For the best experience, open
https://m.punjabitribuneonline.com
on your mobile browser.
Advertisement

ਛਾਪੇਮਾਰੀ

08:27 AM Jan 11, 2024 IST
ਛਾਪੇਮਾਰੀ
Advertisement

ਅਵਤਾਰ ਸਿੰਘ ਸੌਜਾ

Advertisement

ਮਾਸਟਰ ਕੁਲਦੀਪ ਸਿੰਘ ਮਿਹਨਤੀ ਹੋਣ ਦੇ ਨਾਲ-ਨਾਲ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਤਿਕਾਰਿਆ ਜਾਂਦਾ ਸੀ। ਸਤਿਕਾਰ ਵੀ ਕਿਉਂ ਨਾ ਹੋਵੇ, ਹਰ ਸਾਲ ਸਕੂਲ ਦਾ 100 ਪ੍ਰਤੀਸ਼ਤ ਨਤੀਜਾ, ਸਕੂਲ ਦੀ ਵਧੀਆ ਦਿੱਖ ਬਣਾਉਣੀ ਅਤੇ ਹਰ ਕੰਮ ਲੋਕਾਂ ਨੂੰ ਨਾਲ ਲੈ ਕੇ ਕਰਨਾ। ਛੁੱਟੀ ਵਾਲੇ ਦਿਨ ਵੀ ਮਾਸਟਰ ਜੀ ਕਈ ਵਾਰ ਸਕੂਲ ਆ ਜਾਂਦੇ ਸੀ ਕਿ ਸਕੂਲ ਦੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਵਗੈਰਾ ਕਰਾ ਦੇਵਾਂ ਕਿਉਂਕਿ ਸਕੂਲ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਡਰਦੇ ਸੀ। ਅੱਜ ਐਤਵਾਰ ਦੀ ਛੁੱਟੀ ਸੀ ਅਤੇ ਮਾਸਟਰ ਕੁਲਦੀਪ ਘਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਉਨ੍ਹਾਂ ਦਾ ਛੋਟਾ ਬੇਟਾ ਵੀ ਕੋਲ ਹੀ ਬੈਠਾ ਸੀ। ਬੱਚੇ ਨੇ ਅਖ਼ਬਾਰ ਦਾ ਇੱਕ ਸਫ਼ਾ ਚੁੱਕਿਆ ਅਤੇ ਹੌਲੀ-ਹੌਲੀ ਪੜ੍ਹਨ ਲੱਗਾ। ਅਚਾਨਕ ਉਸ ਨੇ ਆਪਣੇ ਪਿਤਾ ਨੂੰ ਪੁੱਛਿਆ, ‘‘ਪਾਪਾ! ਤੁਹਾਡੇ ਸਕੂਲ ਵੀ ਪੁਲੀਸ ਆਈ ਸੀ?’’ ਮਾਸਟਰ ਜੀ ਨੂੰ ਉਸ ਦੀ ਗੱਲ ਸਮਝ ਨਹੀਂ ਆਈ। ਉਨ੍ਹਾਂ ਹੈਰਾਨ ਹੋ ਕੇ ਕਿਹਾ, ‘‘ਨਹੀਂ ਬੇਟਾ! ...ਪਰ ਤੁਸੀਂ ਇਹ ਕਿਉਂ ਪੁੱਛ ਰਹੇ ਓ?’’ ਬੇਟਾ ਅਖ਼ਬਾਰ ਦੀ ਉਹ ਸੁਰਖ਼ੀ ਆਪਣੇ ਪਿਤਾ ਨੂੰ ਦਿਖਾਉਣ ਲੱਗਾ ਜਿਸ ’ਤੇ ਵੱਡੇ-ਵੱਡੇ ਅੱਖਰਾਂ ਵਿੱਚ ਛਪਿਆ ਸੀ ‘ਸਕੂਲਾਂ ’ਤੇ ਅਚਨਚੇਤ ਛਾਪੇ’। ਬੱਚਾ ਅੱਗੇ ਬੋਲਣ ਲੱਗਾ, ‘‘ਪਾਪਾ! ਛਾਪਾ ਤਾਂ ਪੁਲੀਸ ਮਾਰਦੀ ਹੁੰਦੀ ਹੈ, ਮੈਂ ਟੀਵੀ ’ਤੇ ਦੇਖਿਆ ਏ ਜੋ ਕੋਈ ਗਲਤ ਕੰਮ ਕਰਦਾ ਏ ਜਾਂ ਜੇਲ ’ਚੋਂ ਭੱਜ ਜਾਂਦਾ ਹੈ ਉਸ ਨੂੰ ਫੜਨ ਲਈ।’’ ਮਾਸਟਰ ਜੀ ਨੂੰ ਪਹਿਲਾਂ ਤਾਂ ਕੋਈ ਗੱਲ ਨਾ ਅਹੁੜੀ, ਪਰ ਸੋਚਣ ਲੱਗੇ ਜੇ ਬੱਚੇ ਨੂੰ ਜਵਾਬ ਨਾ ਸਮਝਾਇਆ ਫਿਰ ਵੀ ਗ਼ਲਤ ਹੈ। ਉਹ ਕਹਿਣ ਲੱਗੇ, ‘‘ਬੇਟਾ ਜੀ! ਜਿਸ ਤਰ੍ਹਾਂ ਤੁਸੀਂ ਸਕੂਲ ਪੜ੍ਹਦੇ ਓ। ਤੁਹਾਡੇ ਟੀਚਰ ਹਰ ਰੋਜ਼ ਤੁਹਾਨੂੰ ਸਵੇਰ ਦੀ ਸਭਾ ਵੇਲੇ ਦੇਖਦੇ ਹਨ ਕਿ ਅੱਜ ਕੌਣ ਆਇਆ ਜਾਂ ਤੁਹਾਡੀ ਸਾਫ਼-ਸਫ਼ਾਈ, ਵਰਦੀ, ਕੰਮਕਾਜ ਦਾ ਨਿਰੀਖਣ ਕਰਦੇ ਨੇ, ਉਸੇ ਤਰ੍ਹਾਂ ਅਧਿਆਪਕਾਂ ਅਤੇ ਸਕੂਲਾਂ ਦਾ ਵੀ ਵਿਭਾਗ ਜਾਂ ਸਰਕਾਰ ਵੱਲੋਂ ਨਿਰੀਖਣ ਹੁੰਦਾ!’’ ਬੱਚੇ ਨੇ ਝੱਟ ਅਗਲਾ ਸਵਾਲ ਕੱਢ ਮਾਰਿਆ, ‘‘ਪਰ ਪਾਪਾ ਇਹ ਛਾਪੇਮਾਰੀ ਕਿਉਂ ਲਿਖਿਆ?’’ ਉਸ ਦੇ ਇਸ ਸਵਾਲ ਨੇ ਹੁਣ ਸੱਚੀਂ ਮਾਸਟਰ ਜੀ ਨੂੰ ਨਿਰਉੱਤਰ ਕਰ ਦਿੱਤਾ। ਉਹ ਬਹਾਨਾ ਜਿਹਾ ਬਣਾ ਕੇ ਬਾਹਰ ਚਲੇ ਗਏ। ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਛਪੀ ਸੁਰਖ਼ੀ ਬਾਰੇ ਸੋਚਦੇ ਜਾ ਰਹੇ ਸੀ ਕਿਉਂਕਿ ਉਸ ‘ਛਾਪੇਮਾਰੀ’ ਵਿੱਚ 99.97 ਫ਼ੀਸਦੀ ਅਧਿਆਪਕ ਆਪਣੀ ਡਿਊਟੀ ’ਤੇ ਹਾਜ਼ਰ ਪਾਏ ਗਏ ਸਨ ਅਤੇ ਸਿਰਫ਼ 0.03 ਫ਼ੀਸਦੀ ਗ਼ੈਰਹਾਜਰ। ਸੁਰਖ਼ੀ ਵਿੱਚ 99.97 ਫ਼ੀਸਦੀ ਹਾਜ਼ਰ ਅਧਿਆਪਕਾਂ ਨੂੰ ਸਾਬਾਸ਼ ਦੇਣ ਦੀ ਥਾਂ 0.03 ਫ਼ੀਸਦੀ ਵਾਲਿਆਂ ਦੀ ਹੀ ਗੱਲ ਸੀ। ਮਾਸਟਰ ਜੀ ਲੰਬਾ ਜਾ ਹਾਉਕਾ ਲੈ ਕੇ 0.03 ਫ਼ੀਸਦੀ ਵਾਲਿਆਂ ਪ੍ਰਤੀ ਰੋਸਾ ਕਰਦੇ ਮਨ ਦਾ ਦਰਦ ਅੰਦਰ ਹੀ ਦਬਾ ਗਏ।
