For the best experience, open
https://m.punjabitribuneonline.com
on your mobile browser.
Advertisement

ਰੇਲਵੇ ਅੰਡਰਬ੍ਰਿਜ ਦਾ ਕੰਮ ਛੇਤੀ ਸ਼ੁਰੂ ਹੋਵੇਗਾ: ਅਮਨ ਅਰੋੜਾ

10:40 AM Oct 09, 2024 IST
ਰੇਲਵੇ ਅੰਡਰਬ੍ਰਿਜ ਦਾ ਕੰਮ ਛੇਤੀ ਸ਼ੁਰੂ ਹੋਵੇਗਾ  ਅਮਨ ਅਰੋੜਾ
ਸੁਨਾਮ ਵਿੱਚ ਬਣਨ ਵਾਲੇ ਰੇਲਵੇ ਅੰਡਰਬ੍ਰਿਜ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀਂ ਅਮਨ ਅਰੋੜਾ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਅਕਤੂਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਸੁਨਾਮ ਵਾਸੀਆਂ ਨੂੰ ਕਈ ਦਹਾਕਿਆਂ ਤੋਂ ਦਰਪੇਸ਼ ਸਮੱਸਿਆ ਨੂੰ ਦੂਰ ਕਰਨ ਲਈ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ। ਨਿਰਮਾਣ ਕਾਰਜਾਂ ਦੀ ਸ਼ੁਰੂਆਤ ਤੋਂ ਪਹਿਲਾਂ ਅਧਿਕਾਰੀਆਂ ਸਮੇਤ ਸੁਨਾਮ ਸ਼ਹਿਰ ਵਿੱਚ ਰੇਲਵੇ ਅੰਡਰਬ੍ਰਿਜ ਵਾਲੀ ਜਗ੍ਹਾ ਦਾ ਦੌਰਾ ਕਰਨ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪੂਰੇ ਪ੍ਰਾਜੈਕਟ ਉੱਪਰ ਤਕਰੀਬਨ 10 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨੂੰ ਆਉਣ ਵਾਲੇ ਥੋੜ੍ਹੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਰੇਲਵੇ ਟਰੈਕ ਦੇ ਦੋਵੇਂ ਪਾਸੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰਵਾਇਆ ਜਾ ਚੁੱਕਾ ਹੈ ਅਤੇ ਹੁਣ ਸ਼ਹਿਰ ਵਾਸੀਆਂ ਨੂੰ ਫਾਟਕ ਬੰਦ ਹੋਣ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਦਵਾਉਣ ਲਈ ਰੇਲਵੇ ਅੰਡਰਬ੍ਰਿਜ ਦੇ ਨਿਰਮਾਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੇਲਵੇ ਟਰੈਕ ਤੋਂ ਰੋਜ਼ਾਨਾ ਬਹੁਗਿਣਤੀ ਪੈਸੇਂਜਰ ਅਤੇ ਮਾਲ ਗੱਡੀਆਂ ਗੁਜ਼ਰਦੀਆਂ ਹਨ ਜਿਸ ਕਰਕੇ ਇਹ ਫਾਟਕ ਦਿਨ ਵਿੱਚ ਅਨੇਕਾਂ ਵਾਰ ਬੰਦ ਹੋ ਕੇ ਸੜਕੀ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਜਿਸਦਾ ਹੁਣ ਪੱਕਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਸੜਕ ਚੌੜੀ ਕਰਨ ਦਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੇ ਅਣਗੌਲੇ ਵਿਹਾਰ ਕਰਕੇ ਬੰਦ ਹੋਇਆ ਪਿਆ ਸੀ ਜਿਸਨੂੰ ਹੁਣ ਉਨ੍ਹਾਂ ਵੱਲੋਂ ਖੁਦ ਆਪਣੀ ਦੇਖਰੇਖ ਹੇਠ ਪੂਰਾ ਕਰਵਾਇਆ ਗਿਆ ਹੈ।ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ਼ਹਿਰ ਦੀ ਇੰਦਰਾ ਬਸਤੀ ਵਾਸੀਆਂ ਨੂੰ ਰੇਲਵੇ ਅੰਡਰ ਬ੍ਰਿਜ ਬਣਨ ਤੋਂ ਬਾਅਦ ਬਰਸਾਤੀ ਪਾਣੀ ਦੀ ਨਿਕਾਸੀ ਲਈ ਹਰ ਹੀਲੇ ਢੁੱਕਵੇਂ ਪ੍ਰਬੰਧ ਕਰਵਾਉਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਅਜੇ ਗਰਗ, ਐਕਸੀਅਨ ਪੀਐਸਪੀਸੀਐਲ. ਗੁਰਸ਼ਰਨ ਸਿੰਘ, ਐਸਐਸਈ ਜਲ ਸਪਲਾਈ ਸੁਰੇਸ਼ ਕੁਮਾਰ, ਐਕਸੀਅਨ ਸੀਵਰੇਜ ਬੋਰਡ ਸਤਵਿੰਦਰ ਸਿੰਘ ਢਿੱਲੋਂ, ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ, ਅਵਤਾਰ ਸਿੰਘ ਨੱਤ, ਜੇ.ਈ. ਰਾਜ ਕੁਮਾਰ, ਐਸ.ਐਸ.ਈ. ਸੁਰੇਸ਼ ਕੁਮਾਰ, ਐਸ.ਡੀ.ਈ. ਗਗਨ ਗਰਗ, ਜੇ.ਈ. ਸਿਮਰਨਜੀਤ ਸਿੰਘ, ਪੁਸ਼ਪਿੰਦਰ ਸਿੰਘ, ਜਤਿੰਦਰ ਜੈਨ, ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ ਅਤੇ ਹੋਰ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement