ਹਿਮਾਚਲ ’ਚ 16 ਤੋਂ 19 ਤੱਕ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
ਸ਼ਿਮਲਾ/ਸ੍ਰੀਨਗਰ, 13 ਜਨਵਰੀ
ਮੌਸਮ ਵਿਭਾਗ ਨੇ 14 ਜਨਵਰੀ ਦੀ ਰਾਤ ਤੋਂ ਉੱਤਰ-ਪੱਛਮੀ ਭਾਰਤ ’ਚ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੂਚਨਾ ਵਿਚਾਲੇ 16 ਤੋਂ 19 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਉੱਚੇ ਤੇ ਦਰਮਿਆਨੀ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਉੱਧਰ ਕਸ਼ਮੀਰ ਵਾਦੀ ’ਚ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲ ਸਕੀ।
ਮੌਸਮ ਵਿਭਾਗ ਨੇ ਦੱਸਿਆ ਕਿ ਲੰਘੀ ਸ਼ਾਮ ਹਿਮਾਚਲ ਪ੍ਰਦੇਸ਼ ਦੇ ਦੂਰ-ਦਰਾਜ ਦੇ ਇਲਾਕਿਆਂ ’ਚ ਮੀਂਹ ਪਿਆ ਹੈ ਤੇ ਬਰਫਬਾਰੀ ਹੋਈ ਹੈ। ਲਾਹੌਲ-ਸਪਿਤੀ ਦੇ ਗੋਂਡਲਾ ’ਚ 1 ਸੈਂਟੀਮੀਟਰ, ਕਲਪਾ ’ਚ 0.4 ਸੈਮੀ ਬਰਫ ਪਈ ਜਦਕਿ ਸ਼ਿਮਲਾ ’ਚ ਹਲਕੀ ਬਰਫਬਾਰੀ ਹੋਈ ਹੈ। ਇਸੇ ਤਰ੍ਹਾਂ ਭਰਮੌਰ ’ਚ 5 ਐੱਮਐੱਮ, ਨਾਹਣ ’ਚ 4.1 ਐੱਮਐੱਮ, ਪਾਉਂਟਾ ਸਾਹਿਬ ’ਚ 3.2 ਐੱਮਐੱਮ, ਰਾਜਗੜ੍ਹ ਤੇ ਬੰਜਾਰ ’ਚ 3 ਐੱਮਐੱਮ ਅਤੇ ਡਲਹੌਜ਼ੀ ’ਚ 2 ਐੱਮਐੱਮ ਮੀਂਹ ਪਿਆ ਹੈ। ਸੂਬੇ ਦੀਆਂ ਬਹੁਤੀਆਂ ਥਾਵਾਂ ’ਤੇ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ ਅਤੇ ਮਨਫੀ 12.3 ਡਿਗਰੀ ਨਾਲ ਕੁਕੁਮਸੇਰੀ ਸੂਬੇ ’ਚ ਸਭ ਤੋਂ ਠੰਢਾ ਸਥਾਨ ਰਿਹਾ। ਇਸੇ ਤਰ੍ਹਾਂ ਤਾਬੋ ’ਚ ਮਨਫੀ 10.9, ਕੇਲਾਂਗ ’ਚ ਮਨਫੀ 8.7, ਕਲਪਾ ’ਚ ਮਨਫੀ 3.6, ਨਾਰਕੰਡਾ ’ਚ ਮਨਫੀ 2.5, ਮਨਾਲੀ ’ਚ ਮਨਫੀ 1.1, ਕੁਫਰੀ ’ਚ ਮਨਫੀ 0.8, ਡਲਹੌਜ਼ੀ ’ਚ 0.6 ਅਤੇ ਸ਼ਿਮਲਾ ’ਚ ਘੱਟੋ ਘੱਟ ਤਾਪਮਾਨ 2.4 ਡਿਗਰੀ ਰਿਹਾ। ਇਸੇ ਤਰ੍ਹਾਂ ਊਨਾ, ਹਮੀਰਪੁਰ ਤੇ ਕਾਂਗੜਾ ਜ਼ਿਲ੍ਹਿਆਂ ’ਚ ਸੀਤ ਲਹਿਰ ਚਲਦੀ ਰਹੀ।
ਉੱਧਰ ਕਸ਼ਮੀਰ ਘਾਟੀ ’ਚ ਅਸਮਾਨ ਸਾਫ ਰਿਹਾ ਹਾਲਾਂਕਿ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਅਤੇ ਮਨਫੀ 8.4 ਡਿਗਰੀ ਸੈਲਸੀਅਸ ਨਾਲ ਪਹਿਲਗਾਮ ਘਾਟੀ ’ਚ ਸਭ ਤੋਂ ਠੰਢਾ ਸਥਾਨ ਰਿਹਾ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਘਾਟੀ ’ਚ ਮੌਸਮ ਖੁਸ਼ਕ ਬਣੇ ਰਹਿਣ ਦਾ ਅਨੁਮਾਨ ਜਤਾਇਆ ਹੈ। -ਪੀਟੀਆਈ