ਰੇਲ ਵਿਭਾਗ ਵੱਲੋਂ 350 ਕਿਸਾਨਾਂ ’ਤੇ ਕੇਸ ਦਰਜ
ਜਲੰਧਰ (ਪਾਲ ਸਿੰਘ ਨੌਲੀ): ਰੇਲਵੇ ਵਿਭਾਗ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰਾਂ ਵਿਰੁੱਧ ਵਿੱਢੇ ਸੰਘਰਸ਼ਾਂ ਦੌਰਾਨ ਰੇਲ ਆਵਾਜਾਈ ਵਿੱਚ ਅੜਿੱਕੇ ਡਾਹੁਣ ਅਤੇ ਰੇਲ ਲਾਈਨਾਂ ’ਤੇ ਧਰਨੇ ਦੇਣ ਦੇ ਮਾਮਲੇ ਵਿੱਚ 350 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰੇਲਵੇ ਸੁਰੱਖਿਆ ਬਲ ਜਲੰਧਰ ਛਾਉਣੀ ਨੇ ਦਰਜ ਕੀਤਾ ਹੈ। ਰੇਲਵੇ ਵਿਭਾਗ ਨੇ 24 ਨਵੰਬਰ ਨੂੰ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਤਿੰਨ ਸੌ ਤੋਂ ਲੈ ਕੇ ਸਾਢੇ ਤਿੰਨ ਸੌ ਤੱਕ ਕਿਸਾਨਾਂ ਨੇ ਰੇਲ ਲਾਈਨ ’ਤੇ ਧਰਨਾ ਲਾ ਕੇ ਰੇਲ ਆਵਾਜਾਈ ਵਿੱਚ ਵਿਘਨ ਪਾਇਆ ਹੈ। ਇਸ ਦਰਜ ਕੀਤੇ ਗਏ ਕੇਸ ਵਿੱਚ ਦੋ ਕਿਸਾਨਾਂ ਦਾ ਨਾਂ ਦਰਜ ਕੀਤਾ ਗਿਆ ਹੈ, ਜਦਕਿ ਬਾਕੀ ਕਿਸਾਨਾਂ ਨੂੰ ਅਣਪਛਾਤੇ ਵਿਅਕਤੀਆਂ ਵਜੋਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਦੋ ਕਿਸਾਨ ਆਗੂਆਂ ਦੇ ਨਾਂ ਦਰਜ ਕੀਤੇ ਗਏ ਹਨ, ਉਨ੍ਹਾਂ ਦੀ ਪਛਾਣ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਤੇ ਬਲਜਿੰਦਰ ਸਿੰਘ ਵਜੋਂ ਹੋਈ ਹੈ। ਕਿਸਾਨਾਂ ਨੇ ਗੰਨੇ ਦੇ ਭਾਅ ਵਧਾਉਣ ਦੀ ਮੰਗ ਬਾਰੇ ਪਹਿਲਾਂ ਕੌਮੀ ਮਾਰਗ ’ਤੇ ਮਗਰੋਂ ਦਿੱਲੀ-ਜਲੰਧਰ ਰੇਲ ਮਾਰਗ ’ਤੇ ਧਰਨਾ ਦੇ ਕੇ ਰੇਲ ਆਵਾਜਾਈ ਰੋਕ ਦਿੱਤੀ ਸੀ। ਇਸ ਧਰਨੇ ਕਾਰਨ ਰੇਲ ਮੰਤਰਾਲੇ ਨੂੰ ਦੋ ਦਿਨਾਂ ਲਈ ਇਸ ਮਾਰਗ ’ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਸਨ। ਧਰਨੇ ਦੌਰਾਨ ਕੁਲ 142 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ, ਜਿਸ ਕਰਕੇ ਰੇਲ ਵਿਭਾਗ ਨੂੰ ਇੱਕ ਦਿਨ ਵਿੱਚ ਰੇਲ ਯਾਤਰੀਆਂ ਦੇ ਪੰਜ ਲੱਖ ਰੁਪਏ ਮੋੜਨੇ ਪਏ ਸਨ।