ਰੇਲਵੇ ਨੇ ਐਡਵਾਂਸ ਬੁਕਿੰਗ ਦੀ ਮਿਆਦ ਘਟਾ ਕੇ 60 ਦਿਨ ਕੀਤੀ
ਨਵੀਂ ਦਿੱਲੀ:
ਰੇਲਵੇ ਬੋਰਡ ਨੇ ਪਹਿਲੀ ਨਵੰਬਰ ਤੋਂ ਮੌਜੂਦਾ 120 ਦਿਨਾਂ ਦੀ ਐਡਵਾਂਸ ਰਿਜ਼ਰਵੇਸ਼ਨ ਮਿਆਦ ਨੂੰ ਘਟਾ ਕੇ 60 ਦਿਨ ਕਰ ਦਿੱਤਾ ਹੈ। ਰੇਲਵੇ ਬੋਰਡ ਵੱਲੋਂ 16 ਅਕਤੂਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ, ‘‘ਇਹ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਲੀ ਨਵੰਬਰ ਤੋਂ ਰੇਲ ਗੱਡੀਆਂ ਦੀ ਐਡਵਾਂਸ ਰਿਜ਼ਰਵੇਸ਼ਨ ਲਈ ਮੌਜੂਦਾ ਸਮਾਂ ਸੀਮਾ ਨੂੰ 120 ਦਿਨਾਂ ਤੋਂ ਘਟਾ ਕੇ 60 ਦਿਨ ਕਰ ਦਿੱਤਾ ਜਾਵੇਗਾ। ਇਸ ਵਿੱਚ ਕਿਹਾ ਗਿਆ ਕਿ 120 ਦਿਨਾਂ ਦੀ ਏਆਰਪੀ (ਐਡਵਾਂਸ ਰਿਜ਼ਰਵੇਸ਼ਨ ਪੀਰੀਅਰ) ਤਹਿਤ 31 ਅਕਤੂਬਰ ਤੱਕ ਸਾਰੀਆਂ ਬੁਕਿੰਗ ਬਰਕਰਾਰ ਰਹਿਣਗੀਆਂ। ਸਰਕੂਲਰ ਵਿੱਚ ਏਆਰਪੀ ’ਚ ਸੋਧ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ। ਬੋਰਡ ਅਨੁਸਾਰ ਹਾਲਾਂਕਿ 60 ਦਿਨਾਂ ਦੀ ਏਆਰਪੀ ਤੋਂ ਬਾਅਦ ਕੀਤੀ ਗਈ ਬੁਕਿੰਗ ਨੂੰ ਰੱਦ ਕਰਨ ਦੀ ਇਜਾਜ਼ਤ ਹੋਵੇਗੀ। ਦੂਜੇ ਪਾਸੇ ਤਾਜ ਐਕਸਪ੍ਰੈੱਸ, ਗੋਮਤੀ ਐਕਸਪ੍ਰੈਸ ਵਰਗੀਆਂ ਕੁੱਝ ਦਿਨ ਸਮੇਂ ਦੀਆਂ ਐਕਸਪ੍ਰੈੱਸ ਗੱਡੀਆਂ ਦੀ ਬੁਕਿੰਗ ਅਤੇ ਵਿਦੇਸ਼ੀ ਸੈਲਾਨੀਆਂ ਲਈ 365 ਦਿਨ ਦੀ ਸਮਾਂ ਸੀਮਾ ਮਾਮਲੇ ’ਚ ਕੋਈ ਬਦਲਾਅ ਨਹੀਂ ਹੋਵੇਗਾ। -ਪੀਟੀਆਈ