ਬਿਨਾਂ ਲਾਇਸੈਂਸ ਚੱਲ ਰਹੇ ਮਿਲਕ ਸੈਂਟਰ ’ਤੇ ਛਾਪਾ
ਮਨੋਜ ਸ਼ਰਮਾ
ਬਠਿੰਡਾ, 8 ਨਵੰਬਰ
ਦੀਵਾਲੀ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਹਾਇਕ ਕਮਿਸ਼ਨਰ ਫੂਡ ਸੇਫ਼ਟੀ ਅੰਮ੍ਰਤਿਪਾਲ ਦੀ ਅਗਵਾਈ ਵਿੱਚ ਗੁਪਤ ਸੂਚਨਾ ਦੇ ਆਧਾਰ ਉਤੇ ਉਦਯੋਗਿਕ ਏਰੀਏ ਬਠਿੰਡਾ ਵਿੱਚ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਮਿਲਕ ਸੈਂਟਰ ’ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਟੀਮ ਵੱਲੋਂ ਪਨੀਰ, ਘਿਓ, ਖੋਏ ਤੇ ਮਿਕਸ ਦੁੱਧ ਦੇ ਸੈਂਪਲ ਲਏ ਗਏ। ਇਸ ਮੌਕੇ ਵਿਭਾਗ ਦੀ ਟੀਮ ਨੇ ਕਾਰਵਾਈ ਕਰਦਿਆਂ ਇੱਕ ਕੁਇੰਟਲ ਖੋਇਆ, 1100 ਲਿਟਰ ਘਿਓ ਅਤੇ 400 ਕਿਲੋ ਪਨੀਰ ਸੀਜ਼ ਕਰ ਦਿੱਤਾ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲ ਲੈ ਕੇ ਸੂਬਾ ਪੱਧਰੀ ਫੂਡ ਲੈਬ ਵਿੱਚ ਭੇਜੇ ਗਏ ਹਨ, ਜਿਨ੍ਹਾਂ ਦੇ ਨਤੀਜੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਲਾਵਟਖੋਰੀ ਅਤੇ ਨਕਲੀ ਖ਼ੁਰਾਕੀ ਪਦਾਰਥਾਂ ਦੀ ਵਿਕਰੀ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਲਕ ਪਲਾਂਟ ਕੋਲ ਫੂਡ ਸੇਫ਼ਟੀ ਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਪ੍ਰਾਪਤ ਲਾਇਸੈਂਸ ਨਹੀਂ ਹੈ। ਉਨ੍ਹਾਂ ਸਖਤ ਤਾੜਨਾ ਕੀਤੀ ਕਿ ਨਕਲੀ ਘਿਓ ਅਤੇ ਖੋਆ ਅਤੇ ਹੋਰ ਖ਼ੁਰਾਕੀ ਵਸਤਾਂ ਦੀ ਪੜਤਾਲ ਸਮੇਂ-ਸਮੇਂ ਸਿਰ ਕੀਤੀ ਜਾਵੇਗੀ ਅਤੇ ਜੇਕਰ ਕਤਿੇ ਵੀ ਨਕਲੀ ਘਿਓ, ਨਕਲੀ ਖੋਆ ਜਾ ਕੋਈ ਹੋਰ ਪਦਾਰਥ ਨਕਲੀ ਮਿਲਿਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।