ਉਮੀਦਾਂ ’ਤੇ ਖ਼ਰਾ ਉਤਰਿਆ ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੱਤਾਧਾਰੀ ਭਾਜਪਾ ਪਿਛਲੇ ਕਈ ਸਾਲਾਂ ਤੋਂ ਹਿਕਾਰਤੀ ਲਹਿਜ਼ੇ ਵਿਚ ‘ਪੱਪੂ ਪੱਪੂ’ ਕਹਿੰਦੀ ਆ ਰਹੀ ਹੈ ਪਰ ਹੁਣ ਜਿਵੇਂ ਸਾਨੂੰ ਪਤਾ ਲੱਗ ਚੁੱਕਿਆ ਹੈ ਕਿ ਇਹ ਪੱਪੂ ਲੋਕਾਂ ਦੀ ਪ੍ਰੀਖਿਆ ’ਚੋਂ ਕਾਫ਼ੀ ਚੰਗੇ ਅੰਕ ਲੈ ਕੇ ਪਾਸ ਹੋ ਗਿਆ ਹੈ। ਹਾਂ, ਇਹ ਗੱਲ ਠੀਕ ਹੈ ਕਿ ਪੁਰਾਣੇ ਦਿਨਾਂ ਵਾਂਗ ਇਹ ਅੱਵਲ ਦਰਜੇ, ਝੰਡੇ ਗੱਡਣ ਜਾਂ ਪੂਰੀ ਸੂਰੀ ਸਫਲਤਾ ਜਿਹਾ ਤਾਂ ਹਰਗਿਜ਼ ਨਹੀਂ ਹੈ ਕਿਉਂਕਿ ਜੇ ਇੱਦਾਂ ਹੁੰਦਾ ਤਾਂ ਹਾਲੀਆ ਚੋਣਾਂ ਵਿੱਚ ਕਾਂਗਰਸ ਜਾਂ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨੀ ਸੀ। ਇੰਨਾ ਜ਼ਰੂਰ ਹੈ ਕਿ ਇਸ ਨਾਲ 18ਵੀਂ ਲੋਕ ਸਭਾ ਅਤੇ ਇਸ ਦੇ ਨਾਲ ਹੀ ਬਾਕੀ ਦੇਸ਼ ਅੰਦਰ ਫ਼ਰਕ ਨਜ਼ਰ ਆ ਰਿਹਾ ਹੈ।
ਪਾਰਲੀਮੈਂਟ ਦੇ ਸੰਖੇਪ ਜਿਹੇ ਪਲੇਠੇ ਸੈਸ਼ਨ ਵਿੱਚ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਜਿਸ ਵਿੱਚ ਸ਼ਿਵ ਤੋਂ ਲੈ ਕੇ ਗੁਰੂ ਨਾਨਕ ਅਤੇ ਯਸੂ ਮਸੀਹ ਜਿਹੇ ਰਹਿਬਰਾਂ ਦਾ ਹਵਾਲਾ ਦਿੰਦਿਆਂ ਹਿੰਦੂਵਾਦ ਸਹਿਚਾਰ ਦੀ ਭਾਵਨਾ ਅਤੇ ਭਾਜਪਾ ਵੱਲੋਂ ਪ੍ਰਚਾਰੇ ਜਾਂਦੇ ਜ਼ੋਰ ਜਬਰੀ ਵਾਲੇ ਹਿੰਦੂਤਵ ਵਿਚਕਾਰ ਫ਼ਰਕ ਦਰਸਾਇਆ। ਪਿਛਲੇ ਲੰਮੇ ਅਰਸੇ ਤੋਂ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਦੇ ਭਾਸ਼ਣ ਦੀ ਤਵੱਕੋ ਕੀਤੀ ਜਾਂਦੀ ਸੀ।
ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਦੀ ਤੇਜ਼ ਤਰਾਰ ਨੇਤਾ ਮਹੂਆ ਮੋਇਤਰਾ ਨੇ ‘ਡਰ ਤੋਂ ਨਵੀਂ ਮੁਕਤੀ’ ਦਾ ਨਿਸ਼ਚਾ ਦ੍ਰਿੜਾਉਣ ਲਈ ਪਾਬਲੋ ਨੈਰੂਦਾ ਅਤੇ ਪੁਨੀਤ ਸ਼ਰਮਾ (‘ਤੁਮ ਕੌਨ ਹੋ ਬੇ/ਮੁਝੇ ਪੂਛਤੇ ਹੋ/ਇਸ ਦੇਸ਼ ਸੇ ਮੇਰਾ ਰਿਸ਼ਤਾ ਕਿਤਨਾ ਗਹਿਰਾ ਹੈ’) ਜਿਸ ਮੁਤੱਲਕ ਉਸ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਵਤਨ ਦਾ ਨਵਾਂ ਮੁਹਾਵਰਾ ਬਣ ਗਿਆ ਹੈ।
ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਬਰਕਰਾਰ ਰੱਖਣ ਵਾਲੇ ਟੀਡੀਪੀ ਚੰਦਰਬਾਬੂ ਨਾਇਡੂ ਅਤੇ ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਵਰਗੇ ਆਗੂਆਂ ਨੇ ਵੀ ਕੋਈ ਚੂੰ-ਚਾਂ ਨਹੀਂ ਕੀਤੀ। ਇਵੇਂ ਲਗਦਾ ਹੈ ਜਿਵੇਂ ਉਨ੍ਹਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਹੈ। ਨਾਇਡੂ ਅਤੇ ਨਿਤੀਸ਼ (ਜਿਸ ਬਾਰੇ ਸੁਣਨ ਵਿੱਚ ਆ ਰਿਹਾ ਹੈ ਕਿ ਉਨ੍ਹਾਂ ਦੀ ਕੋਈ ਮੈਡੀਕਲ ਸਮੱਸਿਆ ਚੱਲ ਰਹੀ ਹੈ) ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗਰਮ ਲੋਹੇ ’ਤੇ ਹਥੌੜਾ ਕਦੋਂ ਮਾਰੀਦਾ ਹੁੰਦਾ; ਮਤਲਬ ਇਹ ਕਿ ਹੁਣ ਸਮਾਂ ਹੈ ਕਿ ਆਪੋ-ਆਪਣੇ ਸੂਬਿਆਂ ਲਈ ਵਿਸ਼ੇਸ਼ ਦਰਜਾ ਮਿਲ ਜਾਵੇ ਤਾਂ ਠੀਕ; ਨਹੀਂ ਤਾਂ ਵੱਧ ਤੋਂ ਵੱਧ ਫੰਡ ਹਾਸਿਲ ਕਰ ਲਏ ਜਾਣ ’ਚ ਕੋਈ ਘੌਲ਼ ਨਹੀਂ।
ਖ਼ਾਸ ਤੌਰ ’ਤੇ ਨਾਇਡੂ ਜਿਸ ਨੇ ਐੱਨਡੀਏ ਨੂੰ 16 ਸੰਸਦ ਮੈਂਬਰਾਂ ਦੀ ਹਮਾਇਤ ਮੁਹੱਈਆ ਕਰਵਾਈ ਹੈ, ਨੂੰ ਹਾਸਿਲ ਹੋਈ ਨਵੀਂ ਤਾਕਤ ਦਾ ਬਾਖ਼ੂਬੀ ਪਤਾ ਹੈ। ਉਹ ਕਈ ਖੇਮਿਆਂ ਵਿੱਚ ਰਹਿ ਚੁੱਕੇ ਹਨ ਜਿਸ ਕਰ ਕੇ ਉਨ੍ਹਾਂ ਨੂੰ ਦਲ ਬਦਲੂ ਅਖਵਾਉਣ ਜਾਂ ਆਪਣਾ ਹਿੱਸਾ ਲੈਣ ਲਈ ਮੋਦੀ ਦਾ ਸੰਗੀ ਅਖਵਾਉਣ ਵਿੱਚ ਕੋਈ ਝਿਜਕ ਨਹੀਂ। ਪਿਛਲੇ ਵੀਰਵਾਰ ਉਨ੍ਹਾਂ ਪ੍ਰਧਾਨ ਮੰਤਰੀ ਤੋਂ ਇਲਾਵਾ ਦਿੱਲੀ ਵਿੱਚ ਛੇ ਮੰਤਰੀਆਂ- ਅਮਿਤ ਸ਼ਾਹ, ਨਿਤਿਨ ਗਡਕਰੀ, ਪਿਊਸ਼ ਗੋਇਲ, ਸ਼ਿਵਰਾਜ ਚੌਹਾਨ, ਮਨੋਹਰ ਲਾਲ ਖੱਟਰ ਅਤੇ ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕੀਤੀ। ਨਾਇਡੂ ਨੇ ਇਹ ਵੀ ਆਖਿਆ ਸੀ ਕਿ ਉਨ੍ਹਾਂ ਦੇ ਸੂਬੇ ਦੇ ਅਫਸਰਾਂ ਨਾਲ ਕਾਰਗਰ ਢੰਗ ਨਾਲ ਤਾਲਮੇਲ ਕਾਇਮ ਕਰਨ ਲਈ ਵਿਵਸਥਾ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਨਵੀਂ ਤੇ ਅੱਧ-ਪਚੱਧੀ ਉਸਰੀ ਰਾਜਧਾਨੀ ਅਮਰਾਵਤੀ ਦੁਆਲੇ ਰਿੰਗ ਰੋਡ ਦੇ ਨਿਰਮਾਣ ਤੋਂ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਕੀਤੀ ਆਪਣੇ ਬਜਟ ਭਾਸ਼ਣ ਵਿੱਚ ਆਂਧਰਾ ਪ੍ਰਦੇਸ਼ ਵਿੱਚ ਨਵਾਂ ਤੇਲ ਸੋਧਕ ਕਾਰਖਾਨਾ ਲਾਉਣ ਦੀ ਮੰਗ ਜਿਹੇ ਮੁੱਦਿਆਂ ਨਾਲ ਮੌਕੇ ਸਿਰ ਸਿੱਝਿਆ ਜਾ ਸਕੇ।
ਇਹ ਗੱਲ ਅਜੇ ਬਾਹਰ ਨਹੀਂ ਆਈ ਕਿ ਨਾਇਡੂ ਕਿੰਨਾ ਕੁ ਪੈਸਾ ਲੋਚਦੇ ਹਨ। ਕੁਝ ਲੋਕਾਂ ਦਾ ਅਨੁਮਾਨ ਹੈ ਕਿ ਇੱਕ ਲੱਖ ਕਰੋੜ ਰੁਪਏ ਤੇ ਕੁਝ ਹੋਰਨਾਂ ਦਾ ਖਿਆਲ ਹੈ ਕਿ ਇਸ ਤੋਂ ਅੱਧਾ। ਉਂਝ, ਇੱਕ ਗੱਲ ਸ਼ੀਸ਼ੇ ਵਾਂਗ ਸਾਫ਼ ਹੈ ਕਿ ਉਹ ਜੋ ਵੀ ਚਾਹੁਣਗੇ, ਲੈ ਲੈਣਗੇ। ਇਸ ਅੱਤ ਦੇ ਯਥਾਰਥਵਾਦੀ ਵਿਚਾਰ ਮੁਤਾਬਕ ਜੇ ਇਮਾਨਦਾਰੀ ਨਾਲ ਕਿਹਾ ਜਾਵੇ ਤਾਂ ਰਾਹੁਲ ਅਤੇ ਮੋਇਤਰਾ ਵੱਲੋਂ ਪਾਰਲੀਮੈਂਟ ਵਿੱਚ ਜਿਸ ਤਰ੍ਹਾਂ ਦੇ ਖੁਸ਼ਨੁਮਾ ਭਾਸ਼ਣ ਦਿੱਤੇ ਗਏ ਹਨ, ਉਹ ਕੋਈ ਮਾਇਨੇ ਨਹੀਂ ਰੱਖਦੇ। ਅਸਲ ਗੱਲ ਇਹ ਹੈ ਕਿ ਮੋਦੀ 3.0 ਉਦੋਂ ਤੱਕ ਹੀ ਕੁਰਸੀ ’ਤੇ ਟਿਕਿਆ ਰਹੇਗਾ ਜਿੰਨੀ ਦੇਰ ਤੱਕ ਨਾਇਡੂ ਪੂਰੀ ਤਰ੍ਹਾਂ ਸੰਤੁਸ਼ਟ ਰਹੇਗਾ ਅਤੇ ਇਸ ਕਰ ਕੇ ਇਹ ਮੋਦੀ ਦੇ ਹਿੱਤ ਵਿਚ ਹੋਵੇਗਾ ਕਿ ਨਾਇਡੂ ਦੇ ਸੂਬੇ ਨੂੰ ‘ਖੁਸ਼’ ਰੱਖਿਆ ਜਾਵੇ।