ਮਾਸਟਰ ਜੀ ਨੂੰ ਆਪਣੇ ਨਾਲ ਕੁਝ ਦਿਨ ਪਹਿਲਾਂ ਬੀਤੀ ਘਟਨਾ ਯਾਦ ਆ ਗਈ। ਕੁਝ ਦਿਨਾਂ ਪਹਿਲਾਂ ਮਾਸਟਰ ਕੁਲਦੀਪ ਸਿੰਘ ਸਕੂਲ ਦੇ ਗੇਟ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦੀ ਲੱਤ ’ਚੋਂ ਵਗ ਰਹੇ ਖ਼ੂਨ ਨੂੰ ਦੇਖ ਕੇ ਸਕੂਲ ’ਚ ਆਪਣਾ ਬੱਚਾ ਛੱਡਣ ਆਏ ਸੋਹਣੇ ਨੇ ਭੱਜ ਕੇ ਮਾਸਟਰ ਜੀ ਦਾ ਸਕੂਟਰ ਫੜਿਆ ਅਤੇ ਪੁੱਛਣ ਲੱਗਾ, ‘‘ਕੀ ਗੱਲ ਹੋ ਗਈ ਮਾਸਟਰ ਜੀ, ਇਹ ਸੱਟ ਕਿਵੇਂ ਲੱਗੀ?’’ ਮਾਸਟਰ ਜੀ ਬੋਲੇ, ‘‘ਬਸ ਭਾਈ, ਰਸਤੇ ’ਚ ਸਕੂਟਰ ਤਿਲ੍ਹਕ ਗਿਆ ਅਤੇ ਡਿੱਗਣ ਕਾਰਨ ਇਹ ਸੱਟ ਲੱਗ ਗਈ। ਸਕੂਲੋਂ ਲੇਟ ਨਾ ਹੋ ਜਾਵਾਂ ਇਸ ਲਈ ਰਸਤੇ ’ਚ ਕਿਤੇ ਰੁਕਿਆ ਨਹੀਂ।’’ ਸੋਹਣਾ ਕਹਿਣ ਲੱਗਾ, ‘‘ਫਿਰ ਕੀ ਹੋਇਆ ਸੀ ਮਾਸਟਰ ਜੀ, ਜਾਨ ਤੋਂ ਉਪਰ ਕੀ ਏ... ਰਸਤੇ ’ਚ ਮੱਲ੍ਹਮ ਪੱਟੀ ਕਰਾ ਕੇ ਪੰਜ ਦਸ ਮਿੰਟ ਲੇਟ ਹੋ ਜਾਂਦੇ ਤਾਂ ਕੀ ਸੀ! ਹਰ ਰੋਜ਼ ਵੀ ਤਾਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਘੰਟੇ ਦੋ ਘੰਟੇ ਵੱਧ ਲਗਾ ਜਾਂਦੇ ਓ।’’ ਮਾਸਟਰ ਜੀ ਕਹਿਣ ਲੱਗੇ, ‘‘ਨਾ ਭਰਾਵਾ ਡਰ ਲਗਦਾ! ਅੱਜਕੱਲ੍ਹ ਸਖਤਾਈ ਬਹੁਤ ਏ ਮਹਿਕਮੇ ਦੀ, ਇੱਕ-ਇੱਕ ਸਕਿੰਟ ਦਾ ਹਿਸਾਬ ਦੇਣਾ ਪੈਂਦਾ ਏ, ਵੈਸੇ ਵੀ ਹੁਣ ਇਸ ਉਮਰੇ ਹੋਰ ਕੋਈ ਰੁਜ਼ਗਾਰ ਕਰਨ ਜੋਗੇ ਵੀ ਨਹੀਂ। ਸੋ ਮੈਂ ਇਉਂ ਹੀ ਆ ਗਿਆ।’’ ਸੋਹਣਾ ਅੰਦਰੋਂ ਦੂਜੇ ਸਟਾਫ ਮੈਂਬਰਾਂ ਨੂੰ ਬੁਲਾ ਲਿਆਇਆ ਅਤੇ ਮਾਸਟਰ ਜੀ ਦੀ ਮੱਲ੍ਹਮ ਪੱਟੀ ਕਰਨ ਲੱਗੇ। ਉਹ ਮਾਸਟਰ ਜੀ ਦੀ ਹਾਲਤ ਸਥਿਰ ਦੇਖ ਕੇ ਬੋਲਿਆ, ‘‘ਮਾਸਟਰ ਜੀ, ਤੁਸੀਂ ਵੀ ਜ਼ਿਆਦਾ ਈ ਟੈਂਸ਼ਨ ਲੈਂਦੇ ਓ! ਹੋਰ ਸਰਕਾਰੀ ਜਾਂ ਗ਼ੈਰਸਰਕਾਰੀ ਮਹਿਕਮਿਆਂ ਵਿੱਚ ਤਾਂ ਹੁੰਦੀ ਨਹੀਂ ਇਹ ਸਖਤਾਈ!’’ ਮਾਸਟਰ ਜੀ ਬੋਲੇ, ‘‘ਭਾਈ, ਜ਼ਰੂਰ ਹੁੰਦੀ ਹੋਵੇਗੀ। ਹੋਵੇ ਵੀ ਕਿਉਂ ਨਾ? ਸਰਕਾਰ ਤਾਂ ਸਭਨਾਂ ਲਈ ਇੱਕੋ ਜਿਹੀ ਏ।’’
ਖ਼ੈਰ! ਅੱਜ ਦੀ ਘਟਨਾ ਨਾਲ ਇਸ ਨੂੰ ਜੋੜ ਕੇ ਸੋਚਣ ਲੱਗੇ ਕਿ ਹੋਰ ਕਿਸੇ ਵੀ ਸਰਕਾਰੀ ਵਿਭਾਗ ਦੀ ਛਾਪੇਮਾਰੀ ਦੀ ਖ਼ਬਰ ਅਖ਼ਬਾਰ ਦੀ ਸੁਰਖ਼ੀ ਕਿਉਂ ਨਹੀਂ ਬਣਦੀ?
