ਦਿੱਲੀ ’ਚ ਮੁੜ ਮੀਂਹ; ਲੋਕਾਂ ਦੀਆਂ ਮੁਸ਼ਕਲਾਂ ਵਧੀਆਂ
ਨਵੀਂ ਦਿੱਲੀ, 15 ਜੁਲਾਈ
ਦਿੱਲੀ ਦੇ ਕਈ ਇਲਾਕਿਆਂ ਵਿੱਚ ਸ਼ਨਿਚਰਵਾਰ ਨੂੰ ਸ਼ਾਮ ਵੇਲੇ ਭਾਰੀ ਮੀਂਹ ਪੈਣ ਮਗਰੋਂ ਕਈ ਥਾਵਾਂ ’ਤੇ ਹੋਰ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪਿਛਲੇ ਕੁਝ ਦਨਿਾਂ ਤੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਪਾਣੀ ਭਰਿਆ ਹੋਇਆ ਸੀ ਤੇ ਹੁਣ ਤਾਜ਼ਾ ਪਏ ਮੀਂਹ ਮਗਰੋਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕੌਮੀ ਰਾਜਧਾਨੀ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਆਈ ਹੋਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਪਏ ਮੀਂਹ ਮਗਰੋਂ ਸ਼ਹਿਰ ਵਿੱਚ ਤਾਪਮਾਨ ਇਕ ਡਿਗਰੀ ਘੱਟ ਕੇ 34.6 ਡਿਗਰੀ ਸੈਲਸੀਅਸ ਤੱਕ ਆ ਗਿਆ ਹੈ। ਇਸ ਦੌਰਾਨ ਘੱਟੋ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਅਧਿਕਾਰੀਆਂ ਅਨੁਸਾਰ ਨਮੀ ਦੀ ਮਾਤਰਾ 64 ਫੀਸਦ ਅਤੇ 92 ਫੀਸਦ ਵਿਚਕਾਰ ਰਹੀ। ਵਿਭਾਗ ਅਨੁਸਾਰ ਬੱਦਲਵਾਈ ਰਹਿਣ ਕਾਰਨ ਕਈ ਥਾਵਾਂ ’ਤੇ ਗਰਜ ਨਾਲ ਹਲਕਾ ਮੀਂਹ ਪੈਣ ਕਾਰਨ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਨਿਚਰਵਾਰ ਸ਼ਾਮ ਨੂੰ ਪਏ ਮੀਂਹ ਮਗਰੋਂ ਯਮੁਨਾ ਵਿੱਚ ਪਾਣੀ ਦੇ ਪੱਧਰ ਦੀ ਸੰਭਾਵਨਾ ਹੋਰ ਵੀ ਵਧ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਨਿਾਂ ਤੋਂ ਯਮੁਨਾ ਨਦੀ ਖਤਰੇ ਦੇ ਨਿਸ਼ਾਨ ਤੋਂ 205.33 ਮੀਟਰ ’ਤੇ ਵਗ ਰਹੀ ਹੈ। ਕੇਂਦਰੀ ਜਲ ਵਿਭਾਗ ਅਨੁਸਾਰ ਸ਼ਨਿਚਰਵਾਰ ਸਵੇਰੇ ਯਮੁਨਾ ਵਿੱਚ ਪਾਣੀ ਦਾ ਪੱਧਰ 207.62 ਮੀਟਰ ’ਤੇ ਸੀ, ਜੋ ਵੀਰਵਾਰ ਨੂੰ ਰਾਤ 208.66 ਮੀਟਰ ਦਰਜ ਕੀਤਾ ਗਿਆ ਸੀ। ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘੱਟਣ ਮਗਰੋਂ ਆਵਾਜਾਈ ਲਈ ਕਈ ਸੜਕਾਂ ਖੋਲ੍ਹ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਾਲੇ ਵੀ ਕੁਝ ਮਾਰਗਾਂ ’ਤੇ ਪਾਣੀ ਭਰਿਆ ਹੋਣ ਕਾਰਨ ਆਵਾਜਾਈ ਬੰਦ ਹੈ। -ਪੀਟੀਆਈ