚ ਵਿਘਨ ਪਿਆ। ਦਿੱਲੀ ਲੋਕ ਨਿਰਮਾਣ ਵਿਭਾਗ ਅਨੁਸਾਰ ਪਾਣੀ ਭਰਨ ਤੋਂ ਬਾਅਦ ਮਿੰਟੋ ਬ੍ਰਿਜ ਅੰਡਰਪਾਸ ਨੂੰ ਸਵੇਰੇ ਤਿੰਨ ਘੰਟੇ ਤੱਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਅੰਡਰਪਾਸਾਂ ਤੋਂ ਪਾਣੀ ਕੱਢਿਆ ਗਿਆ ਹੈ ਅਤੇ ਉਸ ਮਗਰੋਂ ਆਵਾਜਾਈ ਆਮ ਵਾਂਗ ਚੱਲੀ। ਆਈਟੀਓ ਵਿੱਚ ਟਰੈਫਿਕ ਜਾਮ ਵਿੱਚ ਵਾਹਨ ਫਸ ਗਏ ਜੋ ਕਿ ਸ਼ਹਿਰ ਵਿਚ ਆਮ ਦੇਖਣ ਨੂੰ ਮਿਲਦਾ ਹੈ।

ਸੜਕ ’ਤੇ ਭਰੇ ਪਾਣੀ ’ਚ ਫਸੀ ਮਹਿਲਾ ਨੂੰ ਕੱਢਦੇ ਹੋਏ ਉਸ ਦੇ ਸਾਥੀ। -ਫੋਟੋ: ਪੀਟੀਆਈ

ਦਿੱਲੀ ਪੁਲੀਸ ਨੂੰ ਪ੍ਰਭਾਵਿਤ ਸੜਕਾਂ ਲਈ ਟਰੈਫਿਕ ਐਡਵਾਈਜ਼ਰੀ ਜਾਰੀ ਕਰਨੀ ਪਈ। ਐਕਸ ’ਤੇ ਇਕ ਪੋਸਟ ਵਿੱਚ ਪੁਲੀਸ ਨੇ ਕਿਹਾ ਕਿ ਪਾਣੀ ਭਰਨ ਕਾਰਨ ਭੇਰਾ ਐਨਕਲੇਵ ਚੌਕ ਤੋਂ ਪੀਰਾਗੜ੍ਹੀ ਵੱਲ ਜਾਣ ਵਾਲੇ ਦੋਵੇਂ ਕੈਰੇਜਵੇਅ ਤੇ ਆਊਟਰ ਰਿੰਗ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਭਰੇ ਪਾਣੀ ਦੇ ਬਾਵਜੂਦ ਵਾਹਨ ਪਾਣੀ ਭਰੀਆਂ ਸੜਕਾਂ ਤੋਂ ਲੰਘੇ ਤੇ ਡਰਾਈਵਿੰਗ ਖ਼ਤਰਨਾਕ ਬਣ ਗਈ।

