ਰਾਹੁਲ ਵੱਲੋਂ ਵਾਇਨਾਡ ’ਚ ਸੈਰ-ਸਪਾਟਾ ਸੁਰਜੀਤ ਕਰਨ ਦਾ ਸੱਦਾ
ਨਵੀਂ ਦਿੱਲੀ, 1 ਸਤੰਬਰ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਵਾਇਨਾਡ ’ਚ ਸੈਰ-ਸਪਾਟੇ ਨੂੰ ਸੁਰਜੀਤ ਕਰਨ ਤੇ ਲੋਕਾਂ ਨੂੰ ਇਸ ਖੇਤਰ ਦੀ ਯਾਤਰਾ ਲਈ ਉਤਸ਼ਾਹਿਤ ਕਰਨ ਲਈ ਠੋਸ ਕੋਸ਼ਿਸ਼ਾਂ ਕਰਨ ਦੀ ਲੋੜ ਹੈ ਤਾਂ ਜੋ ਇਹ ਧਾਰਨਾ ਦੂਰ ਕੀਤੀ ਜਾ ਸਕੇ ਕਿ ਇਹ ਥਾਂ ਹਾਲ ਹੀ ਵਿੱਚ ਢਿੱਗਾਂ ਖਿਸਕਣ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਖਤਰਨਾਕ ਹੈ। ਰਾਹੁਲ ਗਾਂਧੀ ਨੇ ਕਾਂਗਰਸ ਦੀ ਕੇਰਲ ਇਕਾਈ ਦੇ ਕੁਝ ਆਗੂਆਂ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਡਿਜੀਟਲ ਢੰਗ ਨਾਲ ਮੀਟਿੰਗ ਦੌਰਾਨ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਐਕਸ ’ਤੇ ਪਾਈ ਇੱਕ ਪੋਸਟ ’ਚ ਕਿਹਾ ਕਿ ਵਾਇਨਾਡ ਢਿੱਗਾਂ ਖਿਸਕਣ ਕਾਰਨ ਹੋਈ ਤਬਾਹੀ ’ਚੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਰਾਹਤ ਦੀਆਂ ਕੋਸ਼ਿਸ਼ਾਂ ’ਚ ਸਾਰੇ ਭਾਈਚਾਰਿਆਂ ਤੇ ਸੰਗਠਨਾਂ ਦੇ ਲੋਕਾਂ ਨੂੰ ਇਕੱਠਿਆਂ ਆਉਂਦੇ ਦੇਖਣਾ ਖੁਸ਼ੀ ਦੀ ਗੱਲ ਹੈ।’ -ਪੀਟੀਆਈ
ਵਾਇਨਾਡ ਲਈ ਚੰਗੇ ਰਾਹਤ ਪੈਕੇਜ ਦੀ ਆਸ: ਵਿਜਯਨ
ਤਿਰੂਵਨੰਤਪੁਰਮ: ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਵਾਇਨਾਡ ’ਚ ਹੋਈ ਤਬਾਹੀ ਲਈ ਕੇਂਦਰ ਤੋਂ 2000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਚੰਗੀ ਸਹਾਇਤਾ ਮਿਲਣ ਦੀ ਆਸ ਹੈ। ਵਿਜਯਨ ਨੇ ਪੱਛਮੀ ਘਾਟ ਦੇ ਸੰਵੇਦਨਸ਼ੀਲ ਖੇਤਰਾਂ ਨਾਲ ਸਬੰਧਤ ਮਾਧਵ ਗਾਡਗਿਲ ਤੇ ਕਸਤੂਰੀਰੰਗਨ ਕਮੇਟੀਆਂ ਦੀਆਂ ਸਿਫਾਰਸ਼ਾਂ ਨੂੰ ਗ਼ੈਰ-ਵਿਹਾਰਕ ਦਸਦਿਆਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਨੇ ਸੂਬੇ ਦੀਆਂ ਜ਼ਮੀਨੀ ਹਕੀਕਤਾਂ ’ਤੇ ਵਿਚਾਰ ਨਹੀਂ ਕੀਤਾ। -ਪੀਟੀਆਈ