ਸ੍ਰੀਨਗਰ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਪੇਸ਼ੀਨਗੋਈ
ਸ੍ਰੀਨਗਰ, 22 ਨਵੰਬਰ
ਸ੍ਰੀਨਗਰ ਵਿੱਚ ਬੀਤੀ ਰਾਤ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ ਅਤੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਅਗਲੇ ਦੋ ਦਿਨ ਹਲਕਾ ਮੀਂਹ ਪੈਣ ਅਤੇ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਇਸ ਤੋਂ ਪਿਛਲੀ ਰਾਤ ਇਹ ਮਨਫ਼ੀ 0.4 ਡਿਗਰੀ ਸੈਲਸੀਅਸ ਸੀ। ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਤੀਜੀ ਰਾਤ ਤਾਪਮਾਨ ਮਨਫੀ ਵਿੱਚ ਦਰਜ ਕੀਤਾ ਗਿਆ। ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 1.4 ਡਿਗਰੀ ਦਰਜ ਕੀਤਾ ਗਿਆ, ਜਦਕਿ ਪਹਿਲਗਾਮ ਮਨਫੀ 2.3 ਡਿਗਰੀ ਸੈਲਸੀਅਸ ਦੇ ਤਾਪਮਾਨ ਨਾਲ ਘਾਟੀ ਵਿੱਚ ਸਭ ਤੋਂ ਠੰਢਾ ਰਿਹਾ। ਗੁਲਮਰਗ ’ਚ ਤਾਪਮਾਨ ਮਨਫੀ 0.6 ਡਿਗਰੀ ਸੈਲਸੀਅਸ, ਜਦਕਿ ਕੁਪਵਾੜਾ ’ਚ ਮਨਫੀ 0.8 ਡਿਗਰੀ ਸੈਲਸੀਅਸ ਰਿਹਾ। ਸਿਰਫ ਦੱਖਣੀ ਕਸ਼ਮੀਰ ਦੀ ਕੋਕਰਨਾਗ ਘਾਟੀ ਵਿੱਚ ਤਾਪਮਾਨ ਮਨਫੀ ਤੋਂ ਉਪਰ 0.4 ਡਿਗਰੀ ਸੈਲਸੀਅਸ ਰਿਹਾ। -ਪੀਟੀਆਈ