Raid at Farmers home ਚੰਡੀਗੜ੍ਹ ਮੋਰਚੇ ਨੂੰ ਫੇਲ੍ਹ ਕਰਨ ਲਈ ਬਨੂੜ ਵਿਚ ਵੀ ਕਿਸਾਨ ਆਗੂਆਂ ਦੀ ਫੜੋ ਫੜ੍ਹੀ ਆਰੰਭ
ਕਰਮਜੀਤ ਸਿੰਘ ਚਿੱਲਾ
ਬਨੂੜ, 4 ਮਾਰਚ
Raid at Farmers home ਪੰਜਾਬ ਪੁਲੀਸ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਨੂੰ ਅਸਫਲ ਬਣਾਉਣ ਲਈ ਕਿਸਾਨ ਆਗੂਆਂ ਦੀ ਫੜੋ ਫੜੀ ਆਰੰਭ ਕਰ ਦਿੱਤੀ ਹੈ।
ਪੁਲੀਸ ਨੇ ਅੱਜ ਵੱਡੇ ਤੜਕੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਿੰਡ ਸਿਆਊ ਤੋਂ ਹਿਰਾਸਤ ਵਿਚ ਲਿਆ ਗਿਆ। ਸੂਬਾਈ ਆਗੂ ਪਰਮਦੀਪ ਸਿੰਘ ਬੈਦਵਾਣ ਨੂੰ ਵੀ ਉਨ੍ਹਾਂ ਦੇ ਪਿੰਡ ਮਟੌਰ ਤੋਂ ਪੁਲੀਸ ਨੇ ਚੁੱਕ ਲਿਆ। ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸਰਪੰਚ ਕਰਾਲਾ ਵੱਲੋਂ ਦਿੱਤੀ ਗਈ।

ਇਸੇ ਤਰ੍ਹਾਂ ਪੁਲੀਸ ਨੇ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ ਨੂੰ ਵੀ ਪਿੰਡ ਕਰਾਲਾ ਤੋਂ ਵੱਡੇ ਤੜਕੇ ਹਿਰਾਸਤ ਵਿਚ ਲਿਆ ਹੈ। ਇਹ ਜਾਣਕਾਰੀ ਗਰਪ੍ਰੀਤ ਸਿੰਘ ਸੇਖਨਮਾਜਰਾ ਵੱਲੋਂ ਦਿੱਤੀ ਗਈ।
ਕਿਸਾਨ ਆਗੂਆਂ ਦੀ ਫੜੋ ਫੜ੍ਹੀ ਵਿਰੁੱਧ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ 5 ਮਾਰਚ ਨੂੰ ਹਰ ਹਾਲਤ ਵਿੱਚ ਚੰਡੀਗੜ੍ਹ ਪਹੁੰਚਣ ਦਾ ਅਹਿਦ ਲੈਂਦਿਆਂ ਆਪਣੇ ਕਾਰਕੁਨਾਂ ਨੂੰ ਘਰਾਂ ਤੋਂ ਰੂਪੋਸ਼ ਹੋਣ ਲਈ ਕਿਹਾ ਹੈ।
ਪੁਲੀਸ ਗੱਡੀਆਂ ਦਾ ਘਿਰਾਉ ਕਰਨ ਪਿੰਡਾਂ ਦੇ ਵਸਨੀਕ
ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਨੇ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਨਿੰਦਾ ਕਰਦਿਆਂ ਪਿੰਡਾਂ ਦੇ ਵਸਨੀਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੇ ਪਿੰਡ ਵਿੱਚ ਵੀ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਲਈ ਪੁਲੀਸ ਦੀਆਂ ਗੱਡੀਆਂ ਆਉਂਦੀਆਂ ਹਨ, ਉਨ੍ਹਾਂ ਦਾ ਘਿਰਾਉ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇ।