For the best experience, open
https://m.punjabitribuneonline.com
on your mobile browser.
Advertisement

ਮੀਂਹ ਨੇ ਦਿੱਲੀ ਵਾਸੀਆਂ ਦੀ ਮੁਸੀਬਤ ਵਧਾਈ

08:59 AM Jul 11, 2023 IST
ਮੀਂਹ ਨੇ ਦਿੱਲੀ ਵਾਸੀਆਂ ਦੀ ਮੁਸੀਬਤ ਵਧਾਈ
ਨਵੀਂ ਦਿੱਲੀ ਵਿੱਚ ਵਿਕਾਸ ਮਾਰਗ ’ਤੇ ਮੀਂਹ ਕਾਰਨ ਲੱਗਾ ਜਾਮ। -ਫੋਟੋ: ਮਾਨਸ ਰੰਜਨ ਭੂਈ
Advertisement

* ਉਪ ਰਾਜਪਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਕੀਤੀ ਗੱਲਬਾਤ

* ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

* ਆਤਿਸ਼ੀ ਨੇ ਯਮੁਨਾ ਦਾ ਲਿਆ ਜਾਇਜ਼ਾ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੁਲਾਈ
ਕੌਮੀ ਰਾਜਧਾਨੀ ਦਿੱਲੀ ਵਿੱਚ ਲਗਾਤਾਰ ਤਿੰਨ ਦਨਿ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਬਦਤਰ ਹੋ ਗਏ ਹਨ। ਵੱਖ-ਵੱਖ ਥਾਈਂ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਦੱਖਣੀ ਦਿੱਲੀ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਦਫ਼ਤਰਾਂ ਤੋਂ ਘਰਾਂ ਨੂੰ ਪਰਤ ਰਹੇ ਲੋਕਾਂ ਨੂੰ ਰਾਹਾਂ ਵਿੱਚ ਖੱਜਲ-ਖੁਆਰ ਹੋਣਾ ਪਿਆ। ਇਸੇ ਦੌਰਾਨ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਬਾਰੇ ਵਿਚਾਰ-ਚਰਚਾ ਕੀਤੀ। ਉਧਰ ਮੌਸਮ ਵਿਭਾਗ ਨੇ ਭਲਕੇ ਮੰਗਲਵਾਰ ਲਈ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਪ੍ਰਸ਼ਾਸਨ ਨੇ ਮੀਂਹ ਦੇ ਮੱਦੇਨਜ਼ਰ ਭਲਕੇ ਮੰਗਲਵਾਰ ਨੂੰ ਵੀ ਐੱਮਸੀਡੀ ਦੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਇਸ ਦੇ ਕਨਿਾਰੇ ਬਣੇ ਕਈ ਮੰਦਰਾਂ ਤੇ ਝੁੱਗੀਆਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਦਿੱਲੀ ਦੀ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਯਮੁਨਾ ਨਦੀ ਦਾ ਜਾਇਜ਼ਾ ਲਿਆ। ਸਿੰਜਾਈ ਤੇ ਹੜ੍ਹ ਰੋਕੂ ਮਹਿਕਮੇ ਦੇ ਅਧਿਕਾਰੀਆਂ ਨਾਲ ਉਹ ਚੰਦਗੀ ਰਾਜ ਅਖਾੜੇ ਕੋਲ ਪਹੁੰਚੇ ਅਤੇ ਮੋਟਰ ਕਿਸ਼ਤੀ ਵਿੱਚ ਬੈਠ ਕੇ ਯਮੁਨਾ ਵਿੱਚ ਪਾਣੀ ਦੀ ਸਥਿਤੀ ਦੇਖੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਲੱਖਾਂ ਕਿਊਸਿਕ ਪਾਣੀ ਛੱਡੇ ਜਾਣ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਸਮੱਸਿਆ ਪੈਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਯਮੁਨਾ ਕਨਿਾਰੇ 50 ਮੋਟਰ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਗੋਤਾਖੋਰ ਤੇ ਡਾਕਟਰੀ ਟੀਮਾਂ ਵੀ ਤਿਆਰ ਹਨ। ਮੁਨਾਦੀ ਕਰਵਾ ਕੇ ਲੋਕਾਂ ਨੂੰ ਯਮੁਨਾ ਤੋਂ ਦੂਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯਮੁਨਾ ਬਾਜ਼ਾਰ ਦਾ ਬਾਬਾ ਬਾਲਕਨਾਥ ਮੰਦਰ ਪਾਣੀ ਵਿੱਚ ਡੁੱਬ ਗਿਆ ਹੈ।
ਜਾਣਕਾਰੀ ਅਨੁਸਾਰ ਦਿੱਲੀ-ਰੋਹਤਕ ਮਾਰਗ ਉਪਰ ਪਾਣੀ ਭਰਨ ਕਾਰਨ ਕੁੱਝ ਸਮਾਂ ਜਾਮ ਦੇ ਹਾਲਤ ਬਣੇ ਰਹੇ ਤੇ ਸ਼ਾਮ ਨੂੰ ਪਏ ਮੀਂਹ ਨਾਲ ਫਿਰ ਸੜਕਾਂ ਪਾਣੀ ਨਾਲ ਭਰ ਗਈਆਂ। ਰਾਜਧਾਨੀ ਮੈਟਰੋ ਸਟੇਸ਼ਨ ਕੋਲ ਟੋਏ ਪੈ ਗਏ ਤੇ ਆਵਾਜਾਈ ਪ੍ਰਭਾਵਿਤ ਹੋਈ। ਪਟਿਆਲਾ ਹਾਊਸ ਅਦਾਲਤ ਕੋਲ ਇੱਕ ਦਰਖ਼ਤ ਡਿੱਗ ਪਿਆ। ਸਦਰ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਉਪਰ ਸ਼ਾਮ ਨੂੰ ਰਿੰਗ ਰੋਡ ’ਤੇ ਆਵਾਜਾਈ ਦੀ ਰਫ਼ਤਾਰ ਮੱਠੀ ਹੋ ਗਈ।
ਉਧਰ ਦੋ ਦਨਿ ਭਾਰੀ ਮੀਂਹ ਅਤੇ ਅੱਜ ਐੱਨਸੀਆਰ ਵਿੱਚ ਦਰਮਿਆਨਾ ਮੀਂਹ ਪੈਣ ਕਰਕੇ ਫਰੀਦਾਬਾਦ ਦੇ ਸੈਕਟਰਾਂ ਸਮੇਤ ਕਲੋਨੀਆਂ ਤੇ ਬਿਲਡਰਾਂ ਵੱਲੋਂ ਬਣਾਈਆਂ ਕਲੋਨੀਆਂ ਵਿੱਚ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਸਨਅਤੀ ਸੈਕਟਰ-24 ਦੀ ਮੁੱਖ ਸੜਕ ’ਤੇ ਸੈਕਟਰ-22 ਕੋਲ ਪਾਣੀ ਭਰ ਗਿਆ। ਸੈਕਟਰ-15, 14, 7 ਤੇ 9 ਸੈਕਟਰ ਵੰਡਦੀ ਸੜਕ, ਡਬੂਆ ਕਲੋਨੀ, ਜਵਾਹਰ ਕਲੋਨੀ, ਸੰਜੈ ਕਲੋਨੀ, ਸੰਜੈ ਗਾਂਧੀ ਮੈਮੋਰੀਅਲ ਨਗਰ, ਸੈਕਟਰ-37, 29, 28, 27 ਵਿੱਚ ਵੀ ਪਾਣੀ ਭਰਿਆ। ਵਿਧਾਇਕਾ ਸੀਮਾ ਤ੍ਰਿਖਾ ਦੀ ਨਿੱਜੀ ਰਿਹਾਇਸ਼ ਦੇ ਆਸ-ਪਾਸ ਵੀ ਪਾਣੀ ਭਰ ਗਿਆ ਹੈ। ਇਸ ਦੌਰਾਨ ਗੁਰੂਗ੍ਰਾਮ ਦੀ ਦਿੱਲੀ-ਮਨੇਸਰ ਮਾਰਗ ’ਤੇ ਪਾਣੀ ਭਰਨ ਕਾਰਨ ਜਾਮ ਵਾਲੇ ਹਾਲਤ ਬਣ ਗਏ ਹਨ। ਪੁਰਾਣੇ ਗੁਰੂਗ੍ਰਾਮ ਤੇ ਹੋਰ ਇਲਾਕਿਆਂ ਵਿੱਚ ਬੀਤੇ ਦਨਿ ਤੇ ਅੱਜ ਪਏ ਮੀਂਹ ਨੇ ਜਲ-ਥਲ ਕਰ ਦਿੱਤਾ। ਕਈ ਘਰਾਂ ਵਿੱਚ ਪਾਣੀ ਭਰਨ ਦੀਆਂ ਖ਼ਬਰਾਂ ਹਨ।
ਇਸ ਦੌਰਾਨ ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਆਦਿ ਵਿੱਚ ਅੱਜ ਸਰਕਾਰੀ ਤੇ ਨਿੱਜੀ ਸਕੂਲ ਬੰਦ ਰਹੇ। ਮੌਸਮ ਦੇ ਵਿਗੜਦੇ ਹਾਲਤ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਸੀ।

Advertisement

Advertisement
Tags :
Author Image

joginder kumar

View all posts

Advertisement
Advertisement
×