ਮੀਂਹ ਨੇ ਮੁੜ ਜਲ-ਥਲ ਕੀਤਾ ਪਟਿਆਲਾ ਸ਼ਹਿਰ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੁਲਾਈ
ਪਟਿਆਲਾ ਵਿੱਚ ਵੱਡੇ ਤੜਕੇ ਤੋਂ ਪੈ ਰਹਿ ਭਰਵੇਂ ਮੀਂਹ ਨੇ ਇਕ ਵਾਰ ਫੇਰ ਸ਼ਾਹੀ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ। ਸ਼ਹਿਰ ਅਤੇ ਇਲਾਕੇ ਦੀਆਂ ਬਹੁਤੀਆਂ ਸੜਕਾਂ ਅਤੇ ਹੋਰ ਨੀਵੀਆਂ ਥਾਵਾਂ ਪਾਣੀ ਨਾਲ ਭਰੀਆਂ ਹੋਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਦੋ ਪਹੀਆ ਵਾਹਨਾਂ ਦੇ ਇੰਜਣਾਂ ਵਿੱਚ ਪਾਣੀ ਪੈਣ ਕਾਰਨ ਉਹ ਪਾਣੀ ਵਿੱਚ ਬੰਦ ਹੋ ਗਏ, ਜਿਸ ਕਾਰਨ ਲੋਕਾਂ ਨੂੰ ਭਾਰੀ ਤਰੱਦਦ ਕਰਨੀ ਪਈ। ਬਰਸਾਤਾਂ ਵਿੱਚ ਪਟਿਆਲਾ ਸ਼ਹਿਰ ਦੇ ਬਾਹਰ ਵਾਰੋਂ ਲੰਘਦੀ ਛੋਟੀ ਤੇ ਵੱਡੀ ਨਦੀ ਵਿਚ ਪਾਣੀ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਤੇ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਤੇ ਹੋਰਾਂ ਨੇ ਵਰ੍ਹਦੇ ਮੀਂਹ ਵਿੱਚ ਦੋਵਾਂ ਨਦੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਤੇ ਕੋਈ ਡਰ ਵਾਲੀ ਸਥਿਤੀ ਨਹੀਂ ਹੈ। ਲੋੜੀਂਦੇ ਕਦਮ ਉਠਾਏ ਜਾ ਰਹੇ ਹਨ।