ਪੰਜਾਬ ਸਣੇ ਉੱਤਰੀ ਭਾਰਤ ਵਿੱਚ ਅੱਜ ਮੀਂਹ ਦੇ ਆਸਾਰ
ਆਤਿਸ਼ ਗੁਪਤਾ
ਚੰਡੀਗੜ੍ਹ, 3 ਫਰਵਰੀ
ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣ ਅਤੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 4 ਫਰਵਰੀ ਨੂੰ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਖੇਤਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏ ਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਲਕੇ ਤੜਕੇ ਤੋਂ ਹੀ ਮੌਸਮ ਵਿੱਚ ਤਬਦੀਲੀ ਦੇਖੀ ਜਾ ਸਕੇਗੀ ਜਿਸ ਕਰਕੇ ਸੂਬੇ ਵਿੱਚ ਦਰਮਿਆਨਾ ਮੀਂਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ-ਨਾਲ ਹਵਾਵਾਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਉਨ੍ਹਾਂ ਕਿਹਾ ਕਿ ਪੱਛਮੀ ਵਿਗਾੜ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਹਰਿਆਣਾ ਵਿੱਚ ਵੀ ਭਲਕੇ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਲਈ ਮੌਸਮ ਵਿਭਾਗ ਵੱਲੋਂ 4 ਫਰਵਰੀ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਉਧਰ ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਦੋ ਦਿਨ ਪਹਿਲਾਂ ਤੇਜ਼ ਹਵਾਵਾਂ ਦੇ ਨਾਲ ਗੜੇ ਪੈਣ ਕਰਕੇ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਵਿੱਚ ਅੱਜ ਵੀ ਦੁਪਹਿਰ ਸਮੇਂ ਕੁਝ ਇਲਾਕਿਆਂ ਵਿੱਚ ਕਿਣਮਿਣ ਹੋਈ ਜਿਸ ਕਰਕੇ ਦਿਨ ਸਮੇਂ ਦੇ ਤਾਪਮਾਨ ਵਿੱਚ ਪੰਜ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ, ਅੱਜ ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਮੁਹਾਲੀ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ ਤੇ ਹੋਰਨਾਂ ਇਲਾਕਿਆਂ ਵਿੱਚ ਕਿਣਮਿਣ ਹੋਈ। ਇਸ ਦੇ ਨਾਲ ਹੀ ਚੱਲੀਆਂ ਤੇਜ਼ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ।
ਹਿਮਾਚਲ ਪ੍ਰਦੇਸ਼ ’ਚ ਬਰਫਬਾਰੀ ਦਾ ਅਲਰਟ
ਸ਼ਿਮਲਾ: ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ’ਚ ਅਗਲੇ ਦੋ ਦਿਨਾਂ ਲਈ ਬਰਫਬਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਕਿ ਇਸ ਦੌਰਾਨ ਬਹੁਤੀਆਂ ਥਾਵਾਂ ’ਤੇ ਦਰਮਿਆਨੀ ਬਰਫਬਾਰੀ ਜਦਕਿ ਦੂਰ-ਦਰਾਜ ਦੇ ਇਲਾਕਿਆਂ ਤੇ ਉੱਚੇ ਪਹਾੜੀ ਇਲਾਕਿਆਂ ’ਚ ਭਾਰੀ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਨਾਲ ਹੀ ਸੂਬੇ ’ਚ 6 ਫਰਵਰੀ ਤੱਕ ਹੇਠਲੇ ਇਲਾਕਿਆਂ ’ਚ ਹਨੇਰੀ ਚੱਲਣ ਤੇ ਗੜੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਹੈ। ਇਸੇ ਦੌਰਾਨ ਮਿਲੀ ਵੱਖਰੀ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਹੋਈ ਬਰਫਬਾਰੀ ਕਾਰਨ ਹਿਮਾਚਲ ਪ੍ਰਦੇਸ਼ ’ਚ ਚਾਰ ਕੌਮੀ ਮਾਰਗਾਂ ਸਮੇਤ ਕੁੱਲ 485 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਸ਼ਿਮਲਾ ’ਚ ਅੱਜ ਤਾਜ਼ਾ ਬਰਫਬਾਰੀ ਹੋਈ ਹੈ। ਦੂਜੇ ਪਾਸੇ ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਹਿੱਸਿਆਂ ’ਚ ਅੱਜ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਘਾਟੀ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। -ਪੀਟੀਆਈ