ਪੁਲੀਸ ਵੱਲੋਂ ਲਾਟਰੀ ਸਟਾਲਾਂ ’ਤੇ ਛਾਪੇ
ਪਠਾਨਕੋਟ (ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਲਾਟਰੀ ਸਟਾਲਾਂ ਤੇ ਛਾਪੇ ਮਾਰ ਕੇ ਦੜਾ-ਸੱਟਾ ਲਗਾਉਣ ਵਾਲੇ 7 ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਇੱਕ ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ। ਫੜੇ ਗਏ ਮੁਲਜ਼ਮਾਂ ਵਿੱਚ ਗੋਬਿੰਦ ਰਾਮ, ਰਮੇਸ਼ ਕੁਮਾਰ, ਰਾਜੀਵ ਕੁਮਾਰ, ਸੁਰਿੰਦਰ ਕੁਮਾਰ, ਪਵਨ ਕੁਮਾਰ, ਭੁਪਿੰਦਰ ਸਿੰਘ ਅਤੇ ਮੋਹਿਤ ਸ਼ਰਮਾ ਸ਼ਾਮਲ ਹਨ ਜਦਕਿ ਇੱਕ ਮੁਲਜ਼ਮ ਟੋਨੀ ਮੋਹਨ ਛਾਪਾ ਵੱਜਦੇ ਸਾਰ ਹੀ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ। ਥਾਣਾ ਡਿਵੀਜ਼ਨ ਨੰਬਰ-2 ਦੇ ਮੁਖੀ ਆਕਾਸ਼ ਧੁੱਤ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦੜਾ-ਸੱਟਾ ਲਗਾਉਣ ਦਾ ਧੰਦਾ ਕੀਤਾ ਜਾ ਰਿਹਾ ਹੈ ਜਿਸ ਦੇ ਤੁਰੰਤ ਬਾਅਦ ਪੁਲੀਸ ਨੇ ਦੱਸੀ ਜਗ੍ਹਾ ਢਾਂਗੂ ਰੋਡ, ਸ਼ਹੀਦ ਭਗਤ ਸਿੰਘ ਚੌਕ ਨਜ਼ਦੀਕ ਲਾਟਰੀ ਸਟਾਲ ਅਤੇ ਡਲਹੌਜ਼ੀ ਰੋਡ ਸਥਿਤ ਲਾਟਰੀ ਸਟਾਲ ਦੀਆਂ ਦੁਕਾਨਾਂ ’ਤੇ ਛਾਪੇ ਮਾਰਦਿਆਂ 7 ਵਿਅਕਤੀਆਂ ਨੂੰ ਕਾਬੂ ਕੀਤਾ ਜਦਕਿ ਇੱਕ ਵਿਅਕਤੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਛਾਪੇ ਦੌਰਾਨ ਮੌਕੇ ’ਤੇ 90 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ। ਇਸ ਤਰ੍ਹਾਂ ਇਨ੍ਹਾਂ ਮਾਮਲਿਆ2 ਵਿੱਚ ਕੁੱਲ 8 ਮੁਲਜ਼ਮਾਂ ਉਪਰ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।