ਮੀਂਹ ਤੇ ਹਨੇਰੀ ਨੇ ਝੋਨੇ ਦੀ ਫ਼ਸਲ ਵਿਛਾਈ
ਸੁਖਦੇਵ ਸਿੰਘ
ਅਜਨਾਲਾ, 23 ਸਤੰਬਰ
ਇਲਾਕੇ ਵਿੱਚ ਬੀਤੇ ਦਿਨ ਅਤੇ ਰਾਤ ਨੂੰ ਪਏ ਮੀਂਹ ਤੇ ਹਨੇਰੀ ਕਾਰਨ ਜ਼ਮੀਨਾਂ ਵਿੱਚ ਪਾਣੀ ਭਰ ਗਿਆ ਹੈ, ਅਗੇਤੇ ਝੋਨੇ ਦੀ ਪੱਕੀ ਫ਼ਸਲ ਜ਼ਮੀਨ ’ਤੇ ਡਿੱਗਣ ਕਾਰਨ ਕਿਸਾਨਾਂ ਨੂੰ ਦਾਣਿਆਂ ਦੇ ਰੰਗ ਵਿੱਚ ਬਦਲਾਅ ਆਉਣ ਅਤੇ ਝਾੜ੍ਹ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਦੇ ਚਲਦਿਆਂ ਜ਼ਮੀਨਾਂ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਪੱਕ ਕੇ ਤਿਆਰ ਹੋਏ ਝੋਨੇ ਦੀ ਵਾਢੀ ਹੋਰ ਕਈ ਦਿਨ ਪਛੜਨ ਦੇ ਆਸਾਰ ਬਣ ਗਏ ਹਨ। ਅਗੇਤੇ ਝੋਨੇ ਦੀ ਕਿਸਮ ਬਾਸਮਤੀ 1509, 1692, 1847 ਆਦਿ ਦੀ ਫ਼ਸਲ ਪਿਛਲੇ ਸਾਲ 16 ਸਤੰਬਰ ਤੋਂ ਮੰਡੀਆਂ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਪਰ ਇਸ ਵਾਰ ਮੀਂਹ ਕਿਸਾਨਾਂ ਲਈ ਮੁਸੀਬਣ ਬਣ ਕੇ ਵਰ੍ਹਿਆ ਹੈ।
ਜ਼ਿਕਰਯੋਗ ਹੈ ਕਿ ਬਰਸਾਤ ਨਾਲ ਜ਼ਮੀਨ ’ਤੇ ਡਿੱਗੇ ਝੋਨੇ ਦੀ ਫ਼ਸਲ ਦੇ ਦਾਣੇ ਪਾਣੀ ਵਿੱਚ ਹੋਣ ਕਾਰਨ ਇੱਕ ਤਾਂ ਰੰਗ ਬਦਲ ਸਕਦਾ ਹੈ, ਕਟਾਈ ਕਰਨ ਲਈ ਕੰਬਾਈਨ ਵੀ ਨਹੀਂ ਚੱਲ ਸਕਦੀ। ਪਰਮਲ ਸਣੇ ਪੂਸਾ ਬਾਸਮਤੀ ਦੀਆਂ ਕਿਸਮਾਂ 1121, 1718, 1885 ਆਦਿ ਅਜੇ ਪੱਕਣ ਦੇ ਨੇੜੇ ਸਨ ਪਰ ਵਿਛ ਜਾਣ ਕਾਰਨ ਇਨ੍ਹਾਂ ਦੇ ਝਾੜ ’ਤੇ ਅਸਰ ਪਵੇਗਾ।
ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲ੍ਹਾਂ ਨੇ ਦੱਸਿਆ ਕਿ ਝੋਨੇ ਦੀ ਅਗੇਤੀ ਫ਼ਸਲ ਦਾ ਮੀਂਹ ਅਤੇ ਹਨੇਰੀ ਚੱਲਣ ਕਾਰਨ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਝੋਨੇ ਦੀ ਖ਼ਰੀਦ ਪ੍ਰਾਈਵੇਟ ਸ਼ੈੱਲਰ ਮਾਲਕ ਕਰਦੇ ਹਨ ਜੋ ਬਰਸਾਤ ਨਾਲ ਖ਼ਰਾਬ ਹੋਣ ਵਾਲੇ ਦਾਣਿਆਂ ਦਾ ਭਾਅ ਆਪਣੀ ਮਨ-ਮਰਜ਼ੀ ਨਾਲ ਲਾਉਣਗੇ ਜਿਸ ਦਾ ਕਿਸਾਨਾਂ ਨੂੰ ਸਿੱਧਾ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਇਸ ਸਬੰਧੀ ਗ਼ੌਰ ਕਰਨ ਦੀ ਅਪੀਲ ਕੀਤੀ ਹੈ।