Advertisement

ਕੌਮੀ ਰਾਜਧਾਨੀ ਵਿੱਚ ਪਏ ਮੀਂਹ ਮਗਰੋਂ ਸੜਕ ’ਤੇ ਲੱਗਿਆ ਜਾਮ। -ਫੋਟੋ: ਪੀਟੀਆਈ

ਲੋਕਾਂ ਨੇ ਕਿਹਾ ਕਿ ਨਿਊ ਰੋਹਤਕ ਰੋਡ ’ਤੇ ਵੀ ਪਾਣੀ ਭਰਨ ਕਾਰਨ ਆਨੰਦ ਪਰਵਤ ਤੇ ਦੋਵੇਂ ਦਿਸ਼ਾਵਾਂ ’ਚ ਟਰੈਫਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਰੋਹਤਕ ਰੋਡ ’ਤੇ ਨੰਗਲੋਈ ਤੋਂ ਟਿੱਕਰੀ ਬਾਰਡਰ ਵੱਲ ਜਾਣ ਵਾਲੇ ਸੈਕਸ਼ਨ ’ਚ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਵਾਹਨ ਚਾਲਕਾਂ ਨੂੰ ਮੁੰਡਕਾ ਤੋਂ ਬਚਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਉੱਤਰੀ ਦਿੱਲੀ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ ਵੀ ਆਵਾਜਾਈ ਮੱਠੀ ਰਹੀ। ਯਾਤਰੀ ਪਾਣੀ ਭਰੇ ਬੱਸ ਸਟਾਪਾਂ ’ਤੇ ਇੰਤਜ਼ਾਰ ਕਰਦੇ ਰਹੇ ਤੇ ਲਗਾਤਾਰ ਮੀਂਹ ਕਾਰਨ ਉਨ੍ਹਾਂ ਨੂੰ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿੱਚ ਦੇਰੀ।
ਪੁਲੀਸ ਨੇ ਪੋਸਟ ਵਿੱਚ ਕਿਹਾ ਕਿ ਪੁਰਾਣੇ ਪੁਲੀਸ ਹੈੱਡ ਕੁਆਰਟਰ ਐਗਜ਼ਿਟ ਗੇਟ ਤੋਂ ਆਈਪੀ ਫਲਾਈਓਵਰ ਤੱਕ ਆਈਪੀ ਮਾਰਗ (ਇੰਦਰਪ੍ਰਸਥ ਮਾਰਗ) ਉੱਤੇ ਪਾਣੀ ਭਰਨ ਗਿਆ। ਆਈ.ਟੀ.ਓ. ਯਮੁਨਾ ਪੁਲ ’ਤੇ ਟਰੈਫਿਕ ਬਹੁਤ ਜ਼ਿਆਦਾ ਸੀ। ਲੋਕ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਰਹੇ। ਇਸੇ ਤਰ੍ਹਾਂ ਮੰਗੀ ਪੁਲ ਹੇਠਾਂ ਪਾਣੀ ਭਰ ਜਾਣ ਕਾਰਨ ਮਹਾਤਮਾ ਗਾਂਧੀ ਮਾਰਗ ਦੇ ਦੋਵੇਂ ਕੈਰੇਜਵੇਅ ’ਤੇ ਵੀ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ। ਵਿਹੜੇ ਮਸਾਂ ਜੂੰ ਦੀ ਤੋਰ ਤੁਰੇ। ਭਾਰੀ ਮੀਂਹ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸ ਵੇਅ ’ਤੇ ਰਾਜੀਵ ਚੌਕ ਨੇੜੇ ਆਵਾਜਾਈ ਠੱਪ ਹੋ ਗਈ। ਇਸ ਮੁੱਖ ਮਾਰਗ ’ਤੇ ਕਾਫੀ ਭੀੜ-ਭੜੱਕਾ ਸੀ ਲੋਕਾਂ ਦੀ ਯਾਤਰਾ ਵਿੱਚ ਦੇਰੀ ਹੋਈ ਹੈ। ਪੁਲੀਸ ਨੂੰ ਚੱਟਾ ਰੇਲ ਚੌਕ, ਨਿਗਮ ਬੋਧ ਘਾਟ, ਚੌ. ਫਤਿਹ ਸਿੰਘ ਮਾਰਗ ਤੇ ਆਜ਼ਾਦ ਮਾਰਕੀਟ ਵਿੱਚ ਰੇਲਵੇ ਅੰਡਰਬ੍ਰਿਜ ਵਿਖੇ ਟ੍ਰੈਫਿਕ ਕੰਟਰੋਲ ਕਰਨ ਲਈ ਜਦੋਜਹਿਦ ਕਰਨੀ ਪਈ।

ਟੁੱਟੀਆਂ ਸੜਕਾਂ ਕਾਰਨ ਰਾਹਗੀਰਾਂ ਦੀ ਪ੍ਰੇਸ਼ਾਨੀ ਵਧੀ ਼

ਆਊਟਰ ਰਿੰਗ ਰੋਡ ’ਤੇ ਮਧੂਬਨ ਚੌਕ ਤੋਂ ਬਡਾਲੀ ਤੱਕ ਸਰਵਿਸ ਰੋਡ ਤੋਂ ਮੁੱਖ ਸੜਕ ਟੁੱਟ ਹੋਈ ਹੈ। ਆਜ਼ਾਦਪੁਰ ਤੋਂ ਮਜਲਿਸ ਪਾਰਕ ਨੂੰ ਜਾਂਦੀ ਸੜਕ ’ਤੇ, ਬੇਗਮਪੁਰ ਤੋਂ ਜੈਨ ਨਗਰ ਤੱਕ ਮੁੱਖ ਕਾਂਝਵਾਲਾ ਰੋਡ ’ਤੇ ਕਈ ਡੂੰਘੇ ਟੋਏ ਪਏ। ਇਹ ਸੜਕ ਛੇ-ਸੱਤ ਮਹੀਨੇ ਪਹਿਲਾਂ ਹੀ ਬਣੀ ਸੀ। ਦੱਖਣੀ ਦਿੱਲੀ ਦੇ ਕਾਲਕਾ ਦੇਵੀ ਰੋਡ ’ਤੇ, ਹੌਜ਼ ਖਾਸ ਨੇੜੇ ਅਰਬਿੰਦੋ ਮਾਰਗ ’ਤੇ ਵੀ ਮੀਂਹ ਕਾਰਨ ਪਰਤ ਉੱਖੜ ਗਈ ਹੈ। ਓਖਲਾ ਵਿਹਾਰ ਤੋਂ ਅਬੂ ਫਜ਼ਲ ਐਨਕਲੇਵ, ਜਾਮੀਆ ਨਗਰ ਥਾਣੇ ਦੇ ਸਾਹਮਣੇ, ਫੂਡ ਦਫ਼ਤਰ ਦੇ ਸਾਹਮਣੇ, ਜਾਮੀਆ ਮਿਲੀਆ ਇਸਲਾਮੀਆ ਮੈਟਰੋ ਨੇੜੇ ਗਫਾਰ ਮੰਜ਼ਿਲ ਨੂੰ ਜਾਣ ਵਾਲੀ ਸੜਕ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਸੀ। ਯਮੁਨਾਪਰ ਵਜ਼ੀਰਾਬਾਦ, ਸ਼ਾਹਦਰਾ ਜੀਟੀ ਰੋਡ, ਪਟਪੜਗੰਜ ਰੋਡ, ਕੋਂਡਲੀ, ਗਾਜ਼ੀਪੁਰ, ਬ੍ਰਹਮਪੁਰੀ, ਕਰਾਵਲ ਨਗਰ, ਬ੍ਰਜਪੁਰੀ, ਗੋਕਲਪੁਰੀ, ਯਮੁਨਾ ਵਿਹਾਰ, ਤਾਹਿਰਪੁਰ, ਪੜਪੜਗੰਜ, ਝਿਲਮਿਲ ਇੰਡਸਟਰੀਅਲ ਏਰੀਆ, ਡੱਲੂਪੁਰਾ ਪਿੰਡ, ਸੋਨੀਆ ਵਿਹਾਰ ਵਿੱਚ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਹੈ। ਵਜ਼ੀਰਾਬਾਦ ਰੋਡ ’ਤੇ ਖਜੂਰੀ ਚੌਕ ਤੋਂ ਭੋਪੁਰਾ ਸਰਹੱਦ ਤੱਕ ਸੜਕ ’ਤੇ ਟੋਏ ਪਏ ਹੋਏ ਸਨ। ਮੱਧ ਦਿੱਲੀ ਦੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ, ਡੀਯੂ ਵਿੱਚ ਸੋਸ਼ਲ ਵਰਕ ਵਿਭਾਗ ਦੇ ਸਾਹਮਣੇ, ਕਰੋਲ ਬਾਗ ਤੋਂ ਪਹਾੜਗੰਜ, ਖਾਰੀ ਬਾਉਲੀ, ਸਦਰ ਬਾਜ਼ਾਰ ਤੱਕ ਦੀਆਂ ਸੜਕਾਂ ਦੀ ਹਾਲਤ ਵੀ ਠੀਕ ਨਹੀਂ।

Advertisement
Author Image

joginder kumar

View all posts

Advertisement
×