ਇਹ ਗੱਲ ਨਹੀ ਹੈ ਕਿ ਦਿੱਲੀ ਕੋਲ ਪੈਸਾ ਨਹੀਂ, ਇਸ ਕੋਲ ਪੈਸਾ ਹੈ ਪਰ ਇਸ ਦੀ ਤਾਬਿਆ ਇਹੋ ਜਿਹੇ ਘਾਗ ਨੌਕਰਸ਼ਾਹ ਮੌਜੂਦ ਹਨ ਜੋ ਪੂਰਾ ਨਾਪ ਤੋਲ ਕੇ ਦੇਣ ਦੇ ਆਦੀ ਹਨ। ਮੋਦੀ ਤੇ ਨਾਇਡੂ, ਦੋਵੇਂ ਇਸ ਗੱਲੋਂ ਵਾਕਿਫ਼ ਹਨ। ਨਾ ਹੀ ਉਨ੍ਹਾਂ ਤੋਂ ਇਹ ਭੁੱਲਿਆ ਹੈ ਕਿ ਇਸ ਵਕਤ ਨਿਤੀਸ਼ ਜ਼ਿਆਦਾ ਖ਼ਤਰਨਾਕ ਬੰਦਾ ਸਾਬਿਤ ਹੋ ਸਕਦਾ ਹੈ ਕਿਉਂਕਿ ਅਗਲੇ ਸਾਲ ਬਿਹਾਰ ਵਿੱਚ ਚੋਣਾਂ ਹੋਣੀਆਂ ਹਨ ਅਤੇ ਇਹ ਵੀ ਜਾਣਦੇ ਹਨ ਕਿ ਮਾਯੂਸੀ ’ਚ ਆਦਮੀ ਸਿਆਸੀ ਪਾਰਟੀਆਂ ਬਦਲਣ ਸਣੇ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਉਂਝ ਸਾਰੇ ਹਿੱਤ ਧਾਰਕਾਂ ਲਈ ਖੁਸ਼ਨਸੀਬੀ ਇਹ ਹੈ ਕਿ ਭਾਰਤ ਦੇ ਅਰਥਚਾਰੇ ਦੀ ਕਾਰਕਰਦਗੀ ਚੰਗੀ ਰਹਿਣ ਕਰ ਕੇ ਇਸ ਦਾ ਨਾਂ ਦੁਨੀਆ ਦੇ ਕੁਝ ਗਿਣੇ ਚੁਣੇ ਰੌਸ਼ਨ ਬਿੰਦੂਆਂ ’ਚ ਸ਼ੁਮਾਰ ਹੁੰਦਾ ਹੈ। ਬਹਰਹਾਲ, ਇਹ ਗੱਲ ਵੱਖਰੀ ਹੈ ਕਿ ਕੀ ਦਿੱਲੀ ਕੋਲ ਪਏ ਵਾਧੂ ਧਨ ਨੂੰ ਮਹਿਜ਼ ਦੋ ਸੂਬਿਆਂ ਦੇ ਰੋਣੇ ਧੋਣ ਲਈ ਵਰਤਿਆ ਜਾਣਾ ਚਾਹੀਦਾ ਹੈ।
ਫਿਰ ਦਿੱਲੀ ਦਾ ਕਿਹੜਾ ਪੱਖ ਸਚਾਈ ਦੇ ਜ਼ਿਆਦਾ ਨਜ਼ਦੀਕ ਹੈ? ਇੱਕ ਇਹ ਜੋ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਭਾਰਤ ਬਦਲ ਗਿਆ ਹੈ ਕਿਉਂਕਿ ਭਾਜਪਾ ਕੋਲ ਹੁਣ ਬਹੁਮਤ ਨਹੀਂ ਰਹਿ ਗਿਆ ਪਰ ਇਹ ਰੱਖਿਆਤਮਕ ਪੁਜ਼ੀਸ਼ਨ ’ਤੇ ਆ ਚੁੱਕੀ ਹੈ ਅਤੇ ਲੋਕ ਸੱਤਾਧਾਰੀ ਪਾਰਟੀ ਦੇ ਬਹੁਗਿਣਤੀ ਵਾਲੇ ਏਜੰਡੇ ਨੂੰ ਬਹੁਤਾ ਮੂੰਹ ਨਹੀਂ ਲਾਉਣਗੇ? ਜਾਂ ਫਿਰ ਇਹ ਪੱਖ ਜਿਸ ਦਾ ਇਹ ਮੰਨਣਾ ਹੈ ਕਿ ਪਾਰਲੀਮੈਂਟ ਮਹਿਜ਼ ਬਹਿਸ ਮੁਬਾਹਿਸੇ ਦਾ ਅਖਾੜਾ ਬਣੀ ਹੋਈ ਹੈ ਜਦੋਂਕਿ ਅਸਲ ਤਾਕਤ ਦਾ ਮੁਜ਼ਾਹਰਾ ਇਸ ਤੋਂ ਬਾਹਰ ਹੁੰਦਾ ਹੈ?
ਬਿਨਾਂ ਸ਼ੱਕ ਹਮੇਸ਼ਾ ਵਾਂਗ ਭਾਰਤ ਕਿਸੇ ਵੀ ਤਰ੍ਹਾਂ ਦੀ ਅੱਤ ਨੂੰ ਰੱਦ ਕਰਦਾ ਹੈ ਅਤੇ ਮੱਧ ਮਾਰਗ ’ਤੇ ਤੁਰਨਾ ਠੀਕ ਸਮਝਦਾ ਹੈ ਅਤੇ ਦੋਵੇਂ ਅੱਤਾਂ ਦੇ ਥੋੜ੍ਹੇ-ਥੋੜ੍ਹੇ ਤੱਤ ਲੈਣ ਨੂੰ ਤਰਜੀਹ ਦਿੰਦਾ ਹੈ। ਅਵਾਮ ਵਲੋਂ ਭਾਜਪਾ ਅਤੇ ਪ੍ਰਧਾਨ ਮੰਤਰੀ ਦੀ ‘ਛੰਗਾਈ’ ਕਰਨ ਤੋਂ ਐਨ ਇੱਕ ਮਹੀਨਾ ਬਾਅਦ ਸਾਫ਼ ਤੌਰ ’ਤੇ ਇਹ ਸੰਦੇਸ਼ ਜਾ ਚੁੱਕਿਆ ਹੈ ਕਿ ਸਰਕਾਰ ਹੁਣ ਤਾਕਤਵਰ ਵਿਰੋਧੀ ਧਿਰ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੀ।
ਇਸ ਲਈ ਭਾਜਪਾ ਅਤੇ ਸਪੀਕਰ ਦੇ ਪੇਟ ਵਿੱਚ ਭਾਵੇਂ ਕਿੰਨੇ ਮਰਜ਼ੀ ਕੜਵੱਲ ਪੈਂਦੇ ਹੋਣ ਪਰ ਉਨ੍ਹਾਂ ਨੂੰ ‘ਇੰਡੀਆ’ ਦੇ 232 ਸੰਸਦ ਮੈਂਬਰਾਂ ਦੀ ਸੁਣਨੀ ਪੈਣੀ ਹੈ; ਉਨ੍ਹਾਂ ਦੀ ਗਿਣਤੀ ਭਾਜਪਾ ਦੀ ਗਿਣਤੀ ਦੇ ਨੇੜੇ ਤੇੜੇ ਹੀ ਹੈ। ਖ਼ੈਰ, ਜਦੋਂ ਮਹੂਆ ਸਦਨ ’ਚੋਂ ਆਪਣੀ ਬਰਤਰਫ਼ੀ ਦਾ ਕਿੱਸਾ ਬਿਆਨ ਕਰਦੀ ਹੋਈ ਔਰਤ ਹੋਣ ਨਾਤੇ ਆਪਣੀ ਇਹ ਵਿਥਿਆ ਬਿਆਨ ਕਰ ਰਹੀ ਸੀ ਕਿ ‘ਆਪਣੀ ਸੀਟ ਹੀ ਨਹੀਂ ਸਗੋਂ ਉਸ ਨੂੰ ਆਪਣੀ ਕੁੱਖ ਵੀ ਗੁਆਉਣੀ ਪਈ ਸੀ’ ਤਾਂ ਪਤਾ ਨਹੀਂ ਉਸ ਵੇਲੇ ਸਦਨ ਦੇ ਸਪੀਕਰ ਦਾ ਜ਼ਿੰਮਾ ਸੰਭਾਲ ਰਹੇ ਉੱਤਰ ਪ੍ਰਦੇਸ਼ ਦੇ ਇੱਕ ਦਿਨ ਦੇ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਜਗਦੰਬਿਕਾ ਪਾਲ ਨੂੰ ਇਸ ਦੀ ਸਮਝ ਪਈ ਹੋਵੇਗੀ ਜਾਂ ਨਹੀਂ ਪਰ ਉਨ੍ਹਾਂ ਨੂੰ ਮਹੂਆ ਨੂੰ ਬੋਲਣ ਲਈ ਪੂਰੇ 28 ਮਿੰਟ ਦਿੱਤੇ ਸਨ।
ਦੂਜੀ ਗੱਲ ਵੀ ਸੱਚ ਹੈ। ਖਡੂਰ ਸਾਹਿਬ ਤੋਂ ਐੱਮਪੀ ਅੰਮ੍ਰਿਤਪਾਲ ਸਿੰਘ ਅਤੇ ਬਾਰਾਮੁੱਲਾ ਤੋਂ ਐੱਮਪੀ ਇੰਜਨੀਅਰ ਰਾਸ਼ਿਦ ਵੱਲ ਵੀ ਝਾਤ ਮਾਰੋ। ਇਹ ਦੋਵੇਂ ਕੌਮੀ ਸੁਰੱਖਿਆ ਐਕਟ ਅਤੇ ਯੂਏਪੀਏ ਤਹਿਤ ਨਜ਼ਰਬੰਦ ਹਨ। ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਅਤੇ ਰਾਸ਼ਿਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਰੱਖਿਆ ਹੋਇਆ ਹੈ। ਲੰਘੇ ਸ਼ੁੱਕਰਵਾਰ ਦੋਵਾਂ ਨੂੰ ਸਰਕਾਰੀ ਖਰਚ ’ਤੇ ਪਾਰਲੀਮੈਂਟ ਵਿਚ ਸੰਸਦ ਮੈਂਬਰ ਵਜੋਂ ਸਹੁੰ ਚੁਕਾਉਣ ਲਈ ਲਿਆਂਦਾ ਗਿਆ। ਅੰਮ੍ਰਿਤਪਾਲ ਸਿੰਘ ਨੂੰ ਅਸਾਮ ਤੋਂ ਚੌਪਰ ਰਾਹੀਂ ਦਿੱਲੀ ਲਿਆਂਦਾ ਗਿਆ ਤੇ ਫਿਰ ਕਾਰਾਂ ਦੇ ਕਾਫ਼ਲੇ ਸਹਿਤ ਪਾਰਲੀਮੈਂਟ ਤੱਕ ਲਿਜਾਇਆ ਗਿਆ ਜਿੱਥੇ ਉਨ੍ਹਾਂ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਇਨ੍ਹਾਂ ਦੋਵਾਂ ’ਤੇ ਵੱਖਵਾਦੀ ਭਾਵ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ, ਫਿਰ ਵੀ ਇਨ੍ਹਾਂ ਦੇ ਪਰਿਵਾਰਾਂ ਅਤੇ ਆਪੋ-ਆਪਣੇ ਖੇਤਰਾਂ ਵਿੱਚ ਹਮਾਇਤੀਆਂ ਨੂੰ ਇਹ ਅਹਿਸਾਸ ਹੈ ਕਿ ਬਾਕੀ ਦੇ ਭਾਰਤ ਵੱਲੋਂ ਇਨ੍ਹਾਂ ’ਚੋਂ ਕਿਸੇ ਨੂੰ ਵੀ ਸਮਝਣ ਤੇ ਸ਼ਾਇਦ ਹਮਦਰਦੀ ਨਾਲ ਸੁਣਨ ਦਾ ਇਕਮਾਤਰ ਰਾਹ ਇਹੀ ਹੈ ਕਿ ਆਪਣੀ ਜ਼ਬਾਨ ਦੀ ਸੁਰ ਨਰਮ ਅਤੇ ਮੁਹਾਵਰੇ ਨੂੰ ਸਾਵਾਂ ਰੱਖਿਆ ਜਾਵੇ।
ਮੁੜ ਘਿੜ ਕੇ ਸੁਆਲ ਉਹੀ ਆ ਗਿਆ ਹੈ ਕਿ ਕੀ ਪੱਪੂ ਪਾਸ ਹੋ ਗਿਆ? ਕੀ ਪੱਪੂ ਲੋਕਾਂ ਦੀ ਪ੍ਰੀਖਿਆ ’ਚੋਂ ਪਾਸ ਹੋ ਗਿਆ ਹੈ? ਯਕੀਨਨ, ਰਾਹੁਲ ਗਾਂਧੀ ਨੂੰ ਦਬਾਅ ਬਣਾ ਕੇ ਰੱਖਣਾ ਪਵੇਗਾ। ਜੇ ਹਾਥਰਸ ਪੈਮਾਨਾ ਹੋਵੇ ਤਾਂ ਇਸ ਦਾ ਜਵਾਬ ਹਾਂ ਵਿੱਚ ਹੀ ਮਿਲੇਗਾ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।