ਜਲੰਧਰ (ਪੱਤਰ ਪ੍ਰੇਰਕ): ਸ਼ਹਿਰ ’ਚ ਦੇਰ ਰਾਤ ਤੇਜ਼ ਹਵਾਵਾਂ ਨਾਲ ਕੁਝ ਹਿੱਸਿਆਂ ’ਚ ਮੀਂਹ ਪਿਆ। ਇਸ ਕਾਰਨ ਮੌਸਮ ਵਿਭਾਗ ਵੱਲੋਂ ਇਕ ਹਫ਼ਤੇ ਤੋਂ ਜਾਰੀ ਕੀਤਾ ਗਿਆ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਯੈਲੋ ਐਲਰਟ ਦੀ ਪੇਸ਼ੀਨਗੋਈ ਕੀਤੀ ਸੀ। ਹੁਣ ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਬੱਦਲ ਛਾਏ ਰਹਿਣ ਦੇ ਨਾਲ-ਨਾਲ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਸ਼ੁੱਕਰਵਾਰ ਨੂੰ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੀਂਹ ਪੈਣ ਕਾਰਨ ਕਿਸਾਨ ਫਿਕਰ ਵਿੱਚ ਹਨ ਕਿਉਂਕਿ ਮੀਂਹ ਕਾਰਨ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਡਰ ਹੈ।
ਮੀਂਹ ਨੇ ਕਿਸਾਨਾਂ ਦੀਆਂ ਦਿੱਕਤਾਂ ਵਧਾਈਆਂ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਇੱਥੇ ਅੱਜ ਤੜਕਸਾਰ ਪਏ ਭਰਵੇਂ ਮੀਂਹ ਤੇ ਹਨੇਰੀ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ। ਨੀਵੇਂ ਥਾਵਾਂ ’ਤੇ ਪਾਣੀ ਭਰਨ ਕਾਰਨ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ। ਬਲਾਕ ਲੋਹੀਆਂ ਖਾਸ ਵਿਚ ਹੜ੍ਹਾਂ ਦੀ ਲਪੇਟ ਵਿੱਚ ਆਏ ਪਿੰਡਾਂ ਦੇ ਵਸਨੀਕਾਂ ਦੇ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ। ਹਨੇਰੀ ਕਾਰਨ ਸੜਕਾਂ ਕਿਨਾਰੇ ਵੱਡੇ-ਵੱਡੇ ਦਰੱਖਤ ਡਿੱਗ ਗਏ, ਜਿਸ ਕਾਰਨ ਕਈ ਥਾਵਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਬਿਜਲੀ ਦੇ ਡਿੱਗੇ ਖੰਭਿਆਂ ਕਾਰਨ ਕਈ ਪਿੰਡਾਂ ਦੀ ਬਿਜਲੀ ਸਪਲਾਈ ’ਚ ਵੀ ਵਿਘਨ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸੁਖਪਾਲ ਸਿੰਘ ਰਾਈਵਾਲ ਨੇ ਦੱਸਿਆ ਕਿ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦਾ ਪੱਕਣ ’ਤੇ ਆਇਆ ਝੋਨਾ, ਹਰਾ-ਚਾਰਾ, ਗੰਨੇ ਦੀ ਫ਼ਸਲ ਸਣੇ ਹੋਰ ਕਈ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਕੁਲਵਿੰਦਰ ਸਿੰਘ ਸਿੱਧੂਪੁਰ ਅਤੇ ਨਿਰਮਲ ਸਿੰਘ ਕਾਂਗਣਾ ਨੇ ਕਿਹਾ ਕਿ ਹਨੇਰੀ ਅਤੇ ਮੀਂਹ ਨਾਲ ਗ਼ਰੀਬਾਂ ਲਈ ਵੀ ਮੁਸੀਬਤਾਂ ਖੜ੍ਹੀਆਂ ਕੀਤੀਆਂ ਹਨ। ਬੀਕੇਯੂ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਨੇ ਅਜੇ ਤੱਕ ਹੜ੍ਹ ਪੀੜਤਾਂ ਨੂੰ ਢੁਕਵਾ ਮੁਆਵਜ਼ਾ ਨਾ ਦੇਣ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਇਸ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ।