ਸਮਾਰਟ ਸਿਟੀ ’ਚ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਗਸਤ
ਸਨਅਤੀ ਸ਼ਹਿਰ ਦੇ ਕਈ ਖੇਤਰਾਂ ਵਿੱਚ ਅੱਜ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਤੇ ਕੁੱਝ ਇਲਾਕੇ ਅਜਿਹੇ ਰਹੇ ਜਿਥੇ ਹੁੰਮਸ ਕਾਰਨ ਸਾਰਾ ਦਿਨ ਲੋਕ ਗਰਮੀ ਤੋਂ ਬੇਹਾਲ ਹੁੰਦੇ ਰਹੇ।
ਵੀਰਵਾਰ ਸਵੇਰੇ ਤੋਂ ਹੀ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਕਾਲੇ ਬੱਦਲ ਛਾ ਗਏ ਸਨ। ਬੱਦਲ ਦੇਖ ਕੇ ਜਾਪਦਾ ਸੀ ਕਿ ਸ਼ਹਿਰ ਵਿੱਚ ਅੱਜ ਕਾਫ਼ੀ ਮੀਂਹ ਵਰ੍ਹੇਗਾ ਪਰ ਕੁੱਝ ਸਮੇਂ ਬਾਅਦ ਹੀ ਬੱਦਲ ਹਵਾ ਨਾਲ ਗਾਇਬ ਹੋ ਗਏ।
ਪਿਛਲੇ ਇੱਕ ਹਫ਼ਤੇ ਤੋਂ ਲੋਕ ਹੁੰਮਸ ਭਰੀ ਗਰਮੀ ਤੋਂ ਕਾਫ਼ੀ ਪ੍ਰੇਸ਼ਾਨ ਸਨ। ਹੁੰਮਸ ਕਾਰਨ ਗਰਮੀ ਦੌਰਾਨ ਆਏ ਪਸੀਨੇ ਨਾਲ ਲੋਕਾਂ ਦਾ ਬੁਰਾ ਹਾਲ ਸੀ। ਇਸੇ ਕਾਰਨ ਜਦੋਂ ਵੀਰਵਾਰ ਦੀ ਸਵੇਰੇ ਲੋਕਾਂ ਨੂੰ ਅਸਮਾਨ ’ਤੇ ਕਾਲੇ ਬੱਦਲ ਦਿਖਾਈ ਦਿੱਤੇ ਤਾਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਸ਼ਹਿਰ ਦੇ ਕਈ ਇਲਾਕਿਆਂ ’ਚ ਮੀਂਹ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਸ਼ਹਿਰ ਵਿੱਚ ਸਵੇਰੇ ਸਵੇਰੇ ਹੀ ਕਈ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਪਰ ਦੁਪਹਿਰ ਹੁੰਦੇ ਹੁੰਦੇ ਇਹ ਰਾਹਤ ਲੋਕਾਂ ਲਈ ਪ੍ਰੇਸ਼ਾਨੀ ਬਣ ਗਈ। ਮੀਂਹ ਤੋਂ ਬਾਅਦ ਹੁੰਮਸ ਕਾਰਨ ਕਾਫ਼ੀ ਗਰਮੀ ਵੱਧ ਗਈ। ਉਧਰ, ਮੌਸਮ ਵਿਭਾਗ ਵੱਲੋਂ ਇਸ ਦੇ ਨਾਲ ਹੀ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਅਗਲੇ ਤਿੰਨ ਦਿਨ ਤੱਕ ਮੀਂਹ ਪੈਣ ਦੇ ਆਸਾਰ ਹਨ।