ਈਡੀ ਵੱਲੋਂ ਛਾਪਾ: ‘ਆਪ’ ਵਰਕਰਾਂ ਵੱਲੋਂ ਹੈਮਪਟਨ ਹੋਮਜ਼ ਦੇ ਬਾਹਰ ਧਰਨਾ
06:36 AM Oct 08, 2024 IST
ਗਗਨਦੀਪ ਅਰੋੜਾ
ਲੁਧਿਆਣਾ, 7 ਅਕਤੂਬਰ
ਲੁਧਿਆਣਾ, 7 ਅਕਤੂਬਰ
‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਈਡੀ ਦੇ ਛਾਪੇ ਦੀ ਸੂਚਨਾ ਮਿਲਦਿਆਂ ਹੀ ‘ਆਪ’ ਦੇ ਵਰਕਰ ਇਕੱਠੇ ਹੋ ਗਏ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਰਕਰਾਂ ਨੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਮੱਕੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੁਝ ਹਾਸਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵੀ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ ਤੇ ਉੱਥੇ ਵੀ ਈਡੀ ਨੂੰ ਕੁਝ ਨਹੀਂ ਮਿਲਿਆ ਤਾਂ ਹੁਣ ਇੱਥੇ ਵੀ ਖਾਲੀ ਹੱਥ ਹੀ ਪਰਤਣਾ ਪਵੇਗਾ। ਵਰਕਰਾਂ ਨੇ ਈਡੀ ਦੀ ਟੀਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਵਰਕਰਾਂ ਵੱਲੋਂ ਧਰਨੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਵੀ ਪੁੱਜ ਗਈ। ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਮੱਕੜ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਈਡੀ ਅਤੇ ਸੀਬੀਆਈ ਦਾ ਗਲਤ ਉਪਯੋਗ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ ਤੇ ਦੋਵੇਂ ਜਾਂਚ ਏਜੰਸੀਆਂ ਲਗਾਤਾਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ’ਤੇ ਝੂਠੇ ਕੇਸਾਂ ਦੇ ਆਧਾਰ ’ਤੇ ਹਮਲੇ ਕਰ ਰਹੀਆਂ ਹਨ ਅਤੇ ਅਦਾਲਤਾਂ ਦੀ ਝਾੜ ਦੇ ਬਾਵਜੂਦ ਅੱਜ ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੀਵ ਅਰੋੜਾ ਦੇ ਦਫ਼ਤਰ ’ਚ ਈਡੀ ਵੱਲੋਂ ਛਾਪਾ ਮਾਰਿਆ ਗਿਆ ਜਿਸ ਦੇ ਵਿਰੋਧ ਵਿੱਚ ਦਲਜੀਤ ਸਿੰਘ ਗਰੇਵਾਲ (ਭੋਲਾ), ਕੁਲਵੰਤ ਸਿੰਘ ਸਿੱਧੂ, ਬੁੱਢੇਵਾਲ ਸ਼ੂਗਰ ਮਿੱਲ ਦੇ ਚੇਅਰਮੈਨ ਜ਼ੋਰਾਵਰ ਸਿੰਘ, ਲੁਧਿਆਣਾ ਲੋਕ ਸਭਾ ਇੰਚਾਰਜ ਦੀਪਕ ਬੰਸਲ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਵਕੀਲ ਪਰਮਵੀਰ ਸਿੰਘ, ਕੁਲਦੀਪ ਐਰੀ, ਜਸਵੰਤ ਸਿੰਘ, ਰਿੰਪੀ ਕੋਚਰ, ਕੁਲਵਿੰਦਰ ਸ਼ਾਰਦੇ ਤੇ ਸੁਰਜੀਤ ਗਰਚਾ ਮੌਜੂਦ ਸਨ।
ਵਕੀਲ ਨੇ ਲਾਇਆ ਕਰੋੜਾਂ ਦੇ ਘਪਲੇ ਦਾ ਦੋਸ਼
ਲੁਧਿਆਣਾ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਹੈਮਪਟਨ ਹੋਮਜ਼ ਪ੍ਰਾਜੈਕਟ ਨੂੰ ਲੈ ਕੇ ਸ਼ਹਿਰ ਦੇ ਸੀਨੀਅਰ ਵਕੀਲ ਅਰੁਣ ਖੁਰਮੀ ਨੇ ਹੈਮਪਟਨ ਹੋਮਜ਼ ਅਤੇ ਇਸ ਦੇ ਆਲੇ-ਦੁਆਲੇ ਦੀ ਇੱਕ ਹਜ਼ਾਰ ਏਕੜ ਜ਼ਮੀਨ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਜਗ੍ਹਾ ’ਤੇ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਘਪਲਾ ਹੋਇਆ ਹੈ, ਜਿਸ ਨੂੰ ਉਸ ਸਮੇਂ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਰਕਾਰ ਨੇ ਕਿਸਾਨਾਂ ਤੋਂ ਐਕੁਆਇਰ ਕਰ ਲਿਆ ਸੀ ਅਤੇ ਇੰਡਸਟਰੀ ਦੇ ਨਾਂ ’ਤੇ ਆਪਣੇ ਚਹੇਤਿਆਂ ਨੂੰ ਸਸਤੇ ਭਾਅ ਅਲਾਟ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਕਰੀਬ ਇੱਕ ਸਾਲ ਪਹਿਲਾਂ ਈਡੀ ਨੂੰ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਈਡੀ ਦੀ ਟੀਮ ਉਸੇ ਮਾਮਲੇ ਵਿੱਚ ਕੀਤੀ ਸ਼ਿਕਾਇਤ ਦੀ ਜਾਂਚ ਕਰਨ ਲਈ ਪਹੁੰਚੀ ਹੈ। ਵਕੀਲ ਅਰੁਣ ਖੁਰਮੀ ਨੇ ਦੱਸਿਆ ਕਿ ਸੰਜੀਵ ਅਰੋੜਾ ਦੇ ਨਾਲ-ਨਾਲ ਹੇਮੰਤ ਸੂਦ ਅਤੇ ਸੰਧੂ ਇੰਡਸਟਰੀਜ਼ ਵਿੱਚ ਵੀ ਈਡੀ ਦੀ ਟੀਮ ਜਾਂਚ ਕਰ ਰਹੀ ਹੈ। ਐਡਵੋਕੇਟ ਖੁਰਮੀ ਨੇ ਇਸ ਜਗ੍ਹਾ ਨਾਲ ਸਬੰਧਤ ਘਪਲੇ, ਦਰਜ ਕੇਸ ਅਤੇ ਅਦਾਲਤੀ ਹੁਕਮਾਂ ਸਬੰਧੀ ਸਾਰੇ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਕੋਈ ਵੀ ਏਜੰਸੀ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਕੋਈ ਸਬੂਤ ਮੰਗੇਗੀ ਤਾਂ ਉਹ ਜ਼ਰੂਰ ਦੇਣਗੇ। ਐਡਵੋਕੇਟ ਖੁਰਮੀ ਨੇ ਦੱਸਿਆ ਕਿ ਇਸ ਜਗ੍ਹਾ ਨੂੰ ਲੈ ਕੇ ਦੋ ਇੰਡਸਟਰੀਆਂ ਦੇ ਮਾਲਕ ਖ਼ਿਲਾਫ਼ ਫੋਕਲ ਪੁਆਇੰਟ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ। -ਟ੍ਰਿਬਿਊਨ ਨਿਊਜ਼ ਸਰਵਿਸ
Advertisement
Advertisement