ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ
ਨਵੀਂ ਦਿੱਲੀ, 11 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਫੇਰ ਸੰਘਣੀ ਧੁੰਦ ਪਈ। ਇਸ ਕਾਰਨ ਦਿਖਣ ਦੀ ਤੀਬਰਤਾ ਘੱਟ ਗਈ। ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ। ਇਹ ਜਾਣਕਾਰੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਕੌਮੀ ਰਾਜਧਾਨੀ ਵਿੱਚ 45 ਰੇਲਾਂ ਪਛੜ ਕੇ ਚੱਲੀਆਂ। ਇਸ ਕਾਰਨ ਮੁਸਾਫ਼ਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਾਰਨਾ ਪਿਆ। ਮੌਸਮ ਵਿਭਾਗ ਅਨੁਸਾਰ ਸਫਦਰਜੰਗ ਵਿੱਚ ਰਾਤ ਸਾਢੇ ਬਾਰਾਂ ਵਜੇ ਤੋਂ ਦੇਰ ਰਾਤ ਡੇਢ ਵਜੇ ਤੱਕ ਦਿਖਣ ਦੀ ਤੀਬਰਤਾ 50 ਮੀਟਰ ਰਹੀ, ਜੋ ਮਗਰੋਂ ਸੁਧਰ ਕੇ 200 ਮੀਟਰ ’ਤੇ ਜਾ ਪਹੁੰਚੀ। ਇਸ ਦੌਰਾਨ ਸਵੇਰ ਸਾਢੇ ਸੱਤ ਵਜੇ ਤੱਕ ਦਿਖਣ ਦੀ ਤੀਬਰਤਾ 200 ਮੀਟਰ ਰਹੀ। ਸਵੇਰੇ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਦੇ ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਰਹੀ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਅੱਜ ਘੱਟ ਤੋਂ ਘੱਟ ਤਾਪਮਾਨ 7.7 ਡਗਰੀ ਸੈਲਸੀਅਸ ਰਿਹਾ ਜੋ ਇਸ ਮੌਸਮ ਵਿੱਚ ਬਰਾਬਰ ਹੈ। ਮੌਸਮ ਵਿਭਾਗ ਨੇ ਦਿਨ ਵਿੱਚ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਸਵੇਰੇ ਸਾਢੇ ਅੱਠ ਵਜੇ ਦਿਖਣ ਦੀ ਤੀਬਰਤ ਸੌ ਫ਼ੀਸਦ ਸੀ। ਅੱਜ ਸੰਘਣੀ ਧੁੰਦ ਕਾਰਨ ਕਈ ਥਾਈਂ ਲੋਕ ਸੜਕਾਂ ਦੇ ਕੰਢੇ ਅੱਗ ਸੇਕਦੇ ਦੇਖੇ ਗਏ। ਆਮ ਦਿਨਾਂ ਨਾਲੋਂ ਅੱਜ ਪਾਰਕਾਂ ਵਿੱਚ ਕਾਫੀ ਘੱਟ ਲੋਕ ਦਿਖਾਈ ਦਿੱਤੇ। ਸੜਕਾਂ ’ਤੇ ਪਹਿਲਾਂ ਨਾਲੋਂ ਘੱਟ ਚਹਿਲ ਪਹਿਲ ਦਿਖਾਈ ਦਿੱਤੀ। ਲੋਕਾਂ ਨੇ ਘਰੋਂ ਬਾਹਰ ਨਿਕਲਣ ਨਾਲੋਂ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ। ਬਾਜ਼ਾਰਾਂ ਵਿੱਚ ਰੌਣਕਾਂ ਘੱਟ ਗਈਆਂ। ਦਿਨ ਵੇਲੇ ਵੀ ਸੜਕਾਂ ’ਤੇ ਵਾਹਨ ਚਾਲਕ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧਦੇ ਦਿਖਾਈ ਦਿੱਤੇ। ਸ਼ਾਮ ਵੇਲੇ ਰਾਜਧਾਨੀ ਵਿੱਚ ਮੀਂਹ ਵੀ ਪਿਆ, ਜਿਸ ਕਾਰਨ ਠੰਢ ਹੋ ਵਧ ਗਈ। -ਪੀਟੀਆਈ