ਰਾਹੁਲ ਦੀ ‘ਭਾਰਤ ਨਿਆਏ ਯਾਤਰਾ’ 14 ਜਨਵਰੀ ਤੋਂ
ਨਵੀਂ ਦਿੱਲੀ, 27 ਦਸੰਬਰ
ਕਾਂਗਰਸ ਆਗੂ ਰਾਹੁਲ ਗਾਂਧੀ 14 ਜਨਵਰੀ ਤੋਂ ‘ਭਾਰਤ ਨਿਆਏ ਯਾਤਰਾ’ ਸ਼ੁਰੂ ਕਰਨਗੇ। ਮਨੀਪੁਰ ਤੋਂ ਮੁੰਬਈ ਤੱਕ ਕੱਢੀ ਜਾਣ ਵਾਲੀ ਇਹ ਯਾਤਰਾ 14 ਰਾਜਾਂ ਤੇ 85 ਜ਼ਿਲ੍ਹਿਆਂ ਵਿਚੋਂ ਦੀ ਹੋ ਕੇ ਲੰਘੇਗੀ। ਪੂਰਬ ਤੋਂ ਪੱਛਮ ਤੱਕ ਦਾ ਇਹ ਪੈਂਡਾ 67 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ‘ਭਾਰਤ ਜੋੜੋ ਯਾਤਰਾ’ ਦੀ ਸਫ਼ਲਤਾ ਮਗਰੋਂ ਰਾਹੁਲ ਦੀ ਇਸ ਅਗਲੀ ਯਾਤਰਾ ਨੂੰ 2024 ਦੀਆਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਹਮਾਇਤ ਜੁਟਾਉਣ ਦੇ ਅਮਲ ਵਜੋਂ ਦੇਖਿਆ ਜਾ ਰਿਹਾ ਹੈ। ਨਿਆਏ ਯਾਤਰਾ, ਜੋ ਕਰੀਬ 6200 ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ, ਬਹੁਤਾ ਕਰ ਕੇ ਬੱਸਾਂ ਤੇ ਕਿਤੇ ਕਿਤੇ ਤੁਰ ਕੇ ਪੂਰੀ ਕੀਤੀ ਜਾਣੀ ਹੈ। ਤਜਵੀਜ਼ਤ ਯਾਤਰਾ 20 ਮਾਰਚ ਨੂੰ ਮੁੰਬਈ ਵਿਚ ਖ਼ਤਮ ਹੋਵੇਗੀ। ਇਸ ਤੋਂ ਪਹਿਲਾਂ ਰਾਹੁਲ ਨੇ ਪਿਛਲੇ ਸਾਲ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢੀ ‘ਭਾਰਤ ਜੋੜੋ ਯਾਤਰਾ’ ਦਾ 4000 ਕਿਲੋਮੀਟਰ ਤੋਂ ਵੱਧ ਦਾ ਫਾਸਲਾ 136 ਦਿਨਾਂ ’ਚ ਪੂਰਾ ਕੀਤਾ ਸੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਜਿੱਥੇ ‘ਆਰਥਿਕ ਅਸਮਾਨਤਾ, ਧਰੁਵੀਕਰਨ ਤੇ ਤਾਨਾਸ਼ਾਹੀ’ ਦੇ ਮੁੱਦਿਆਂ ਨੂੰ ਉਭਾਰਿਆ ਸੀ, ਉਥੇ ‘ਨਿਆਏ ਯਾਤਰਾ’ ਦੇਸ਼ ਦੇ ਲੋਕਾਂ ਲਈ ਸਮਾਜਿਕ, ਆਰਥਿਕ ਤੇ ਸਿਆਸੀ ਨਿਆਂ ’ਤੇ ਕੇਂਦਰਤ ਹੋਵੇਗੀ। ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ 14 ਜਨਵਰੀ ਨੂੰ ਇੰਫਾਲ ਤੋਂ ਨਿਆਏ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਯਾਤਰਾ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਮਹਾਰਾਸ਼ਟਰ ਵਿਚੋਂ ਦੀ ਲੰਘੇਗੀ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਇਸ ਮਾਰਚ ਨੂੰ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਅਪਰੈਲ-ਮਈ ਵਿਚ ਹੋਣੀਆਂ ਹਨ। ਚੋਣਾਂ ਦਾ ਐਲਾਨ ਯਾਤਰਾ ਦੇ ਆਖਰੀ ਪੜਾਅ ਮੌਕੇ ਕੀਤਾ ਜਾ ਸਕਦਾ ਹੈ।
