ਪੰਜਾਬ ’ਚ ਮੀਂਹ ਝੋਨੇ ਲਈ ਵਰਦਾਨ, ਨਰਮੇ ਲਈ ਸਰਾਪ
ਸ਼ਗਨ ਕਟਾਰੀਆ
ਬਠਿੰਡਾ, 2 ਜੁਲਾਈ
ਸੂਬੇ ਵਿੱਚ ਜੂਨ ਮਹੀਨੇ ਪਏ ਮੀਂਹ ਨੇ ਜਿੱਥੇ ਝੋਨੇ ਦੀ ਲੁਆਈ ਨੂੰ ਹੁਲਾਰਾ ਦਿੱਤਾ ਹੈ, ਉਥੇ ਸਲ੍ਹਾਬੇ ਮੌਸਮ ’ਚ ਨਰਮੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਲਈ ਵੀ ਰਾਹ ਖੋਲ੍ਹ ਦਿੱਤੇ ਹਨ। ਇਸ ਵਾਰ ਮੀਂਹ, ਨਹਿਰੀ ਅਤੇ ਜ਼ਮੀਨਦੋਜ਼ ਪਾਣੀਆਂ ਦੀ ਇਸ ਕਦਰ ਭਰਮਾਰ ਹੈ ਕਿ ਝੋਨਾ ਬੀਜਣ ਵਾਲੇ ਜ਼ਿਆਦਾਤਰ ਕਿਸਾਨਾਂ ਨੂੰ ਪਾਣੀ ਦੀ ਤੋਟ ਬਾਰੇ ਕੋਈ ਸ਼ਿਕਾਇਤ ਨਹੀਂ। ਦੂਜੇ ਪਾਸੇ ਕੁਝ ਦਿਨਾਂ ਦੇ ਵਕਫ਼ੇ ਨਾਲ ਪੈ ਰਹੇ ਮੀਂਹ ਸਦਕਾ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਖ਼ਤਰੇ ਦਾ ਖਦਸ਼ਾ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ’ਚ ਸਾਉਣੀ ਦੇ ਚਾਲੂ ਸੀਜ਼ਨ ’ਚ ਝੋਨੇ ਦਾ ਕੁੱਲ ਰਕਬਾ 30.84 ਲੱਖ ਹੈਕਟੇਅਰ ਦੇ ਕਰੀਬ ਰਹਿਣ ਦੀ ਉਮੀਦ ਹੈ। ਇਸ ਵਿੱਚੋਂ ਹਾਲੇ ਤੱਕ ਕੇਵਲ 35 ਤੋਂ 40 ਫੀਸਦੀ ਰਕਬੇ ’ਤੇ ਝੋਨੇ ਦੀ ਬਿਜਾਈ ਹੋਈ ਹੈ ਅਤੇ ਅਗਲੇ ਦਸ ਕੁ ਦਿਨਾਂ ’ਚ ਟੀਚਾ ਮੁਕੰਮਲ ਹੋ ਜਾਵੇਗਾ। ਪਤਾ ਲੱਗਾ ਹੈ ਕਿ ਪਿਛਲੇ ਸਾਲ ਇਹ ਬੀਜਾਂਦ 31.41 ਲੱਖ ਹੈਕਟੇਅਰ ਸੀ। ਇਸ ਸੀਜ਼ਨ ’ਚ ਬਾਸਮਤੀ ਝੋਨੇ ਹੇਠਲਾ ਰਕਬਾ ਕਰੀਬ 4.60 ਲੱਖ ਹੈਕਟੇਅਰ ਹੋਣ ਦਾ ਅੰਦਾਜ਼ਾ ਹੈ। ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ ਵਿਧੀ) ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਨਾਂਮਾਤਰ ਹੁੰਗਾਰਾ ਮਿਲਿਆ ਹੈ। ਇਸ ਵਿਧੀ ਤਹਿਤ ਸਿਰਫ 82 ਹਜ਼ਾਰ ਹੈਕਟੇਅਰ ਰਕਬੇ ’ਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਣ ਦੀ ਸੰਭਾਵਨਾ ਹੈ। ਅਧਿਕਾਰੀ ਅਨੁਸਾਰ ਸਾਉਣੀ ਦੇ ਇਸ ਸੀਜ਼ਨ ਦੌਰਾਨ ਪੰਜਾਬ ਅੰਦਰ ਨਰਮੇ ਹੇਠਲੇ ਰਕਬੇ ਨੂੰ ਵੱਡੀ ਪੱਧਰ ’ਤੇ ਖੋਰਾ ਲੱਗਾ ਹੈ। ਪੰਜਾਬ ਸਰਕਾਰ ਨੇ ਇਸ ਵਾਰ 3 ਲੱਖ ਹੈਕਟੇਅਰ ਰਕਬੇ ’ਚ ਨਰਮੇ ਦੀ ਬਿਜਾਈ ਦਾ ਟੀਚਾ ਤੈਅ ਕੀਤਾ ਸੀ ਪਰ ਬਿਜਾਈ ਸਿਰਫ 1.75 ਲੱਖ ਹੈਕਟੇਅਰ ਵਿੱਚ ਹੀ ਹੋਈ। ਨਰਮੇ ਹੇਠਲਾ ਰਕਬਾ ਘਟਣ ਦਾ ਵੱਡਾ ਕਾਰਨ ਬਿਜਾਈ ਮੌਕੇ ਮੀਂਹ ਪੈਣਾ ਦੱਸਿਆ ਜਾ ਰਿਹਾ ਹੈ ਜਿਸ ਨਾਲ ਨਰਮਾ ਵਾਰ-ਵਾਰ ਕਰੰਡ ਹੁੰਦਾ ਰਿਹਾ ਅਤੇ ਕਿਸਾਨਾਂ ਨੂੰ ਨਰਮੇ ਦੀ ਮੁੜ ਬਿਜਾਈ ਕਰਨੀ ਪਈ। ਹਾਲਾਂਕਿ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਫ਼ਸਲ ਨਾਲ ਪਾਣੀ ਦੀ ਹੁੰਦੀ ਦੁਰਵਰਤੋਂ ਨੂੰ ਠੱਲ੍ਹਣ ਲਈ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਲਈ ਪ੍ਰੇਰਿਆ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਨਰਮੇ ਦੀ ਬਿਜਾਈ ਪ੍ਰਤੀ ਬਹੁਤੀ ਰੁਚੀ ਨਹੀਂ ਵਿਖਾਈ। ਉਂਜ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਰਮੇ ਦੇ ਬੀਜ ’ਤੇ 33 ਫੀਸਦੀ ਸਬਸਿਡੀ ਵੀ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਨਰਮੇ ਦੀ ਕਾਸ਼ਤ ਤੋਂ ਮੂੰਹ ਮੋੜਨ ਪਿੱਛੇ ਇੱਕ ਕਾਰਨ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਮਾਰ ਦਾ ਡਰ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਨਰਮੇ ਦੀ ਕਾਸ਼ਤ ਤੋਂ ਬੇਮੁਖ਼ ਹੋਏ ਕਿਸਾਨ ਬਾਸਮਤੀ ਅਤੇ ਝੋਨਾ ਲਾਉਣਗੇ।
ਖੇਤੀਬਾੜੀ ਵਿਭਾਗ ਪੰਜਾਬ ਦੇ ਅਧਿਕਾਰੀ ਗੁਲਾਬੀ ਸੁੰਡੀ ਦੇ ਅਸਰ ਨੂੰ ਹਾਲੇ 2-3 ਫੀਸਦੀ ਅਤੇ ਚਿੱਟੀ ਮੱਖੀ ਦੀ ਹਾਲੇ ਸ਼ੁਰੂਆਤ ਹੀ ਮੰਨਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਦੋਵਾਂ ਦੀ ਰੋਕਥਾਮ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸੰਜੀਦਾ ਕਦਮ ਚੁੱਕੇ ਜਾ ਰਹੇ ਹਨ।