ਸੰਪਰਕ: 98784-29005
* * *

ਇਨਸਾਨੀਅਤ

ਸੁਰਿੰਦਰ ਸਿੰਘ ‘ਨੇਕੀ’
ਜੀ.ਟੀ. ਰੋਡ ’ਤੇ ਰਾਤ ਅੱਠ ਕੁ ਵਜੇ ਇਕ ਟਰੱਕ ਨੇ ਰਾਹ ਜਾਂਦੇ ਰਾਹੀਆਂ ਨੂੰ ਟੱਕਰ ਮਾਰ ਦਿੱਤੀ। ਇਕ ਰਾਹੀ ਦੇ ਸੱਟ ਕੁਝ ਜ਼ਿਆਦਾ ਹੀ ਲੱਗ ਗਈ। ਉਸ ਦੀ ਬਾਂਹ ਤੇ ਲੱਤ ਟੁੱਟ ਗਈਆਂ। ਸੜਕ ਉਪਰ ਡਿੱਗਣ ਕਾਰਨ ਉਸ ਦਾ ਸਿਰ ਵੀ ਫਟ ਗਿਆ ਅਤੇ ਖ਼ੂਨ ਨਿਕਲਣ ਲੱਗਾ।
ਲੋਕ ਬੇਬਸੀ ਨਾਲ ਉਸ ਬੰਦੇ ਨੂੰ ਵੇਖਣ ਲੱਗੇ। ਉਸੇ ਵੇਲੇ ਹੀ 22 ਕੁ ਸਾਲ ਦੀ ਇਕ ਕੁੜੀ ਆਪਣੀ ਸਕੂਟਰੀ ’ਤੇ ਆਈ ਅਤੇ ਅੱਖ ਦੇ ਫੋਰ ਵਿਚ ਉਸ ਨੂੰ ਉਠਾਉਣ ਲੱਗੀ। ਇਕ ਦੋ ਬੰਦੇ ਹੋਰ ਵੀ ਉਸ ਦੀ ਮੱਦਦ ਲਈ ਆ ਗਏ। ਉਨ੍ਹਾਂ ਨੇ ਉਸ ਜ਼ਖ਼ਮੀ ਬੰਦੇ ਨੂੰ ਸਕੂਟਰੀ ਦੇ ਪਿੱਛੇ ਬਿਠਾਇਆ।
ਕੁੜੀ ਨੇ ਸਕੂਟਰੀ ਸਿਵਲ ਹਸਪਤਾਲ ਵੱਲ ਦੌੜਾ ਲਈ। ਹਸਪਤਾਲ ਪਹੁੰਦਿਆਂ ਹੀ ਉਹ ਮਰੀਜ਼ ਨੂੰ ਐਮਰਜੈਂਸੀ ’ਚ ਲੈ ਗਈ। ਡਾਕਟਰਾਂ ਨੇ ਜਲਦੀ ਨਾਲ ਉਸ ਦੀ ਲੱਤ ਤੇ ਬਾਂਹ ’ਤੇ ਪੱਟੀ ਕੀਤੀ। ਕੁਝ ਟੀਕੇ ਵੀ ਲਗਾਏ, ਪਰ ਸਿਰ ਦੀ ਸੱਟ ਕਰਕੇ ਜਲੰਧਰ ਵਾਸਤੇ ਰੈਫਰ ਕਰ ਦਿੱਤਾ। ਡਾਕਟਰਾਂ ਦੀ ਅਣਥੱਕ ਮਿਹਨਤ ਰੰਗ ਲਿਆਈ। ਸਮਾਂ ਪਾ ਕੇ ਉਹ ਵਿਅਕਤੀ ਠੀਕ ਹੋ ਗਿਆ। ਉਹ ਆਪਣੇ ਪਰਿਵਾਰ ਸਮੇਤ ਉਸ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ।
‘‘ਧੀਏ, ਤੂੰ ਤਾਂ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ... ਜੇ ਤੂੰ ਨਾ ਬਹੁੜਦੀ ਤਾਂ ਪਤਾ ਨਹੀਂ ਅੱਜ ਮੇਰੇ ਘਰ ਵਾਲਾ ਇਸ ਦੁਨੀਆ ’ਚ ਹੁੰਦਾ ਜਾਂ ਨਾ...।’’ ਉਸ ਵਿਅਕਤੀ ਦੀ ਪਤਨੀ ਉਸ ਦਲੇਰ ਤੇ ਹਿੰਮਤੀ ਲੜਕੀ ਦਾ ਧੰਨਵਾਦ ਕਰ ਰਹੀ ਸੀ।