ਭਾਰਤ ਜੋੜੋ ਯਾਤਰਾ, ਜੋ 7 ਸਤੰਬਰ 2022 ਨੂੰ ਸ਼ੁਰੂ ਹੋ ਕੇ ਜਨਵਰੀ 2023 ਵਿਚ ਖ਼ਤਮ ਹੋਈ ਸੀ, ਦਾ ਕਾਂਗਰਸ ਨੂੰ ਹਿਮਾਚਲ ਪ੍ਰਦੇਸ਼, ਕਰਨਾਟਕ ਤੇ ਤਿਲੰਗਾਨਾ ਦੀਆਂ ਅਸੈਂਬਲੀ ਚੋਣਾਂ ਵਿੱਚ ਖਾਸਾ ਲਾਹਾ ਮਿਲਿਆ ਸੀ। ਪਾਰਟੀ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਦੀ ਇਸ ਯਾਤਰਾ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਨਵੀਂ ਰੂਹ ਫੂਕੀ ਗਈ ਸੀ। ਰਮੇਸ਼ ਨੇ ਕਿਹਾ, ‘‘ਭਾਰਤ ਜੋੜੋ ਯਾਤਰਾ ਮਗਰੋਂ ਕਾਂਗਰਸ ਹੁਣ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਨਿਆਏ ਯਾਤਰਾ ਕੱਢੇਗੀ।’’ ਉਨ੍ਹਾਂ ਕਿਹਾ ਕਿ ਕਾਂਗਰਸ 28 ਦਸੰਬਰ ਨੂੰ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਨਾਗਪੁਰ ਵਿਚ ਵਿਸ਼ਾਲ ਰੈਲੀ ਕਰੇਗੀ। ਰੈਲੀ, ਜਿਸ ਦਾ ਨਾਮ ‘ਹੈਂ ਤਿਆਰ ਹਮ’ ਰੱਖਿਆ ਗਿਆ ਹੈ, ਕਾਂਗਰਸ ਲਈ 2024 ਦੀਆਂ ਲੋਕ ਸਭਾ ਚੋਣਾਂ ਲਈ ਬਿਗੁਲ ਹੋਵੇਗਾ। ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦੀ) ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਨਿਆਏ ਯਾਤਰਾ ਦੌਰਾਨ ਮਹਿਲਾਵਾਂ, ਨੌਜਵਾਨਾਂ ਤੇ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਨਾਲ ਰਾਬਤਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਿਆਏ ਯਾਤਰਾ ‘ਭਾਰਤ ਜੋੜੋ ਯਾਤਰਾ’ ਨਾਲੋਂ ਵੱਧ ਪੈਂਡਾ ਘੱਟ ਸਮੇਂ ਵਿਚ ਪੂਰਾ ਕਰੇਗੀ ਕਿਉਂਕਿ ਨਿਆਏ ਯਾਤਰਾ ਦੌਰਾਨ ਬਹੁਤਾ ਫਾਸਲਾ ਬੱਸ ਰਾਹੀਂ ਤੈਅ ਕੀਤਾ ਜਾਵੇਗਾ ਜਦੋਂਕਿ ਕੁਝ ਪੈਂਡਾ ਤੁਰ ਕੇ ਪੂਰਾ ਹੋਵੇਗਾ। ਦੱਸ ਦੇਈਏ ਕਿ ਕਾਂਗਰਸ ਵਰਕਿੰਗ ਕਮੇਟੀ ਦੀ 21 ਦਸੰਬਰ ਨੂੰ ਹੋਈ ਬੈਠਕ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਰਾਹੁਲ ਗਾਂਧੀ ਨੂੰ ਦੇਸ਼ ਦੇ ਪੂਰਬ ’ਚੋਂ ਪੱਛਮ ਵੱਲ ਦੂਜੇ ਗੇੜ ਦੀ ਯਾਤਰਾ ਕੱਢਣੀ ਚਾਹੀਦੀ ਹੈ।
