ਰਾਏ ਅਜ਼ੀਜ਼ਉੱਲ੍ਹਾ ਖਾਨ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਕਿਤਾਬੀ ਰੂਪ ਦੇਣਗੇ
ਗੁਰਪ੍ਰੀਤ ਸਿੰਘ ਤਲਵੰਡੀ
ਸਰੀ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਲੱਖਾਂ ਦੀ ਫ਼ੌਜ ਨਾਲ ਲੜਦੇ ਸ਼ਹੀਦ ਹੋ ਗਏ ਸਨ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਸੀ। ਉਨ੍ਹਾਂ ਬਾਰੇ ਗੁਰੂ ਸਾਹਿਬ ਨੂੰ ਅਜੇ ਕੋਈ ਖ਼ਬਰ ਨਹੀਂ ਮਿਲੀ ਸੀ। ਗੁਰੂ ਸਾਹਿਬ ਖ਼ੁਦ ਮਾਛੀਵਾੜਾ ਪਹੁੰਚ ਕੇ ਉੱਥੋਂ ਗਨੀ ਖਾਂ ਤੇ ਨਬੀ ਖਾਂ ਦੀ ਮਦਦ ਨਾਲ ਉੱਚ ਦਾ ਪੀਰ ਬਣ ਕੇ ਰਾਏਕੋਟ ਪਹੁੰਚੇ। ਉੱਥੇ ਉਨ੍ਹਾਂ ਨੂੰ ਨੂਰਾ ਮਾਹੀ ਨਾਮ ਦਾ ਵਿਅਕਤੀ ਮਿਲਿਆ ਜੋ ਮੱਝਾਂ ਚਾਰ ਰਿਹਾ ਸੀ। ਨੂਰਾ ਰਿਆਸਤ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦਾ ਘਰੇਲੂ ਨੌਕਰ ਸੀ। ਉਸ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਰਾਏ ਕੱਲ੍ਹਾ ਨੂੰ ਸੱਦਾ ਭੇਜਿਆ। ਰਾਏ ਕੱਲ੍ਹਾ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ ਅਤੇ ਗੁਰੂ ਸਾਹਿਬ ਦੇ ਕਹਿਣ ’ਤੇ ਨੂਰਾ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਖ਼ਬਰ ਲੈਣ ਲਈ ਭੇਜਿਆ। ਨੂਰੇ ਦੀ ਭੈਣ ਸਰਹਿੰਦ ਵਿਆਹੀ ਹੋਈ ਸੀ। ਰਾਏਕੋਟ ਵਿੱਚ ਹੀ ਨੂਰਾ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਗੁਰੂ ਸਾਹਿਬ ਨੂੰ ਖ਼ਬਰ ਦਿੱਤੀ। ਗੁਰੂ ਸਾਹਿਬ ਇੱਥੋਂ ਹੀ ਰਾਏ ਕੱਲ੍ਹਾ ਨੂੰ ਆਪਣੀ ਨਿਸ਼ਾਨੀ ਵਜੋਂ ਪਵਿੱਤਰ ਗੰਗਾ ਸਾਗਰ, ਇੱਕ ਪੋਥੀ ਰੱਖਣ ਵਾਲੀ ਰਹਿਲ ਅਤੇ ਇੱਕ ਖੜਗ (ਤਲਵਾਰ) ਦੇ ਕੇ ਅੱਗੇ ਦੀਨਾ ਕਾਂਗੜ ਵੱਲ ਨਿਕਲ ਗਏ।