‘‘ਆਂਟੀ ਜੀ, ਮੈਂ ਇਨਸਾਨੀਅਤ ਨਾਤੇ ਆਪਣਾ ਫਰਜ਼ ਨਿਭਾਇਆ ਏ। ਹੋਰ ਕੁਝ ਨਹੀਂ ਕੀਤਾ। ਅੰਕਲ ਜੀ ਆਪ ਹੀ ਬੜੇ ਹੌਂਸਲੇ ਵਾਲੇ ਨੇ। ਇਸ ਲਈ ਰੱਬ ਨੇ ਇਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਏ,’’ ਦਲੇਰ ਲੜਕੀ ਆਖ ਰਹੀ ਸੀ।
ਸੰਪਰਕ: 98552-35424
* * *

ਸੱਚ

ਭਲਕਨੂਰ
ਸੋਮਵਾਰ ਦੀ ਸਵੇਰ ਚੜ੍ਹੀ ਅਤੇ ਰਹਬਿਰ ਸਕੂਲ ਨਾ ਜਾਣ ਦੇ ਬਹਾਨੇ ਲੱਭ ਰਿਹਾ ਸੀ।
“ਰਹਬਿਰ... ਚਲੋ ਪੁੱਤਰ...।”
ਮੰਮੀ ਦੀ ਆਵਾਜ਼ ਸੁਣਦਿਆਂ ਹੀ ਰਹਬਿਰ ਮਨ ਹੀ ਮਨ ਕੋਈ ਬਹਾਨੇ ਬਣਾਉਣ ਲੱਗਾ ਅਤੇ ਢਿੱਡ ਫੜ ਕੇ ਰਜਾਈ ਮੂੰਹ ’ਤੇ ਲੈ ਕੇ ਸੁੱਤਾ ਹੋਣ ਦੀ ਨਕਲ ਕਰਨ ਲੱਗਾ।
“ਰਹਬਿਰ... ਚਲੋ ਪੁੱਤਰ...!” ਮੰਮੀ ਨੇ ਫਿਰ ਆਵਾਜ਼ ਮਾਰੀ।
ਮੰਮੀ ਨੂੰ ਯਕੀਨ ਸੀ ਕਿ ਰਹਬਿਰ ਸਕੂਲ ਨਾ ਜਾਣ ਲਈ ਕੋਈ ਬਹਾਨਾ ਬਣਾ ਰਿਹਾ ਹੈ। ਮੰਮੀ ਨੇ ਉਸ ਦਾ ਕੋਈ ਵੀ ਬਹਾਨਾ ਨਾ ਸੁਣਦਿਆਂ ਉਸ ਨੂੰ ਇਸ਼ਨਾਨ ਕਰਵਾ ਦਿੱਤਾ ਅਤੇ ਛੇਤੀ ਹੀ ਉਸ ਦਾ ਜੂੜਾ ਕਰ, ਪਟਕਾ ਬੰਨ੍ਹ ਕੇ ਸਕੂਲ ਲਈ ਤਿਆਰ ਕਰ ਦਿੱਤਾ।
ਰਹਬਿਰ ਬੜਾ ਹੀ ਭੋਲ਼ਾ ਬੱਚਾ ਸੀ। ਉਹਦਾ ਗੋਲ-ਮਟੋਲ ਜਿਹਾ ਚਿਹਰਾ ਸਭ ਨੂੰ ਭਾਉਂਦਾ। ਉਸ ਨੂੰ ਸਵਾਲ ਕਰਨ ਦੀ ਵੀ ਬਹੁਤ ਆਦਤ ਸੀ। ਉਹ ਅਕਸਰ ਹਰ ਗੱਲ ਪਿੱਛੇ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ।
ਉਹ ਹਰ ਸਵੇਰ ਸਕੂਲ ਜਾਣ ਤੋਂ ਪਹਿਲਾਂ ਆਪਣੀ ਮੰਮੀ ਕੋਲ ਬੈਠ ਕੇ ਪਾਠ ਸੁਣਦਾ ਅਤੇ ਕਈ ਵਾਰ ਮੰਮੀ ਵਾਂਗ ਅੱਖਾਂ ਬੰਦ ਕਰਨ ਦੀ ਨਕਲ ਵੀ ਕਰਦਾ।
ਉਹਦੀ ਮੰਮੀ ਉਸ ਨੂੰ ਕਈ ਵਾਰ ਇਹੋ ਗੱਲ ਸਮਝਾਉਂਦੀ, “ਰਹਬਿਰ ਪੁੱਤਰ, ਤੁਸੀਂ ਆਪਣੇ ਗੁਰੂ (ਟੀਚਰ) ਨਾਲ ਕਦੇ ਝੂਠ ਨਹੀਂ ਬੋਲਣਾ।”
ਮੰਮੀ ਨੂੰ ਪਤਾ ਸੀ ਜੇਕਰ ਇਸ ਉਮਰ ਵਿੱਚ ਬੱਚੇ ਤੋਂ ਕੋਈ ਗ਼ਲਤੀ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਝੂਠ ਦਾ ਸਹਾਰਾ ਲੈਂਦਾ ਹੈ। ਉਂਜ ਵੀ ਨਫ਼ਰਤ, ਦੁਸ਼ਮਣੀ, ਚੁਗਲੀ ਅਤੇ ਹੇਰਾਫੇਰੀ ਵਰਗੇ ਔਗੁਣ ਐਨੀ ਛੋਟੀ ਉਮਰ ’ਚ ਸੁਭਾਅ ਅੰਦਰ ਉੱਸਰੇ ਨਹੀਂ ਹੁੰਦੇ।
ਹਰ ਦਿਨ ਵਾਂਗ ਰਹਬਿਰ ਕਲਾਸ ਵਿੱਚ ਪਹੁੰਚ ਗਿਆ ਅਤੇ ਮੈਡਮ ਦੇ ਆਉਣ ਤੱਕ ਉਹ ਨੱਠਦਾ-ਭੱਜਦਾ ਭੁੱਲ ਗਿਆ ਕਿ ਅੱਜ ਸੋਮਵਾਰ ਹੈ। ਉਸ ਦਾ ਥਕੇਵਾਂ ਲੱਥ ਗਿਆ ਅਤੇ ਹੁਣ ਉਹ ਮਸਤੀ ਦੇ ਰੌਂਅ ਵਿੱਚ ਸੀ।
ਦੁਪਹਿਰ ਹੋਈ, ਲੰਚ ਬਰੇਕ ਵਿੱਚ ਉਸ ਦਾ ਧਿਆਨ ਆਪਣੀ ਜਮਾਤ ਵਿੱਚ ਹੀ ਪੜ੍ਹਦੇ ਦਿਲਰਾਜ ਵੱਲ ਗਿਆ। ਉਸ ਨੇ ਵੇਖਿਆ ਕਿ ਦਿਲਰਾਜ, ਕਿਰਨ ਦੇ ਬੈਗ ਵਿੱਚੋਂ ਕੁਝ ਪੈਨਸਿਲਾਂ ਅਤੇ ਪੈੱਨ ਚੋਰੀ ਕਰ ਰਿਹਾ ਸੀ। ਉਸ ਨੇ ਹੈਰਾਨੀ ਨਾਲ ਵੇਖਿਆ ਕਿ ਉਹ ਨਵੇਂ ਪੈਕਟ ਵਿੱਚੋਂ ਇਹ ਸਭ ਕੱਢ ਰਿਹਾ ਸੀ।
ਅਗਲੀ ਕਲਾਸ ਵਿੱਚ ਕਿਰਨ ਬਹੁਤ ਪਰੇਸ਼ਾਨ ਸੀ। ਉਸ ਨੇ ਮੈਡਮ ਨੂੰ ਸ਼ਿਕਾਇਤ ਕੀਤੀ ਕਿ ਕਿਸੇ ਨੇ ਉਸ ਦੇ ਬੈਗ ਵਿੱਚੋਂ ਚੋਰੀ ਕੀਤੀ ਹੈ, ਪਰ ਕਿਸ ਨੇ ਕੀਤੀ ਹੈ ਇਸ ਦਾ ਪਤਾ ਲਗਾਉਣਾ ਤਾਂ ਬਹੁਤ ਮੁਸ਼ਕਿਲ ਸੀ। ਇੱਕੋ ਜਿਹੇ ਪੈੱਨ ਤਾਂ ਕਈ ਬੱਚੇ ਵਰਤਦੇ ਸਨ।
ਰਹਬਿਰ ਨੂੰ ਆਪਣੇ ਚੁੱਪ ਰਹਿਣ ’ਤੇ ਅਫ਼ਸੋਸ ਸੀ। ਉਸ ਨੇ ਮੈਡਮ ਨੂੰ ਵੀ ਦੱਸਿਆ ਅਤੇ ਕਿਰਨ ਨੂੰ ਵੀ... ਪਰ ਦਿਲਰਾਜ ਆਪਣੀ ਗ਼ਲਤੀ ਨਾ ਮੰਨਿਆ। ਉਸ ਨੇ ਆਖਿਆ ਕਿ ਇਹ ਸਾਮਾਨ ਉਸ ਦਾ ਆਪਣਾ ਹੈ।
ਰਹਬਿਰ ਸੋਚ ਰਿਹਾ ਸੀ ਕਿ ‘ਅੱਜ ਸੱਚ ਬੋਲਣ ਨਾਲ ਵੀ ਕੁਝ ਨਹੀਂ ਹੋਇਆ।’ ਉਸ ਨੇ ਘਰ ਆ ਕੇ ਮੰਮੀ ਨੂੰ ਪੁੱਛਿਆ, ‘‘ਤੁਸੀਂ ਕਹਿੰਦੇ ਹੋ ਕਿ ਗੁਰੂ ਨਾਲ ਝੂਠ ਨਹੀਂ ਬੋਲਣਾ, ਪਰ ਦਿਲਰਾਜ ਨੇ ਤਾਂ ਆਪਣੀ ਗ਼ਲਤੀ ਮੰਨੀ ਨਹੀਂ ਅਤੇ ਉਸ ਨੂੰ ਸਜ਼ਾ ਵੀ ਨਹੀਂ ਮਿਲੀ!’’
