ਬਾਜਵਾ ਕਲਾਂ ਤੇ ਢੰਡੋਵਾਲ ’ਚ ਚਲਾਏ ਜਾ ਰਹੇ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪੇ
ਗੁਰਮੀਤ ਸਿੰਘ
ਸ਼ਾਹਕੋਟ, 13 ਮਈ
ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਅੱਜ ਪਿੰਡ ਬਾਜਵਾ ਕਲਾਂ ਤੇ ਢੰਡੋਵਾਲ ਵਿਚ ਚਲਾਏ ਜਾ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊਂ ਕੇਂਦਰਾਂ ’ਤੇ ਛਾਪਾਮਾਰੀ ਕਰਕੇ 76 ਨੌਜਵਾਨਾਂ ਨੂੰ ਆਜ਼ਾਦ ਕਰਵਾ ਕੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਐਸ.ਪੀ (ਡੀ) ਜਲੰਧਰ ਸਰਬਜੀਤ ਰਾਏ, ਡੀ.ਐਸ.ਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ, ਐਸ.ਐਚ.ਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ, ਐਸ.ਐਚ.ਓ ਲੋਹੀਆਂ ਖਾਸ ਲਾਭ ਸਿੰਘ ਆਦਿ ਨੇ ਰੀਹੈਬਿਲੀਟੇਸ਼ਨ ਸੈਂਟਰ ਬਾਜਵਾ ਕਲਾਂ ’ਚ ਛਾਪਾ ਮਾਰਿਆ। ਇਹ ਸੈਂਟਰ ਮੋਗਾ ਰੋਡ ਨੂੰ ਜਾਂਦੇ ਰਾਸ਼ਟਰੀ ਹਾਈਵੇਅ ਉੱਪਰ ਸਥਿਤ ਹੈ ਜਿਸਦੀ ਇਮਾਰਤ ਨੂੰ ਹਮੇਸ਼ਾ ਬਾਹਰੋਂ ਜਿੰਦਾ ਲੱਗਾ ਰਹਿੰਦਾ ਸੀ। ਇਹ ਇਮਾਰਤ ਪੰਜਾਬ ਪੁਲੀਸ ਦੇ ਇਕ ਏ.ਐਸ.ਆਈ ਦੀ ਦੱਸੀ ਜਾ ਰਹੀ ਹੈ ਜੋਂ ਇਸ ਸਮੇਂ ਵਿਦੇਸ਼ ਵਿਚ ਰਹਿ ਰਿਹਾ ਹੈ। ਅਦਾਲਤ ਵੱਲੋਂ ਏ.ਐਸ.ਆਈ ਨੂੰ ਭਗੌੜਾ ਕਰਾਰ ਦਿਤਾ ਹੋਇਆ ਹੈ। ਇਸ ਇਮਾਰਤ ਵਿਚ ਪਹਿਲਾਂ ਇਕ ਨਿਜੀ ਸਕੂਲ ਵੀ ਚੱਲਦਾ ਰਿਹਾ ਹੈ। ਪੁਲੀਸ ਵੱਲੋਂ ਕੀਤੀ ਗਈ ਛਾਪਾਮਾਰੀ ਮੌਕੇ ਇੱਥੋ 29 ਨੌਜਵਾਨ ਮਿਲੇ ਜਿਨ੍ਹਾਂ ਨੂੰ ਨਸ਼ਾ ਛੁਡਾਉਣ ਦੀ ਆੜ ਵਿਚ ਬੰਦੀ ਬਣਾਇਆ ਹੋਇਆ ਸੀ। ਛਾਪਾਮਾਰੀ ਮੌਕੇ ਪੁਲੀਸ ਨੂੰ ਸੈਂਟਰ ਚਲਾਉਣ ਵਾਲਾ ਗੁਰਵਿੰਦਰ ਸਿੰਘ ਪੁੱਤਰ ਸ਼ਿੰਗਰਾ ਸਿੰਘ ਵਾਸੀ ਕੋਟ ਈਸੇ ਖਾਂ ਤਾਂ ਨਹੀਂ ਮਿਲਿਆ। ਪੁਲੀਸ ਨੇ ਮੌਕੇ ’ਤੇ ਸੈਂਟਰ ਦੇ ਕਰਿੰਦੇ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।