ਯਾਤਰਾ ਦੀ ਸ਼ੁਰੂਆਤ ਲਈ ਮਨੀਪੁਰ ਨੂੰ ਹੀ ਚੁਣੇ ਜਾਣ ਪਿਛਲੇ ਮੰਤਵ ਬਾਰੇ ਪੁੱਛਣ ’ਤੇ ਵੇਣੂਗੋਪਾਲ ਨੇ ਕਿਹਾ ਕਿ ਇਹ ਦੇਸ਼ ਦਾ ਅਹਿਮ ਹਿੱਸਾ ਹੈ ਤੇ ਪਾਰਟੀ ਚਾਹੁੰਦੀ ਸੀ ਕਿ ਉੱਤਰ-ਪੂਰਬੀ ਰਾਜ ਦੇ ਲੋਕਾਂ ਦੇ ‘ਜ਼ਖ਼ਮਾਂ ’ਤੇ ਮੱਲ੍ਹਮ’ ਨਾਲ ਹੀ ਇਸ ਅਮਲ ਦਾ ਆਗਾਜ਼ ਹੋਵੇ। ਯਾਤਰਾ ਵਿਚ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਸ਼ਾਮਲ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਜੇ ਇਸ ’ਤੇ ਕੰਮ ਜਾਰੀ ਹੈ। ਭਾਰਤ ਜੋੜੋ ਯਾਤਰਾ ਦੌਰਾਨ ਗਾਂਧੀ ਨੇ 12 ਜਨਤਕ ਰੈਲੀਆਂ, 100 ਤੋਂ ਵੱਧ ਨੁੱਕੜ ਮੀਟਿੰਗਾਂ ਤੇ 13 ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਸੀ। -ਪੀਟੀਆਈ
‘ਭਾਰਤ ਨਿਆਏ ਯਾਤਰਾ’ ਦੇਸ਼ ਦੇ ਹੱਕ ਵਿੱਚ ਨਵਾਂ ਅਧਿਆਏ: ਗਹਿਲੋਤ
ਜੈਪੁਰ: ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਕਾਂਗਰਸ ਦੀ ਤਜਵੀਜ਼ਤ ‘ਭਾਰਤ ਨਿਆਏ ਯਾਤਰਾ’ ਕੌਮੀ ਹਿੱਤ ਵਿੱਚ ਇਕ ਨਵਾਂ ਅਧਿਆਏ ਹੋਵੇਗੀ ਅਤੇ ਪੂਰਾ ਦੇਸ਼ ਇਸ ਯਾਤਰਾ ਲਈ ਤਿਆਰ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਇਕ ਸੁਨੇਹੇ ਵਿਚ ਕਿਹਾ, ‘‘ਪੂਰਬ ਤੋਂ ਪੱਛਮ ਤਕ ਨਿਆਏ, ਦੇਸ਼ ਦੇ ਹਿੱਤ ਵਿੱਚ ਇਕ ਨਵਾਂ ਅਧਿਆਏ। ਰਾਹੁਲ ਗਾਂਧੀ ਦੀ ਅਗਵਾਈ ਹੇਠ ਇਤਿਹਾਸਕ ਭਾਰਤ ਜੋੜੋ ਯਾਤਰਾ, ਜੋ ਦੱਖਣ ਤੋਂ ਉੱਤਰ ਵੱਲ ਕੀਤੀ ਗਈ ਸੀ, ਮਗਰੋਂ ਹੁਣ ਭਾਰਤ ਨਿਆਏ ਯਾਤਰਾ ਸ਼ੁਰੂ ਹੋਵੇਗੀ। ਪੂਰਾ ਦੇਸ਼ ਤਿਆਰ ਹੈ।’’ -ਪੀਟੀਆਈ
84 ਦੇ ਦੰਗਾ ਪੀੜਤਾਂ ਨੂੰ ਨਿਆਂ ਦੇਣ ’ਚ ਨਾਕਾਮ ‘ਨਿਆਏ’ ਦੀਆਂ ਗੱਲਾਂ ਕਰਨ ਲੱਗੇ: ਅਨੁਰਾਗ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਭਾਰਤ ਨਿਆਏ ਯਾਤਰਾ’ ਕੱਢਣ ਦੇ ਕਾਂਗਰਸ ਦੇ ਫੈਸਲੇ ’ਤੇ ਤਨਜ਼ ਕਰਦਿਆਂ ਕਿਹਾ ਕਿ ਜਿਹੜੇ ਕਈ ਸਾਲਾਂ ਤੱਕ 1984 ਦੇ ਦੰਗਾ ਪੀੜਤਾਂ ਨੂੰ ਨਿਆਂ ਨਹੀਂ ਦਿਵਾ ਸਕੇ, ਉਹ ਹੁਣ ‘ਨਿਆਏ’ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਾਂਗਰਸ ’ਤੇ ‘ਟੁਕੜੇ ਟੁਕੜੇ’ ਗੈਂਗ ਨਾਲ ਖੜ੍ਹਨ ਦਾ ਦੋਸ਼ ਵੀ ਲਾਇਆ। ਸੀਨੀਅਰ ਭਾਜਪਾ ਆਗੂ ਠਾਕੁਰ ਨੇ ਕਿਹਾ, ‘‘ਜਿਹੜੇ 1984 ਦੇ ਸਿੱਖ ਵਿਰੋਧੀ ਦੰਗਿਆਂ, ਜੋ ਉਨ੍ਹਾਂ ਦੀ ਆਪਣੀ ਸਰਕਾਰ ਦੌਰਾਨ ਹੋਏ, ਦੇ ਪੀੜਤਾਂ ਨੂੰ ਕਈ ਸਾਲਾਂ ਤੱਕ ਇਨਸਾਫ਼ ਨਹੀਂ ਦਿਵਾ ਸਕੇ, ਉਹ ਕਿਸੇ ਹੋਰ ਨਾਲ ਨਿਆਂ ਕਿਵੇਂ ਕਰਨਗੇ। ਟੁਕੜੇ ਟੁਕੜੇ ਗਰੋਹ ਦੇ ਮੈਂਬਰਾਂ ਨੂੰ ਆਪਣੇ ਵਿਚ ਸ਼ਾਮਲ ਕਰਨ ਅਤੇ ਧਰਮ ਤੇ ਜਾਤ ਦੇ ਨਾਂ ’ਤੇੇ ਵੰਡੀਆਂ ਪਾਉਣ ਵਾਲੇ ਨਿਆਂ ਕਿਵੇਂ ਦਿਵਾਉਣਗੇ।’’ -ਪੀਟੀਆਈ
ਰਾਹੁਲ ਵੱਲੋਂ ਅਖਾੜੇ ’ਚ ਬਜਰੰਗ ਪੂਨੀਆ ਨਾਲ ਮੁਕਾਬਲਾ
ਨਵੀਂ ਦਿੱਲੀ, 27 ਦਸੰਬਰ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਦੇ ਕਰੀਬੀ ਸੰਜੈ ਸਿੰਘ ਨੂੰ ਨਵਾਂ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਝੱਜਰ ’ਚ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਪਿਛਲੇ ਹਫਤੇ ਡਬਲਿਊਐੱਫਆਈ ਚੋਣਾਂ ਵਿੱਚ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰ ਦਿੱਤਾ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁੁਲ ਗਾਂਧੀ ਨੇ ਵੀਰੇਂਦਰ ਅਖਾੜੇ ਵਿੱਚ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਬਜਰੰਗ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਇਸੇ ਅਖਾੜੇ ਤੋਂ ਕੀਤੀ ਸੀ। ਇਸ ਦੌਰਾਨ ਬਜਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਉਹ (ਰਾਹੁਲ ਗਾਂਧੀ) ਸਾਡੀ ਰੁਟੀਨ (ਸਿਖਲਾਈ) ਦੇਖਣ ਆਏ ਸਨ। ਉਨ੍ਹਾਂ ਮੇਰੇ ਨਾਲ ਕੁਸ਼ਤੀ ਅਤੇ ਕਸਰਤ ਕੀਤੀ। ਉਹ ਇਹ ਦੇਖਣ ਆਏ ਸਨ ਕਿ ਪਹਿਲਵਾਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ।’’ ਇਸ ਦੌਰਾਨ ਰਾਹੁਲ ਨੇ ਬਜਰੰਗ ਨਾਲ ਖਾਣਾ ਵੀ ਖਾਧਾ। ਰਾਹੁਲ ਵੱਲੋਂ ਬਜਰੰਗ ਅਤੇ ਹੋਰ ਪਹਿਲਵਾਨਾਂ ਨਾਲ ਇਹ ਮੁਲਾਕਾਤ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮਾ ਜੇਤੂ ਵਿਨੇਸ਼ ਫੋਗਾਟ ਵੱਲੋਂ ਆਪਣਾ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਰਾਹੁਲ ਨੇ ਬਾਅਦ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਪੁੱਛਿਆ ਕਿ ਜੇ ‘ਭਾਰਤ ਦੀਆਂ ਧੀਆਂ’ ਨੂੰ ਆਪਣੇ ਹੱਕਾਂ ਅਤੇ ਇਨਸਾਫ਼ ਲਈ ਸੜਕਾਂ ’ਤੇ ਆਉਣ ਵਾਸਤੇ ਆਪਣੇ ਅਖਾੜੇ ਛੱਡਣੇ ਪਏ, ਕੀ ਤਾਂ ਵੀ ਮਾਪੇ ਆਪਣੇ ਬੱਚਿਆਂ ਨੂੰ ਕੁਸ਼ਤੀ ਖੇਡਣ ਲਈ ਭੇਜਣਗੇ? ਰਾਹੁਲ ਨੇ ਐਕਸ ’ਤੇ ਕਿਹਾ, ‘‘ਸਾਲਾਂ ਦੀ ਮਿਹਨਤ, ਸਬਰ ਅਤੇ ਅਨੁਸ਼ਾਸਨ ਨਾਲ ਇੱਕ ਖਿਡਾਰੀ ਆਪਣੇ ਦੇਸ਼ ਲਈ ਮੈਡਲ ਲਿਆਉਂਦਾ ਹੈ। ਸਵਾਲ ਸਿਰਫ ਇਹ ਹੈ ਕਿ ਆਪਣੇ ਅਖਾੜੇ ਦੀ ਲੜਾਈ ਛੱਡ ਕੇ ਜੇ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਹੱਕ ਅਤੇ ਇਨਸਾਫ਼ ਦੀ ਲੜਾਈ ਸੜਕਾਂ ’ਤੇ ਲੜਨੀ ਪਵੇ ਤਾਂ ਕੌਣ ਆਪਣੇ ਬੱਚਿਆਂ ਨੂੰ ਇਹ ਰਾਹ ਚੁਣਨ ਲਈ ਉਤਸ਼ਾਹਿਤ ਕਰੇਗਾ?’’ ਉਨ੍ਹਾਂ ਕਿਹਾ, ‘‘ਇਹ ਕਿਸਾਨ ਪਰਿਵਾਰ ਦੇ ਭੋਲੇ-ਭਾਲੇ ਅਤੇ ਸਿੱਧੇ-ਸਾਦੇ ਇਨਸਾਨ ਹਨ। ਇਨ੍ਹਾਂ ਨੂੰ ਤਿਰੰਗੇ ਦੀ ਸੇਵਾ ਕਰਨ ਦਿਓ। ਇਨ੍ਹਾਂ ਨੂੰ ਪੂਰੇ ਮਾਣ-ਸਨਮਾਨ ਨਾਲ ਭਾਰਤ ਦਾ ਸਿਰ ਉੱਚਾ ਕਰਨ ਦਿਓ।’’ ਰਾਹੁਲ ਜੰਤਰ-ਮੰਤਰ ’ਤੇ ਬਜਰੰਗ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਪਹਿਲਵਾਨਾਂ ਦੇ ਪੰਜ ਮਹੀਨੇ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰ ਰਹੇ ਸਨ। ਇਨ੍ਹਾਂ ਪਹਿਲਵਾਨਾਂ ਨੇ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ’ਤੇ ਕਈ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ ਵੀਰਵਾਰ ਨੂੰ ਸੰਜੈ ਸਿੰਘ ਨੂੰ ਡਬਲਿਊਐੱਫਾਈ ਦਾ ਪ੍ਰਧਾਨ ਚੁਣਿਆ ਗਿਆ ਸੀ। ਬ੍ਰਿਜ ਭੂਸ਼ਨ ਦੇ ਕਰੀਬੀ ਸੰਜੈ ਦੇ ਗਰੁੱਪ ਨੇ ਇਨ੍ਹਾਂ ਚੋਣਾਂ ’ਚ 15 ’ਚੋਂ 13 ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਸੀ। ਇਸ ’ਤੇ ਪਹਿਲਵਾਨਾਂ ਨੇ ਮੰਗ ਕੀਤੀ ਸੀ ਕਿ ਬ੍ਰਿਜ ਭੂਸ਼ਨ ਦੇ ਕਰੀਬੀ ਨੂੰ ਡਬਲਿਊਐੱਫਆਈ ਪ੍ਰਸ਼ਾਸਨ ਵਿੱਚ ਨਹੀਂ ਹੋਣਾ ਚਾਹੀਦਾ। ਚੋਣਾਂ ਤੋਂ ਬਾਅਦ ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਸਾਕਸ਼ੀ ਮਲਿਕ ਨੇ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਖੇਡ ਮੰਤਰਾਲੇ ਨੇ ਹਾਲ ਹੀ ਵਿੱਚ ਨਵੇਂ ਚੁਣੇ ਗਏ ਪੈਨਲ ਨੂੰ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