ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਟੀ ਬਿਊਟੀਫੁੱਲ ਲਈ ਰਾਹਤ ਨਾਲ ‘ਆਫ਼ਤ’ ਲਿਆਇਆ ਮੀਂਹ

08:57 AM Jul 07, 2024 IST
ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਮੀਂਹ ਤੋਂ ਬਚਣ ਲਈ ਛੱਤਰੀ ਲੈ ਕੇ ਘੁੰਮਦੇ ਹੋਏ ਸੈਲਾਨੀ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
ਸਿਟੀ ਬਿਊਟੀਫੁੱਲ ਵਿੱਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਲੰਘੀ ਰਾਤ ਵੀ ਜਾਰੀ ਰਿਹਾ। ਜਿੱਥੇ ਇਸ ਮੀਂਹ ਨੇ ਸਾਰਾ ਸ਼ਹਿਰ ਜਲ-ਥਲ ਕਰ ਦਿੱਤਾ, ਉੱਥੇ ਹੀ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਵੀ ਦਿਵਾਈ ਹੈ। ਅੱਜ ਸ਼ਹਿਰ ਦਾ ਤਾਪਮਾਨ ਆਮ ਨਾਲੋਂ 1.4 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਸ਼ਹਿਰ ਵਿੱਚ 18.8 ਐੱਮਐੱਮ ਮੀਂਹ ਪਿਆ ਹੈ, ਜਦੋਂਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ੁਰੂ ਹੋਇਆ ਮੀਂਹ ਸਾਰੀ ਰਾਤ ਰੁਕ-ਰਕ ਕੇ ਪੈਂਦਾ ਰਿਹਾ ਹੈ। ਮੀਂਹ ਕਰਕੇ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਜਿਸ ਕਰਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸੁਖਨਾ ਝੀਲ ਦੇ ਪਿਛਲੇ ਪਾਸੇ ਕਿਸ਼ਨਗੜ੍ਹ ਵਾਲੀ ਸੜਕ ’ਤੇ ਅੱਜ ਵੱਡਾ ਖੱਡਾ ਪੈ ਗਿਆ ਹੈ। ਟਰੈਫਿਕ ਪੁਲੀਸ ਨੇ ਇਸ ਦੇ ਅੱਗੇ ਚਿਤਾਵਨੀ ਬੋਰਡ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਹਾਊਸਿੰਗ ਬੋਰਡ ਚੌਕ, ਸੈਕਟਰ-26 ਵਿੱਚ ਸੇਂਟ ਕਬੀਰ ਲਾਈਟ ਪੁਆਇੰਟ ’ਤੇ ਪਾਣੀ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਕਾਰਨ ਸ਼ਹਿਰ ਦੇ ਕਈ ਮੁੱਖ ਚੌਕਾਂ ਅਤੇ ਮੁੱਖ ਸੜਕਾਂ ’ਤੇ ਪਾਣੀ ਭਰ ਗਿਆ। ਕਈ-ਕਈ ਫੁੱਟ ਪਾਣੀ ਖੜ੍ਹਨ ਕਾਰਨ ਵਾਹਨ ਅੱਧ-ਵਿਚਾਲੇ ਬੰਦ ਹੋ ਰਹੇ ਸਨ ਅਤੇ ਲੋਕ ਇਨ੍ਹਾਂ ਨੂੰ ਰੋੜ ਕੇ ਲਿਜਾਂਦੇ ਦੇਖੇ ਗਏ। ਮੀਂਹ ਦਾ ਪਾਣੀ ਸ਼ਹਿਰ ਦੀਆਂ ਕਲੋਨੀਆਂ ਤੇ ਪਿੰਡਾਂ ਵਿੱਚ ਵੀ ਖੜ੍ਹ ਗਿਆ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਸਵੇਰ ਸਮੇਂ ਤੱਕ ਹੀ ਮੀਂਹ ਪਿਆ ਹੈ, ਜੋ ਕਿ 10-11 ਵਜੇ ਦੇ ਕਰੀਬ ਹੱਟ ਗਿਆ ਸੀ। ਉਸ ਤੋਂ ਬਾਅਦ ਦਿਨ ਵਿੱਚ ਮੱਧਮ ਧੁੱਪ ਤੇ ਬੱਦਲਵਾਈ ਰਹੀ। ਇਸ ਦੌਰਾਨ ਵੱਡੀ ਗਿਣਤੀ ਸ਼ਹਿਰ ਵਾਸੀ ਸੁਖਨਾ ਝੀਲ, ਰੌਕ ਗਾਰਡਨ ਤੇ ਹੋਰ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਖੁਸ਼ਗਵਾਰ ਮੌਸਮ ਦਾ ਆਨੰਦ ਮਾਣ ਰਹੇ ਸਨ।
ਮੁਹਾਲੀ ਤੇ ਪੰਚਕੂਲਾ ਵਿੱਚ ਵੀ ਭਾਰੀ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਵਿੱਚ 8 ਐੱਮਐੱਮ ਮੀਂਹ ਪਿਆ ਹੈ। ਮੀਂਹ ਪੈਣ ਤੋਂ ਬਾਅਦ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪੰਚਕੂਲਾ ਵਿੱਚ 4.2 ਐੱਮਐੱਮ ਮੀਂਹ ਪਿਆ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਹੈ।

Advertisement

ਐਡਵਾਈਜ਼ਰੀ ਜਾਰੀ

ਪੰਚਕੂਲਾ (ਪੱਤਰ ਪ੍ਰੇਰਕ): ਨਗਰ ਨਿਗਮ ਪੰਚਕੂਲਾ ਨੇ ਬਰਸਾਤਾਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕੀਤੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਦੇ ਖੰਭਿਆਂ, ਹੋਰ ਜੋਖਮ ਵਾਲੀਆਂ ਥਾਵਾਂ ਤੇ ਨੀਵੇਂ ਥਾਂ ਵਿੱਚ ਭਰੇ ਪਾਣੀ ਅਤੇ ਅੰਡਰਪਾਸਾਂ ਤੋਂ ਬਚੋ, ਤਿਲਕਣ ਵਾਲੀਆਂ ਸੜਕਾਂ, ਡਿੱਗਣ ਵਾਲੇ ਦਰੱਖਤਾਂ ਅਤੇ ਹੋਰ ਹਾਦਸਿਆਂ ਤੋਂ ਬਚਣ ਲਈ ਜ਼ੋਰਦਾਰ ਮੀਂਹ ਦੌਰਾਨ ਘਰਾਂ ਦੇ ਅੰਦਰ ਹੀ ਰਹੋ। ਤੇਜ਼ ਹਵਾਵਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਖਿੜਕੀਆਂ, ਦਰਵਾਜ਼ੇ ਅਤੇ ਢਿੱਲੀ ਵਸਤੂਆਂ ਸਮੇਤ ਨਿੱਜੀ ਜਾਇਦਾਦ ਨੂੰ ਸੁਰੱਖਿਅਤ ਰੱਖੋ। ਮੀਂਹ ਦੇ ਪਾਣੀ ਤੋਂ ਬਚੋ ਕਿਉਂਕਿ ਇਹ ਦੂਸ਼ਿਤ ਹੋ ਸਕਦਾ ਹੈ ਅਤੇ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ। ਇੱਕ ਐਮਰਜੈਂਸੀ ਕਿੱਟ ਤਿਆਰ ਰੱਖੋ। ਫਲੈਸ਼ਲਾਈਟ, ਬੈਟਰੀਆਂ, ਫਸਟ ਏਡ, ਅਤੇ ਪੰਪਿੰਗ ਵਿਵਸਥਾ ਸਮੇਤ ਲੋੜੀਂਦੀ ਸਪਲਾਈ ਵਾਲੀ ਇੱਕ ਕਿੱਟ ਤਿਆਰ ਰੱਖੋ।

ਪੰਚਕੂਲਾ: ਸੈਕਟਰ-20 ਦੀ ਡਿਸਪੈਂਸਰੀ ’ਚ ਮੀਂਹ ਦਾ ਪਾਣੀ ਭਰਿਆ

ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਸਵੇਰੇ ਪਏ ਜ਼ੋਰਦਾਰ ਮੀਂਹ ਕਾਰਨ ਜਨਜੀਵਨ ਠੱਪ ਹੋ ਗਿਆ। ਚੌਕਾਂ-ਚੌਰਾਹਿਆਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਸੈਕਟਰ-20 ਦੀ ਡਿਸਪੈਂਸਰੀ ਵਿੱਚ ਪਾਣੀ ਦਾਖ਼ਲ ਹੋ ਗਿਆ। ਕੁਸ਼ੱਲਿਆ ਡੈਮ, ਘੱਗਰ ਨਦੀ ਅਤੇ ਸਿਸਵਾਂ ਨਦੀ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਰਹੀਆਂ। ਸੈਕਟਰ-20 ਦੇ ਰੈਜ਼ੀਡੈਂਸ ਵੈੱਲਫੇਅਰ ਦੇ ਪ੍ਰਧਾਨ ਯੋਗਿੰਦਰ ਕਵਾਤਰਾ ਅਤੇ ਜਨਰਲ ਸਕੱਤਰ ਅਭਿਨਾਸ਼ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅਤੇ ਨਾ ਹੀ ਇਲਾਕੇ ਦਾ ਨੇਤਾ ਸੈਕਟਰ-20 ਵਿੱਚ ਚੌਹਾਂ ਪਾਸੇ ਖੜ੍ਹੇ ਪਾਣੀ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਡਿਸਪੈਂਸਰੀ ਵਿੱਚ ਪਾਣੀ ਖੜ੍ਹਨ ਦੇ ਮਾਮਲੇ ਨੂੰ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਨਾ ਹੀ ਵਾਰਡ ਨੰਬਰ-14 ਦੇ ਕੌਂਸਲਰ ਅਤੇ ਨਾ ਹੀ ਮੇਅਰ ਕਿਸੇ ਨੇ ਸੈਕਟਰ-20 ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

Advertisement

Advertisement