ਬਿਜਲੀ ਮੰਤਰੀ ਵੱਲੋਂ ਪਾਵਰਕੌਮ ਦਫ਼ਤਰ ਵਿੱਚ ਛਾਪਾ
ਜਤਿੰਦਰ ਬੈਂਸ
ਗੁਰਦਾਸਪੁਰ, 29 ਜੁਲਾਈ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਗੁਰਦਾਸਪੁਰ ਸਥਿਤ ਐੱਸਈ ਪਾਵਰਕੌਮ ਦੇ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਮੌਕੇ ਈਟੀਓ ਨੇ ਦਫ਼ਤਰੀ ਸਟਾਫ਼ ਦੀ ਹਾਜ਼ਰੀ ਚੈੱਕ ਕਰਨ ਦੇ ਨਾਲ ਉਨ੍ਹਾਂ ਦੇ ਕੰਮ-ਕਾਜ ਨੂੰ ਦੇਖਿਆ। ਇਸ ਮੌਕੇ ਉਨ੍ਹਾਂ ਦਫ਼ਤਰ ਪਹੁੰਚੇ ਖਪਤਕਾਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਪਾਵਰਕੌਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰ ਆਉਣ ਵਾਲੇ ਹਰ ਖਪਤਕਾਰ ਦਾ ਕੰਮ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ ਅਤੇ ਲੋਕਾਂ ਨੂੰ ਦਫ਼ਤਰਾਂ ਵਿੱਚ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਸ ਦੌਰਾਨ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਇਸ ਗਰਮੀ ਦੇ ਮੌਸਮ ਵਿੱਚ ਰਿਕਾਰਡ ਉੱਚ ਬਿਜਲੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਮੌਸਮ ਦੇ ਬਾਵਜੂਦ, ਨਮੀ ਵਾਲੀਆਂ ਸਥਿਤੀਆਂ ਅਤੇ ਘੱਟ ਮੀਂਹ ਕਾਰਨ ਰਾਜ ਵਿੱਚ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। ਇਹ ਵਾਧਾ ਘਰੇਲੂ ਖਪਤ, ਝੋਨੇ ਦੀ ਫ਼ਸਲ ਦੀ ਸਿੰਜਾਈ, ਅਤੇ ਉਦਯੋਗਿਕ ਵਰਤੋਂ ਵਿੱਚ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅਤੇ ਘਰੇਲੂ ਖ਼ਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।