ਮਾਲਵਾ ਖੇਤਰ ਵਿੱਚ ਅੱਜ ਤੋਂ ਮੀਂਹ ਦੀ ਪੇਸ਼ੀਨਗੋਈ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੂਨ
ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਪਗ 42 ਡਿਗਰੀ ਸੈਲਸੀਅਸ ‘ਤੇ ਪਹੁੰਚਣ ਤੋਂ ਬਾਅਦ ਹੁਣ ਅਗਲੇ ਪੰਜ ਦਿਨ ਮੌਸਮ ਠੰਢਾ ਹੋਣ ਦੀ ਉਮੀਦ ਪੈਦਾ ਹੋ ਗਈ ਹੈ। ਮੌਸਮ ਮਹਿਕਮੇ ਨੇ ਪੇਸ਼ੀਨਗੋਈ ਕੀਤੀ ਹੈ ਕਿ 24 ਜੂਨ ਦੀ ਰਾਤ ਤੋਂ 29 ਜੂਨ ਤੱਕ ਮਾਲਵਾ ਖੇਤਰ ਵਿੱਚ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਤਾਪਮਾਨ ਇੱਕ ਵਾਰ ਮੁੜ 34-35 ਡਿਗਰੀ ਸੈਲਸੀਅਸ ‘ਤੇ ਆ ਜਾਣ ਦੀ ਉਮੀਦ ਹੈ।
ਮੌਸਮ ਮਹਿਕਮੇ ਅਨੁਸਾਰ ਅਸਮਾਨ ਉਤੇ ਬੱਦਲ ਛਾਏ ਰਹਿਣਗੇ ਅਤੇ ਇਸ ਤੋਂ ਬਾਅਦ ਹਲਕੀਆਂ-ਫੁਲਕੀਆਂ ਕਣੀਆਂ ਸਮੇਤ ਚੰਗਾ ਮੀਂਹ ਪੈਣ ਦੀ ਆਸ ਹੈ ਅਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਠੰਢਾ ਬਣੇ ਰਹਿਣ ਦੀ ਉਮੀਦ ਬਣ ਗਈ ਹੈ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਮਾਲਵਾ ਖੇਤਰ ਦੇ ਜ਼ਿਲ੍ਹੇ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਮੋਗਾ, ਸੰਗਰੂਰ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਜ਼ਿਲ੍ਹਿਆਂ ਵਿੱਚ 24 ਜੂਨ ਦੀ ਰਾਤ ਨੂੰ ਮੌਸਮ ਵਿਗੜ ਜਾਵੇਗਾ, ਜਿਸ ਦੌਰਾਨ ਅਗਲੇ 5 ਦਿਨ ਭਰਵਾਂ ਮੀਂਹ, ਗਰਜ਼-ਚਮਕ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਮਹਿਕਮੇ ਅਨੁਸਾਰ ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਜਾਣਕਾਰੀ ਮਿਲੀ ਹੈ। ਰਿਪੋਰਟ ਅਨੁਸਾਰ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਐਸਏਐਸ ਨਗਰ ਵਿੱਚ ਵੀ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੀਂਹਾਂ ਦੇ ਦਿਨਾਂ ਦੌਰਾਨ ਤਾਪਮਾਨ ਵਿੱਚ ਗਿਰਾਵਟ ਆ ਜਾਵੇਗੀ ਅਤੇ ਪਾਰਾ 34 ਤੋਂ 35 ਡਿਗਰੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਮੌਸਮ ਦਾ ਲਾਹਾ ਲੈ ਕੇ ਝੋਨੇ ਦੀ ਲਵਾਈ ਤੇਜ਼ ਕਰ ਦੇਣੀ ਚਾਹੀਦੀ ਹੈ।
ਬਠਿੰਡਾ ਵਿੱਚ 42 ਡਿਗਰੀ ਤਾਪਮਾਨ ਦਰਜ
ਬਠਿੰਡਾ (ਪੱਤਰ ਪ੍ਰੇਰਕ): ਪਿਛਲੇ ਕੁੱਝ ਦਿਨਾਂ ਤੋਂ ਮਾਲਵਾ ਪੱਟੀ ‘ਚ ਭਾਰੀ ਗਰਮੀ ਪੈ ਰਹੀ ਹੈ। ਰਾਜਸਥਾਨ ਨਾਲ ਲਗਦੇ ਬਠਿੰਡਾ, ਮਾਨਸਾ, ਫਾਜ਼ਿਲਕਾ, ਖੇਤਰ ਗਰਮੀ ਦਾ ਕਹਿਰ ਜਾਰੀ ਹੈ। ਬਠਿੰਡਾ ਵਿੱਚ ਸ਼ੁੱਕਰਵਾਰ ਨੂੰ 42 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਗਰਮ ਤੇ ਲੂ ਤੋਂ ਬਚਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਗਰਮੀ ਦੇ ਵਧਦੇ ਕਹਿਰ ਕਾਰਨ ਦੁਪਿਹਰ ਸਮੇਂ ਸੜਕਾਂ ਪੂਰੀ ਤਰ੍ਹਾਂ ਸੁੰਨੀਆਂ ਹੋ ਜਾਂਦੀਆਂ ਹਨ ਤੇ ਜ਼ਿਆਦਾਤਰ ਲੋਕ ਅਪਣੇ ਘਰਾਂ ਵਿਚ ਹੀ ਟਿਕੇ ਰਹਿਣ ਨੂੰ ਤਰਜੀਹ ਦੇ ਰਹੇ ਹਨ। ਇਸੇ ਤਰ੍ਹਾਂ ਨੌਜਵਾਨ ਤੇ ਬੱਚੇ ਨਹਿਰਾਂ ਤੇ ਕੱਸੀਆਂ ਵਿੱਚ ਦੁਪਿਹਰ ਸਮੇਂ ਤਾਰੀਆਂ ਲਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਦਫ਼ਤਰਾਂ ਦਾ ਸਮਾਂ ਸਵੇਰੇ ਸਾਢੇ ਸੱਤ ਵਜੇਂ ਤੋਂ 2 ਵਜੇ ਤੱਕ ਹੋਣ ਕਾਰਨ ਕੰਮਕਾਜੀ ਲੋਕਾਂ ਦੇ ਨਾਲ ਨਾਲ ਦਫ਼ਤਰੀ ਬਾਬੂਆਂ ਨੂੰ ਦੁਪਿਹਰ ਛੁੱਟੀ ਸਮੇਂ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।