ਆਮਦਨ ਕਰ ਅਧਿਕਾਰੀ ਬਣ ਕੇ ਫ਼ਿਲਮੀ ਅੰਦਾਜ਼ ’ਚ ਮਾਰਿਆ ਛਾਪਾ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 24 ਜੁਲਾਈ
ਥਾਣਾ ਅਹਿਮਦਗੜ੍ਹ ਸਦਰ ਦੇ ਪਿੰਡ ਅਲਵੇਲਪੁਰਾ (ਰੋਡੀਵਾਲ) ਵਿੱਚ ਇਨਕਮ ਟੈਕਸ ਵਾਲੇ ਦੱਸ ਕੇ ਫ਼ਿਲਮੀ ਅੰਦਾਜ਼ ਵਿਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਸ਼ਿਕਾਇਤਕਰਤਾ ਸਲਮਾ ਪਤਨੀ ਸ਼ਰੀਫ਼ ਖਾਨ, ਪਿੰਡ ਰੋਡੀਵਾਲ ਨੇ ਆਪਣੇ ਬਿਆਨਾਂ ਵਿਚ ਪੁਲੀਸ ਨੂੰ ਦੱਸਿਆ ਕਿ ਬੀਤੇ ਦਨਿ ਉਹ ਤੇ ਉਸ ਦੀ ਨੂੰਹ ਘਰ ਵਿੱਚ ਇਕੱਲੀਆਂ ਸਨ ਤੇ ਉਸ ਦਾ ਪੁੱਤਰ ਲੜਕੀ ਸਮੇਤ ਲੁਧਿਆਣਾ ਵਿੱਚ ਦਵਾਈ ਲੈਣ ਗਏ ਹੋਏ ਸਨ। ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਤਿੰਨ ਨੌਜਵਾਨ ਘਰ ਆਏ ਜੋ ਆਪਣੇ ਆਪ ਨੂੰ ਇਨਕਮ ਟੈਕਸ ਅਧਕਾਰੀ ਦੱਸ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਲੈਣ ਲੱਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਉਸ ਦੀ ਨੂੰਹ ਤੋਂ ਮੋਬਾਈਲ ਖੋਹ ਕੇ ਅਲਮਾਰੀਆਂ ਦੀਆਂ ਚਾਬੀਆਂ ਲੈ ਲਈਆਂ ਤੇ ਤਿੰਨ ਲੱਖ ਦੇ ਕਰੀਬ ਨਕਦੀ, ਨੂੰਹ ਦਾ ਸੋਨੇ ਦਾ ਸੈੱਟ, ਸੋਨੇ ਦੀਆਂ ਚੂੜੀਆਂ ਕਰੀਬ ਦਸ ਤੋਲੇ ਸੋਨਾ ਤੇ ਚਾਂਦੀ 8-10 ਤੋਲੇ ਦੇ ਗਹਿਣੇ ਅਤੇ ਜ਼ਰੂਰੀ ਕਾਗਜ਼ਾਤ ਕੱਢ ਕੇ ਬੈੱਡ ’ਤੇ ਸੁੱਟ ਲਏ ਤੇ ਆਪਣੇ ਅਫਸਰਾਂ ਨਾਲ ਗੱਲਬਾਤ ਕਰਦਿਆਂ ਸਾਮਾਨ ਲਿਫਾਫੇ਼ ਵਿਚ ਪਾ ਲਿਆ। ਜਦੋਂ ਮੁਦਈ ਨੇ ਆਪਣੇ ਪੁੱਤਰ ਨਾਲ ਗੱਲ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਮੁਦਈ ਸਲਮਾ ਨੂੰ ਡਰਾ ਧਮਕਾ ਕੇ ਕਿਸੇ ਮੈਡਮ ਦੇ ਆਉਣ ਦੀ ਗੱਲ ਕਹੀ। ਇਸ ਤੋਂ ਬਾਅਦ ਉਹ ਨਕਦੀ, ਸੋਨਾ ਚਾਂਦੀ ਲੈ ਕੇ ਸਾਜ਼ਿਸ਼ ਤਹਿਤ ਰਫੂਚੱਕਰ ਹੋ ਗਏ। ਇਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਹੈਲਪਲਾਈਨ 100 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ। ਅੱਜ ਜ਼ਿਲ੍ਹਾ ਪੁਲੀਸ ਮੁਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ਼ ਦੇ ਅਧਾਰ ’ਤੇ ਤਿੰਨ ਸ਼ੱਕੀ ਨੌਜਵਾਨਾਂ ਦਾ ਸਕੈਚ ਯਾਰੀ ਕਰ ਦਿੱਤਾ ਹੈ ਜਿਸ ਦੇ ਅਧਾਰ ’ਤੇ ਪੁਲੀਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਚੋਰੀ ਦੇ ਵਾਹਨਾਂ ਸਣੇ ਤਿੰਨ ਕਾਬੂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੇ ਦੋ ਵਾਹਨ ਬਰਾਮਦ ਕੀਤੇ ਗਏ ਹਨ। ਥਾਣਾ ਹੈਬੋਵਾਲ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜਵਾਲਾ ਸਿੰਘ ਚੌਕ ਮੋਜੂਦ ਸੀ ਤਾਂ ਸੁਮਿਤ ਸੈਣੀ ਵਾਸੀ ਆਰੇ ਵਾਲੀ ਗਲੀ ਜੋਸ਼ੀ ਨਗਰ ਨੂੰ ਚੋਰੀ ਦੇ ਐਕਟਿਵਾ ਸਕੂਟਰ ਬਨਿਾਂ ਨੰਬਰੀ ’ਤੇ ਸੰਗਮ ਪੈਲਸ ਚੌਕ ਤੋਂ ਕਾਬੂ ਕੀਤਾ ਗਿਆ। ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਰੌਕਮੈਨ ਚੌਕ ਫੇਸ-5 ਫੋਕਲ ਪੁਆਇੰਟ ਮੌਜੂਦ ਸੀ ਤਾਂ ਸ਼ਿਵ ਨੰਦਨ ਕੁਮਾਰ ਵਾਸੀ ਪਿੰਡ ਗੋਬਿੰਦਗੜ੍ਹ ਅਤੇ ਅੰਕਿਤ ਕੁਮਾਰ ਵਾਸੀ ਪਿੰਡ ਗੋਬਿੰਦਗੜ੍ਹ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ।