ਭਾਕਿਯੂ ਏਕਤਾ ਉਗਰਾਹਾਂ ਵੱਲੋਂ ਰੇਲਾਂ ਦਾ ਚੱਕਾ ਜਾਮ ਅੱਜ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਵੱਲੋਂ 13 ਅਕਤੂਬਰ ਦੇ ਰੇਲ ਚੱਕਾ ਜਾਮ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਬੰਦ ਤੋਂ ਐਨ ਇਕ ਦਿਨ ਪਹਿਲਾਂ ਜਥੇਬੰਦੀ ਦੇ ਕਾਰਕੁਨ ਪੂਰੇ ਇਲਾਕੇ ਵਿੱਚ ਸਰਗਰਮ ਰਹੇ। ਪਿੰਡ-ਪਿੰਡ ਜਾ ਕੇ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਲੋਕਾਂ ਨੂੰ ਰੇਲ ਜਾਮ ਐਕਸ਼ਨ ਦਾ ਹਿੱਸਾ ਬਣਨ ਲਈ ਪ੍ਰੇਰਿਆ ਜਾ ਰਿਹਾ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਮੰਡੀਆਂ ’ਚ ਰੁਲ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਜੀਰੀ ਦੀ ਖਰੀਦ ਲਈ ਕਿਸਾਨ ਮੰਡੀਆਂ ਰੁਲ ਰਿਹਾ ਹੈ ਦੂਜੇ ਪਾਸੇ ਡੀਏਪੀ ਖਾਦ ਨੂੰ ਲੈ ਕੇ ਕਿਸਾਨ ਭੰਬਲਭੂਸੇ ਵਿੱਚ ਹਨ। ਉਨ੍ਹਾਂ ਕਿਹਾ ਕਿ ਮੁਨਾਫਾ ਖੋਰਾਂ ਦੇ ਗੁਦਾਮਾਂ ਡੀਏਪੀ ਨਾਲ ਭਰੇ ਪਏ ਹਨ। ਕਿਸਾਨਾਂ ਤੋਂ 200 ਰੁਪਏ ਤੋਂ 300 ਰੁਪਤੇ ਪ੍ਰਤੀ ਗੱਟਾ ਵੱਧ ਵਸੂਲੇ ਜਾ ਰਹੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੀਰੀ ਦੀ ਪਰਾਲੀ ਦਾ ਯੋਗ ਪ੍ਰਬੰਧ ਕਰੇ ਜੇ ਉਪਰੋਕਤ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੰਘਰਸ਼ ਤਿੱਖੇ ਹੋਣਗੇ। ਇਸ ਮੌਕੇ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਕਣਕਵਾਲ ਹਾਜ਼ਰ ਸਨ।