ਦਿੱਲੀ ਦੇ ਕਈ ਹਿੱਸਿਆਂ ’ਚ ਮੀਂਹ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਮੰਗਲਵਾਰ ਨੂੰ ਦਿੱਲੀ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ। ਆਈਐੱਮਡੀ ਨੇ ਸ਼ਾਮ ਦੇ ਅਗਲੇ ਤਿੰਨ ਘੰਟਿਆਂ ਤੱਕ ਸ਼ਹਿਰ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਐੱਨਸੀਆਰ ਦੇ ਗਰਮੀ ਨਾਲ ਤਪ ਰਹੇ ਇਲਾਕਿਆਂ ਵਿੱਚ ਹੁਣ ਥੋੜੀ ਬਹੁਤ ਰਾਹਤ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਦਿੱਲੀ ਅਤੇ ਐੱਨਸੀਆਰ ਸੋਨੀਪਤ, ਰੋਹਤਕ, ਖਰਖੋਦਾ, ਝੱਜਰ (ਹਰਿਆਣਾ) ਬਾਗਪਤ, ਮੇਰਠ, ਖੇਕੜਾ, ਮੋਦੀਨਗਰ, ਗੜ੍ਹਮੁਕਤੇਸ਼ਵਰ ਦੇ ਨਾਲ ਲੱਗਦੇ ਖੇਤਰਾਂ ਵਿੱਚ 40-70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲੀਆਂ। ਮੌਸਮ ਦੀ ਤਬਦੀਲੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕਿਸਾਨਾਂ ਨੂੰ ਇਸ ਮੌਸਮ ਨੂੰ ਲੈ ਕੇ ਡਰ ਬਣਿਆ ਹੋਇਆ ਹੈ।
ਟੋਹਾਣਾ (ਗੁਰਦੀਪ ਸਿੰਘ): ਅੱਜ ਸਵੇਰੇ ਟੋਹਾਣਾ, ਰਤੀਆ, ਫਤਿਹਾਬਾਦ, ਜਾਖਲ ਵਿੱਚ ਪਏ ਤੇਜ਼ ਮੀਂਹ ਨਾਲ ਮੰਡੀਆਂ ਵਿੱਚ ਪਈ ਹਜ਼ਾਰਾਂ ਟਨ ਕਣਕ ਭਿੱਜ ਗਈ। ਬੋਰੀਆਂ ਦੀ ਸਮੇਂ ਸਿਰ ਲਿਫ਼ਟਿੰਗ ਨਾ ਹੋਣ ਕਾਰਨ ਖੁੱਲ੍ਹੇ ਵਿੱਚ ਪਈ ਕਣਕ ਭਿਜ ਜਾਣ ’ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਅੱਜ ਸਵੇਰੇ 9 ਵਜੇ ਅਚਾਨਕ ਤੇਜ਼ ਹਵਾਵਾਂ ਦੇ ਨਾਲ ਮੋਹਲੇਦਾਰ ਮੀਂਹ ਪੈਣ ਲੱਗਾ ਅਤੇ ਥੋੜੀ ਦੇਰ ਬਾਅਦ ਹੀ ਅਸਮਾਨ ਸਾਫ਼ ਹੋ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕੇ ਖਰੀਦ ਏਜੰਸੀਆਂ ਤੇ ਸਰਕਾਰੀ ਅਧਿਕਾਰੀ ਸਮੇਂ ਸਿਰ ਕਣਕ ਦੀ ਲਿਫਟਿੰਗ ਨਹੀਂ ਕਰ ਰਹੇ।