ਉਸ ਦੀ ਮੰਮੀ ਬਹੁਤ ਸੂਝਵਾਨ ਔਰਤ ਸੀ। ਉਸ ਨੇ ਰਹਬਿਰ ਨੂੰ ਆਖਿਆ ਕਿ ਜੇਕਰ ਉਸ ਨੇ ਦਿਲਰਾਜ ਨੂੰ ਚੋਰੀ ਕਰਦੇ ਵੇਖਿਆ ਹੈ ਤਾਂ ਇਹੋ ਸੱਚ ਹੈ ਕਿ ਉਸ ਨੇ ਚੋਰੀ ਕੀਤੀ ਹੈ। ਮਸਲਾ ਇਹ ਹੈ ਕਿ ਉਹ ਸਵੀਕਾਰ ਨਹੀਂ ਕਰ ਰਿਹਾ, ਜ਼ਰੂਰ ਉਹ ਡਰ ਗਿਆ ਹੈ।
ਮੰਮੀ ਨੇ ਰਹਬਿਰ ਨੂੰ ਆਖਿਆ ਕਿ ਉਹ ਉਵੇਂ ਹੀ ਕਰੇ ਜਿਵੇਂ ਉਹ ਆਖਣ। ਭੋਲੂ ਜਿਹਾ ਰਹਬਿਰ ਹੈਰਾਨ ਸੀ ਕਿ ਪਤਾ ਨਹੀਂ ਹੁਣ ਕੀ ਕਰਨਾ ਪਵੇਗਾ।
ਮੰਮੀ ਨੇ ਰਹਬਿਰ ਨੂੰ ਆਖਿਆ ਕਿ ਉਹ ਦਿਲਰਾਜ ਨੂੰ ਆਪਣਾ ਚੰਗਾ ਦੋਸਤ ਬਣਾ ਲਵੇ।
ਰਹਬਿਰ ਬਹੁਤ ਹੈਰਾਨ ਸੀ ਕਿ ਉਸ ਦੇ ਮੰਮੀ ਕੀ ਕਹਿ ਰਹੇ ਹਨ। ਉਸ ਨੂੰ ਕੁਝ ਵੀ ਸਮਝ ਨਾ ਲੱਗੀ, ਪਰ ਉਸ ਨੇ ਉਵੇਂ ਹੀ ਕੀਤਾ ਜਿਵੇਂ ਮੰਮੀ ਕਹਿੰਦੇ ਰਹੇ।
ਕੁਝ ਕੁ ਹਫ਼ਤੇ ਲੰਘ ਗਏ। ਹੁਣ ਰਹਬਿਰ ਦਿਲਰਾਜ ਦਾ ਬਹੁਤ ਚੰਗਾ ਦੋਸਤ ਬਣ ਗਿਆ। ਉਹ ਦੋਵੇਂ ਇਕੱਠੇ ਖੇਡਦੇ, ਇਕੱਠੇ ਪੜ੍ਹਦੇ, ਇਕੱਠੇ ਖਾਣਾ ਖਾਂਦੇ ਅਤੇ ਇੱਕ ਦੂਜੇ ਦੇ ਘਰ ਵੀ ਆਉਂਦੇ ਜਾਂਦੇ।
ਮੰਮੀ ਖ਼ੁਸ਼ ਸੀ ਕਿ ਸਭ ਉਵੇਂ ਹੀ ਹੋ ਰਿਹਾ ਹੈ ਜਿਵੇਂ ਉਸ ਨੇ ਸੋਚਿਆ ਸੀ। ਸਮਾਂ ਬੀਤਦਾ ਗਿਆ। ਦਿਲਰਾਜ ਦਾ ਜਨਮ-ਦਿਨ ਆ ਗਿਆ। ਮੰਮੀ ਨੂੰ ਇਹੋ ਸਹੀ ਮੌਕਾ ਲੱਗਿਆ। ਉਸ ਨੇ ਰਹਬਿਰ ਨੂੰ ਆਖਿਆ ਕਿ ਉਹ ਦਿਲਰਾਜ ਲਈ ਬਹੁਤ ਖ਼ੂਬਸੂਰਤ ਪੈੱਨ ਅਤੇ ਪੈਨਸਿਲਾਂ ਖਰੀਦੇ। ਰਹਬਿਰ ਨੇ ਉਵੇਂ ਹੀ ਕੀਤਾ।