ਰਾਏ ਕੱਲ੍ਹਾ ਦੇ ਪਰਿਵਾਰ ਵੱਲੋਂ ਗੁਰੂ ਜੀ ਦੀ ਕੀਤੀ ਗਈ ਸੇਵਾ ਨੂੰ ਸਮੁੱਚਾ ਸਿੱਖ ਜਗਤ ਹਮੇਸ਼ਾ ਚੇਤਿਆਂ ਵਿੱਚ ਵਸਾ ਕੇ ਰੱਖੇਗਾ। ਇਹ ਉਹ ਸਮਾਂ ਸੀ, ਜਦ ਗੁਰੂ ਜੀ ਦੀ ਸੇਵਾ ਕਰਨਾ ਮੁਗ਼ਲ ਹਕੂਮਤ ਨਾਲ ਆਢਾ ਲਗਾਉਣ ਦੇ ਬਰਾਬਰ ਸੀ। ਉਸ ਵਕਤ ਤਾਂ ਗੁਰੂ ਸਾਹਿਬ ਲਈ ਆਪਣਿਆਂ ਵੱਲੋਂ ਵੀ ਮੁਗ਼ਲਾਂ ਤੋਂ ਡਰਦਿਆਂ ਦਰਵਾਜ਼ੇ ਬੰਦ ਕਰ ਲਏ ਗਏ। ਰਾਏ ਕੱਲ੍ਹਾ ਵੱਲੋਂ ਮੁਗ਼ਲ ਸਲਤਨਤ ਖਿਲਾਫ਼ ਗੁਰੂ ਜੀ ਪ੍ਰਤੀ ਦਿਖਾਈ ਸ਼ਰਧਾ ਉੱਪਰ ਰਾਏ ਪਰਿਵਾਰ ਦੇ ਵੰਸ਼ਜ ਹਾਲੇ ਵੀ ਮਾਣ ਕਰਦੇ ਹਨ।
ਰਾਏ ਕੱਲ੍ਹਾ ਦੀ ਪੀੜ੍ਹੀ ਦੇ ਨੌਵੇਂ ਵਾਰਿਸ ਰਾਏ ਅਜ਼ੀਜ਼ਉੱਲ੍ਹਾ ਖਾਨ ਪਾਕਿਸਤਾਨ ਦੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਇਸ ਵਕਤ ਸਰੀ (ਕੈਨੇਡਾ) ਵਿੱਚ ਰਹਿੰਦੇ ਹਨ। ਰਾਏ ਅਜ਼ੀਜ਼ਉੱਲ੍ਹਾ ਖਾਨ ਆਪਣੇ ਪਰਿਵਾਰ ਦਾ 15ਵੀਂ ਸਦੀ ਤੋਂ ਪਹਿਲਾਂ ਦਾ ਇਤਿਹਾਸ ਸਿਰਫ਼ ਸੰਭਾਲੀ ਹੀ ਨਹੀਂ ਬੈਠੇ ਸਗੋਂ ਇਤਿਹਾਸ ਨੂੰ ਹਿੱਕ ਨਾਲ ਲਗਾਈ ਬੈਠੇ ਹਨ। ਉਨ੍ਹਾਂ ਦੇ ਦੱਸਣ ਮੁਤਾਬਿਕ ਰਾਏ ਪਰਿਵਾਰ ਦੇ ਬਜ਼ੁਰਗਾਂ ਰਾਏ ਤੁਲਸੀਦਾਸ ਤੇ ਰਾਏ ਸਿਰਾਜ਼ੂਦੀਨ ਨੇ ਜੈਸਲਮੇਰ ਰਾਜਸਥਾਨ ਤੋਂ ਚੱਲ ਕੇ ਲੁਧਿਆਣਾ ਦੇ ਜਗਰਾਉਂ ਲਾਗੇ ਪਿੰਡ ਚਕਰ ਨੂੰ ਆਬਾਦ ਕੀਤਾ ਸੀ। ਜ਼ਿਕਰਯੋਗ ਹੈ ਕਿ ਰਾਏ ਪਰਿਵਾਰ ਦੇ ਬਜ਼ੁਰਗ ਉੱਚ ਦੇ ਪੀਰ ਕੋਲੋਂ ਹੀ ਹਿੰਦੂ ਤੋਂ ਮੁਸਲਮਾਨ ਬਣੇ ਸਨ। ਇਹ ਪਰਿਵਾਰ ਰਾਜਪੂਤ ਘਰਾਣੇ ਨਾਲ ਸਬੰਧਿਤ ਹੈ। ਸੰਨ 1478 ਵਿੱਚ ਰਾਏ ਕੱਲ੍ਹਾ (ਅੱਵਲ) ਦੁਆਰਾ ਪਿੰਡ ਤਲਵੰਡੀ ਰਾਏ, ਸੰਨ 1648 ਵਿੱਚ ਰਾਏ ਅਹਿਮਦ ਦੁਆਰਾ ਰਾਏਕੋਟ ਅਤੇ ਸੰਨ 1680 ਵਿੱਚ ਰਾਏ ਕਮਾਲੂਦੀਨ ਦੁਆਰਾ ਜਗਰਾਉਂ ਵਸਾਇਆ ਗਿਆ। ਇਹੀ ਰਾਏ ਕਮਾਲੂਦੀਨ ਗੁਰੂ ਸਾਹਿਬ ਦੀ ਦੇਵਾ ਕਰਨ ਵਾਲੇ ਰਾਏ ਕੱਲ੍ਹਾ ਦੇ ਪਿਤਾ ਸਨ।
ਰਾਏ ਅਜ਼ੀਜ਼ਉੱਲ੍ਹਾ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਬਦਲੇ ਸਮੁੱਚੇ ਸਿੱਖ ਜਗਤ ਨੇ ਬੇਹੱਦ ਸਤਿਕਾਰ ਦਿੱਤਾ ਹੈ, ਜਿਸ ਦੇ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਅਨੁਸਾਰ ਉਹ ਆਪਣੇ ਪਰਿਵਾਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਹਮੇਸ਼ਾ ਯਤਨ ਕਰਦੇ ਰਹੇ ਹਨ। ਉਨ੍ਹਾਂ ਆਪਣੇ ਪਰਿਵਾਰ ਬਾਰੇ ਇਤਿਹਾਸਕ ਹਵਾਲੇ ਇਕੱਠੇ ਕਰਨ ਲਈ ਲਾਹੌਰ (ਪਾਕਿਸਤਾਨ) ਹੀ ਨਹੀਂ ਸਗੋਂ ਭਾਰਤ ਸਮੇਤ ਹੋਰ ਵੀ ਦੇਸ਼ਾਂ ਦੀਆਂ ਲਾਇਬ੍ਰੇਰੀਆਂ ਅਤੇ ਇਤਿਹਾਸਕਾਰਾਂ ਨਾਲ ਸੰਪਰਕ ਕਰਕੇ ਕਾਫ਼ੀ ਸਾਰਾ ਇਤਿਹਾਸ ਇਕੱਠਾ ਕੀਤਾ ਹੈ। ਹੁਣ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਇਸ ਇਤਿਹਾਸ ਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਸੰਭਾਲਿਆ ਜਾਵੇ ਤਾਂ ਕਿ ਇਸ ਇਤਿਹਾਸ ਨੂੰ ਇੰਨ੍ਹ-ਬਿੰਨ੍ਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਉਹ ਇਨ੍ਹੀਂ ਦਿਨੀਂ ਕਿਤਾਬ ਦੀ ਰੂਪ ਰੇਖਾ ਤਿਆਰ ਕਰਨ ਲਈ ਲੱਗੇ ਹੋਏ ਹਨ। ਉਨ੍ਹਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਇਤਿਹਾਸਕ ਪ੍ਰਮਾਣ ਮੌਜੂਦ ਹੋਣ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਕਿ ਕਿਤਾਬ ਨੂੰ ਅਮਲੀ ਰੂਪ ਦਿੱਤਾ ਜਾ ਸਕੇ।
ਸੰਪਰਕ: 778-980-9196
ਡਾ. ਯੋਗੇਸ਼ ਗੰਭੀਰ ਨਾਲ ਵਿਸ਼ੇਸ਼ ਮਿਲਣੀ
ਹਰਦਮ ਮਾਨ
ਸਰੀ: ਹਜ਼ਾਰਾਂ ਵਿਦਿਆਰਥੀਆਂ ਨੂੰ ਥੀਏਟਰ ਸਿਖਾਉਣ ਵਾਲੇ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਰੰਗਮੰਚ ਦੇ ਅਧਿਆਪਕ ਰਹੇ ਡਾ. ਯੋਗੇਸ਼ ਗੰਭੀਰ ਦੀ ਸਰੀ ਆਮਦ ’ਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਉਨ੍ਹਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਇਕੱਤਰਤਾ ਵਿੱਚ ਡਾ. ਯੋਗੇਸ਼ ਗੰਭੀਰ ਨੇ ਜਿੱਥੇ ਆਪਣੇ ਜੀਵਨ ਅਤੇ ਰੰਗਮੰਚ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਉੱਥੇ ਰਾਮਾਇਣ ਬਾਰੇ ਵੀ ਬਹੁਤ ਦਿਲਚਸਪ ਜਾਣਕਾਰੀ ਸਾਂਝੀ ਕੀਤੀ।
