ਮੋਦੀ ਖਿਲਾਫ਼ ਅਕਸਰ ਹਿੰਸਾ ਭੜਕਾਉਂਦਾ ਹੈ ਰਾਹੁਲ : ਭਾਜਪਾ
ਨਵੀਂ ਦਿੱਲੀ, 14 ਜੁਲਾਈ
ਭਾਜਪਾ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਅਕਸਰ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਮਗਰੋਂ ਗਾਂਧੀ ਨੇ ਹਮਲੇ ਦੀ ਨਿਖੇਧੀ ਲਈ ਜਿਹੜੇ ਸ਼ਬਦ ਵਰਤੇ ਉਹ ਕਪਟੀ ਹਨ। ਮਾਲਵੀਆ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਤੀਜੀ ਵਾਰ ਨਾਕਾਮ ਰਹੇ ਰਾਹੁਲ ਗਾਂਧੀ ਅਕਸਰ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਹਿੰਸਾ ਭੜਕਾਉਣ ਦੇ ਨਾਲ ਇਸ ਨੂੰ ਤਰਕਸੰਗਤ ਵੀ ਦੱਸਦੇ ਰਹੇ ਹਨ। ਭਾਰਤ ਇਹ ਕਿਵੇਂ ਭੁੱਲ ਸਕਦਾ ਹੈ ਕਿਵੇਂ ਪੰਜਾਬ ਪੁਲੀਸ ਨੇ ਤਤਕਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਸੀ...ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਪੁਲ ’ਤੇ ਫਸ ਕੇ ਰਹਿ ਗਿਆ ਸੀ।’’ ਮਾਲਵੀਆ ਨੇ ਕਿਹਾ ਕਿ ਗਾਂਧੀ ਨੇ ਮੋਦੀ ਖਿਲਾਫ਼ ‘ਤਾਨਾਸ਼ਾਹ’ ਜਿਹੀਆਂ ਕਈ ਬਣਾਉਟੀ ਭਾਸ਼ਾ ਵਾਲੀਆਂ ਟਿੱਪਣੀਆਂ ਕੀਤੀਆਂ ਸਨ, ਜੋ ਡੈਮੋਕਰੈਟ ਆਗੂ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜਿਹੇ ਟਰੰਪ ਆਲੋਚਕ ਉਨ੍ਹਾਂ ਖਿਲਾਫ਼ ਕਰਦੇ ਰਹੇ ਹਨ। ਕਾਬਿਲੇਗੌਰ ਹੈ ਕਿ ਹੱਤਿਆ ਦੀ ਕੋਸ਼ਿਸ਼ ਮਗਰੋਂ ਟਰੰਪ ਦੇ ਕਈ ਹਮਾਇਤੀਆਂ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਕਈ ਰਵਾਇਤੀ ਵਿਰੋਧੀਆਂ ਨੇ ਉਨ੍ਹਾਂ ਖਿਲਾਫ਼ ਨਫ਼ਰਤ ਦਾ ਮਾਹੌਲ ਸਿਰਜਿਆ ਹੈ। ਮਾਲਵੀਆ ਨੇ ਕਿਹਾ ਕਿ ਟਰੰਪ ਦੇ ਆਲੋਚਕ ਇਹ ਦਲੀਲ ਦਿੰਦੇ ਹਨ ਕਿ ਜਮਹੂਰੀਅਤ ਨੂੰ ਉਨ੍ਹਾਂ ਤੋਂ ਖ਼ਤਰਾ ਹੈ ਤੇ ਇਸੇ ਤਰ੍ਹਾਂ ਭਾਰਤ ਦੀ ਵਿਰੋਧੀ ਧਿਰ ਵੱਲੋਂ ਵੀ ਮੋਦੀ ਖਿਲਾਫ਼ ਰੌਲਾ ਪਾਇਆ ਜਾਂਦਾ ਹੈ ਕਿ ‘ਸੰਵਿਧਾਨ ਖ਼ਤਰੇ ਵਿਚ ਹੈ।’ ਮਾਲਵੀਆ ਨੇ ਕਿਹਾ ਕਿ ਭਾਰਤੀ ਜਮਹੂਰੀਅਤ ਨੇ ਆਲਮੀ ਖੱਬੇਪੱਖੀਆਂ ਦੇ ਹਮਲਿਆਂ ਨੂੰ ਝੱਲਿਆ ਹੈ ਤੇ ਮੋਦੀ ਨੇ ਤੀਜੇ ਕਾਰਜਕਾਲ ਲਈ ਸੱਤਾ ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ, ‘‘ਭਾਰਤੀ ਸਮਾਜ ਵਿਚ ਪਾੜਾ ਵਧਾਉਣ ਲਈ ਜਾਤ, ਜਿਵੇਂ ਅਮਰੀਕਾ ਵਿਚ ਨਸਲ ਹੈ, ਨੂੰ ਹਥਿਆਰ ਵਾਂਗ ਵਰਤਿਆ ਜਾ ਰਿਹਾ ਹੈ। ਵਿਰੋਧੀਆਂ ਨੂੰ ਭੰਡਣਾ ਤੇ ਉਨ੍ਹਾਂ ਨੂੰ ਤਾਨਾਸ਼ਾਹ ਕਹਿਣਾ ਕੋਈ ਸੰਜੋਗ ਨਹੀਂ ਹੈ। ਅਸਲ ਵਿਚ ਖਤਰਨਾਕ ਵਿਚਾਰਾਂ ਵਾਲੇ ਆਲਮੀ ਧਨ ਕੁਬੇਰਾਂ ਨੇ ਪਹਿਲੀ ਵਾਰ ਜਮਹੂਰੀ ਤੌਰ ’ਤੇ ਚੁਣੇ ਗਏ ਸ਼ਕਤੀਸ਼ਾਲੀ ਆਲਮੀ ਆਗੂਆਂ ਦਾ ਵਰਨਣ ਕਰਨ ਲਈ ਸ਼ਬਦ ਦੀ ਵਰਤੋਂ ਕੀਤੀ, ਜਿਨ੍ਹਾਂ ਨੂੰ ਉਹ ਕਾਬੂ ਨਹੀਂ ਕਰ ਸਕਦਾ ਸੀ।’’ -ਪੀਟੀਆਈ