ਦਿਲਰਾਜ ਬਹੁਤ ਖ਼ੁਸ਼ ਸੀ ਕਿ ਰਹਬਿਰ ਉਸ ਦਾ ਇੰਨਾ ਚੰਗਾ ਦੋਸਤ ਹੈ ਅਤੇ ਉਹ ਆਪਣਾ ਜਨਮ-ਦਿਨ ਉਸ ਨਾਲ ਹੀ ਮਨਾਏਗਾ।
ਹੁਣ ਉਹ ਵੇਲ਼ਾ ਸੀ ਜਿੱਥੇ ਮਾਂ ਨੇ ਇਹੋ ਵੇਖਣਾ ਸੀ ਕਿ ਉਹ ਆਪਣੇ ਪੁੱਤਰ ਦੇ ਨਾਲ ਨਾਲ ਕਿਸੇ ਹੋਰ ਦੇ ਪੁੱਤਰ ਨੂੰ ਵੀ ਕੁਝ ਸਿਖਾ ਸਕੀ ਹੈ ਜਾਂ ਨਹੀਂ।
ਉਸ ਨੂੰ ਯਕੀਨ ਸੀ ਕਿ ਇਸ ਉਮਰ ਵਿੱਚ ਮਨੋਵਿਗਿਆਨ ਮੁਤਾਬਿਕ ਵੀ ਬੱਚੇ ਆਪਣੇ ਦੋਸਤਾਂ ਦੀ ਗੱਲ ਨੂੰ ਤੁਰੰਤ ਸੱਚ ਮੰਨ ਲੈਂਦੇ ਹਨ, ਨਾਲੇ ਇਹ ਤਾਂ ਉਂਝ ਵੀ ਸੱਚ ਸੀ।
ਦਿਲਰਾਜ ਨੇ ਜਦੋਂ ਉਸ ਦਾ ਤੋਹਫ਼ਾ ਖੋਲਿਆ ਤਾਂ ਉਹ ਬੇਅੰਤ ਖ਼ੁਸ਼ ਸੀ। ਉਸ ਨੂੰ ਤੋਹਫ਼ਾ ਬਹੁਤ ਪਸੰਦ ਆਇਆ। ਰਹਬਿਰ ਨੂੰ ਜਿਵੇਂ ਉਸ ਦੀ ਮੰਮੀ ਨੇ ਸਮਝਾਇਆ ਸੀ, ਉਸ ਨੇ ਉਸੇ ਲਹਿਜੇ ਨਾਲ ਦਿਲਰਾਜ ਨੂੰ ਕਿਰਨ ਤੋਂ ਮੁਆਫ਼ੀ ਮੰਗਣ ਲਈ ਕਿਹਾ ਅਤੇ ਉਸ ਦਾ ਸਾਮਾਨ ਵਾਪਸ ਕਰਨ ਲਈ ਕਿਹਾ।
ਦਿਲਰਾਜ ਦਾ ਸੁਭਾਅ ਅਤੇ ਸੰਸਕਾਰ ਦੋਵੇਂ ਬਦਲ ਚੁੱਕੇ ਸਨ। ਉਹ ਹੁਣ ਡਰ ਨਹੀਂ ਸੀ ਰਿਹਾ ਅਤੇ ਆਪਣੀ ਗ਼ਲਤੀ ਵੀ ਸਵੀਕਾਰ ਕਰ ਰਿਹਾ ਸੀ।
ਰਹਬਿਰ ਇਸ ਗੱਲ ’ਤੇ ਹੋਰ ਯਕੀਨ ਕਰਨ ਲੱਗਿਆ ਕਿ “ਸੱਚ ਸਿਰਫ਼ ਸਮੇਂ ਨੂੰ ਉਡੀਕਦਾ ਹੈ।”
ਉਸ ਦੀ ਮਾਂ ਬਹੁਤ ਖ਼ੁਸ਼ ਸੀ।

Advertisement
Author Image

joginder kumar

View all posts

Advertisement
Advertisement
×