ਡਾ. ਗੰਭੀਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਮਾਇਣ ਉੱਪਰ ਖੋਜ ਕਾਰਜ ਕੀਤਾ ਹੈ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਰਾਮਾਇਣ ਬਾਰੇ ਡੂੰਘੀ ਖੋਜ ਕਰਦਿਆਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਮਾਇਣ ਦੇ ਕੁਲ 39 ਸੰਸਕਰਣ ਹਨ ਅਤੇ ਇਹ ਸਾਰੇ ਇੱਕ ਦੂਜੇ ਤੋਂ ਵੱਖਰੇ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲੀ ਰਾਮਾਇਣ ਲਾਹੌਲ ਸਪਿਤੀ ਦੀ ਹੈ। ਉਨ੍ਹਾਂ ਭਗਵਾਨ ਵਾਲਮੀਕਿ ਵੱਲੋਂ ਰਾਮਾਇਣ ਲਿਖਣ ਦੇ ਪਿਛੋਕੜ ਬਾਰੇ ਦੱਸਿਆ। ਇਸ ਗੱਲਬਾਤ ਦੌਰਾਨ ਮਹਾਂਭਾਰਤ ਬਾਰੇ ਚਰਚਾ ਹੋਈ ਅਤੇ ਪੰਜਾਬੀ ਰੰਗਮੰਚ ਦੇ ਮੁੱਢਲੇ ਦੌਰ ਨੂੰ ਯਾਦ ਕੀਤਾ ਗਿਆ। ਡਾ. ਗੰਭੀਰ ਨੇ ਪ੍ਰਿਥਵੀ ਰਾਜ ਕਪੂਰ ਅਤੇ ਗੁਰਸ਼ਰਨ ਭਾਅ ਜੀ ਤੋਂ ਲੈ ਕੇ ਸੈਮੂਅਲ ਜੌਹਨ ਤੱਕ ਪੰਜਾਬੀ ਲੋਕ ਰੰਗਮੰਚ ਨਾਲ ਜੁੜੀਆਂ ਆਪਣੀਆਂ ਖ਼ੂਬਸੂਰਤ ਯਾਦਾਂ ਵੀ ਤਾਜ਼ਾ ਕੀਤੀਆਂ। ਉਸ ਨੇ ਹਿਮਾਚਲ ਦੇ ਫੋਕ ਥੀਏਟਰ ਕ੍ਰਿਆਲਚੀ ਬਾਰੇ ਵੀ ਦਿਲਚਸਪ ਜਾਣਕਾਰੀ ਦਿੱਤੀ।
ਇਸ ਇਕੱਤਰਤਾ ਦੇ ਸ਼ੁਰੂ ਵਿੱਚ ਸ਼ਾਇਰ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਅੰਤ ਵਿੱਚ ਅੰਗਰੇਜ਼ ਬਰਾੜ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਰੰਗਮੰਚ ਬਾਰੇ ਬਹੁਤ ਹੀ ਗੰਭੀਰ ਚਰਚਾ ਤੇ ਵਿਸ਼ੇਸ਼ ਕਰ ਕੇ ਰਾਮਾਇਣ ਬਾਰੇ ਬੜੀ ਰੋਚਕ ਜਾਣਕਾਰੀ ਇਸ ਇਕੱਤਰਤਾ ਦੀ ਵੱਡੀ ਪ੍ਰਾਪਤੀ ਹੋ ਨਿੱਬੜੀ ਹੈ। ਉਸ ਨੇ ਡਾਕਟਰ ਡਾ. ਯੋਗੇਸ਼ ਗੰਭੀਰ ਦਾ ਵਿਸ਼ੇਸ਼ ਸ਼ੁਕਰਾਨਾ ਕੀਤਾ। ਇਸ ਇਕੱਤਰਤਾ ਵਿੱਚ ਭੁਪਿੰਦਰ ਮੱਲ੍ਹੀ, ਸ਼ਾਇਰ ਜਸਵਿੰਦਰ, ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਅਜਮੇਰ ਰੋਡੇ ਅਤੇ ਰਾਜਵੰਤ ਰਾਜ ਨੇ ਵੀ ਹਿੱਸਾ ਲਿਆ।
ਸੰਪਰਕ: 1 604 308 6663