For the best experience, open
https://m.punjabitribuneonline.com
on your mobile browser.
Advertisement

ਰਾਹੁਲ ਵਿਰੋਧੀ ਧਿਰ ਦੇ ਆਗੂ

06:14 AM Jun 27, 2024 IST
ਰਾਹੁਲ ਵਿਰੋਧੀ ਧਿਰ ਦੇ ਆਗੂ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਹਾਲਾਂਕਿ ਪਿਛਲੇ ਦੋ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ ਪਰ ਇਹ ਉਨ੍ਹਾਂ ਦਾ ਪਹਿਲਾ ਸੰਵਿਧਾਨਕ ਅਹੁਦਾ ਹੈ। ਇਹ ਤੱਥ ਵੀ ਘੱਟ ਅਹਿਮ ਨਹੀਂ ਹੈ ਕਿ ਕਾਂਗਰਸ ਜੋ ਐਤਕੀਂ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰਾਂ ਵਿੱਚੋਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਨੂੰ ਦਸ ਸਾਲਾਂ ਬਾਅਦ ਵਿਰੋਧੀ ਧਿਰ ਦਾ ਅਹੁਦਾ ਹਾਸਿਲ ਹੋ ਸਕਿਆ ਹੈ। ਇਸ ਤੋਂ ਪਹਿਲਾਂ 2019 ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਦੀ ਕਾਰਗੁਜ਼ਾਰੀ ਕਾਫ਼ੀ ਨਿਰਾਸ਼ਾਜਨਕ ਰਹੀ ਸੀ ਪਰ ਇਸ ਵਾਰ ਪਾਰਟੀ ਆਪਣੇ ਮੈਂਬਰਾਂ ਦੀ ਗਿਣਤੀ ਲਗਭਗ ਦੁੱਗਣੀ ਕਰਨ ਵਿੱਚ ਸਫ਼ਲ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਤਿਆਗ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਲਿਆ ਸੀ। ਇਹ ਕਿਆਸਾਰਾਈਆਂ ਵੀ ਲੱਗਦੀਆਂ ਰਹੀਆਂ ਹਨ ਕਿ ਉਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਨਹੀਂ ਲੈਣਾ ਚਾਹੁੰਦੇ ਪਰ ਹੁਣ ਇਨ੍ਹਾਂ ਸਾਰੇ ਕਿਆਫਿ਼ਆਂ ’ਤੇ ਵਿਰਾਮ ਲੱਗ ਗਿਆ ਹੈ।
ਮਜ਼ਬੂਤ ਹੋ ਕੇ ਉੱਭਰੀ ਵਿਰੋਧੀ ਧਿਰ ਦੀ ਟੇਕ ਹੁਣ ਇਸ ਗੱਲ ’ਤੇ ਲੱਗੀ ਹੈ ਕਿ ਰਾਹੁਲ ਗਾਂਧੀ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਖਿ਼ਲਾਫ਼ ਲੜਾਈ ਦੀ ਕਮਾਨ ਸੰਭਾਲਣ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਲੇਠੇ ਭਾਸ਼ਣ ਵਿੱਚ ਰਾਹੁਲ ਨੇ ਆਖਿਆ ਹੈ ਕਿ ਸਰਕਾਰ ਕੋਲ ਰਾਜਸੀ ਸ਼ਕਤੀ ਹੈ ਪਰ ਵਿਰੋਧੀ ਧਿਰ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਤਰਜਮਾਨੀ ਕਰੇਗੀ। ਉਨ੍ਹਾਂ ਓਮ ਬਿਰਲਾ ਨੂੰ ਲੋਕ ਸਭਾ ਦੇ ਦੂਜੀ ਵਾਰ ਸਪੀਕਰ ਚੁਣੇ ਜਾਣ ਦੀ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਬੋਲਣ ਦੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ।
ਰਾਹੁਲ ਗਾਂਧੀ ਦੀ ਇਹ ਜਿ਼ੰਮੇਵਾਰੀ ਹੋਵੇਗੀ ਕਿ ਉਹ ਸਦਨ ਦਾ ਕਾਰ-ਵਿਹਾਰ ਚੰਗੇ ਢੰਗ ਨਾਲ ਚਲਾਉਣ ਵਿੱਚ ਵਿਰੋਧੀ ਧਿਰ ਵੱਲੋਂ ਸਪੀਕਰ ਨੂੰ ਸਹਿਯੋਗ ਦੇਣ ਦੇ ਆਪਣੇ ਬੋਲਾਂ ’ਤੇ ਪੂਰੇ ਉਤਰਨ। ਸੰਸਦ ਦੇ ਹੇਠਲੇ ਸਦਨ ਵਿੱਚ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਹੁਣ ਖ਼ਤਮ ਹੋ ਗਿਆ ਹੈ ਅਤੇ ਨਹਿਰੂ-ਗਾਂਧੀ ਪਰਿਵਾਰ ਦੇ ਇਸ ਚਿਰਾਗ ਨੂੰ ਲੋੜ ਹੈ ਕਿ ਉਹ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਅਗਨੀਪਥ ਯੋਜਨਾ ਜਿਹੇ ਵਿਵਾਦਪੂਰਨ ਮੁੱਦਿਆਂ ਉੱਪਰ ਸਰਕਾਰ ਨੂੰ ਘੇਰਨ ਲਈ ਇਸ ਮੌਕੇ ਦਾ ਲਾਭ ਉਠਾਉਣ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਵਿਰੋਧੀ ਧਿਰ ਸਰਕਾਰ ਨੂੰ ਇਸ ਕਿਸਮ ਦੀ ਉਸਾਰੂ ਵਾਰਤਾਲਾਪ ਵਿੱਚ ਸ਼ਾਮਿਲ ਕਰਨ ਲਈ ਕਿੰਨਾ ਕੁ ਕਾਮਯਾਬ ਹੁੰਦੀ ਹੈ ਅਤੇ ਹਰੇਕ ਮੁੱਦੇ ’ਤੇ ਵਾਕਆਊਟ ਕਰਨ ਤੋਂ ਕਿੰਨਾ ਕੁ ਗੁਰੇਜ਼ ਰੱਖਦੀ ਹੈ। ਅਸਲ ਵਿੱਚ, ਪਿਛਲੇ ਦਸਾਂ ਸਾਲਾਂ ਦੌਰਾਨ ਸੱਤਾ ਧਿਰ ਨੇ ਲੋਕ ਸਭਾ ਦੀ ਕਾਰਵਾਈ ਆਪਣੀ ਮਰਜ਼ੀ ਨਾਲ ਚਲਾਈ ਅਤੇ ਵਿਰੋਧੀ ਧਿਰ ਦੀ ਜ਼ਬਾਨਬੰਦੀ ਲਈ ਹਰ ਸੰਭਵ ਯਤਨ ਕੀਤਾ। ਵਿਰੋਧੀ ਧਿਰ ਨੂੰ ਵਾਕਆਊਟ ਵੀ ਕਈ ਵਾਰ ਮਜਬੂਰੀ ਵਸ ਕਰਨਾ ਪਿਆ ਸੀ। ਹੁਣ ਜਦੋਂ ਵਿਰੋਧੀ ਪਿਛਲੀਆਂ ਦੋ ਵਾਰੀਆਂ ਨਾਲੋਂ ਕਿਤੇ ਮਜ਼ਬੂਤ ਹੋ ਕੇ ਲੋਕ ਸਭਾ ਅੰਦਰ ਦਾਖ਼ਲ ਹੋਈ ਹੈ ਤਾਂ ਤਵੱਕੋ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਮਨਮਰਜ਼ੀ ਕਰਨ ਤੋਂ ਹੁਣ ਡੱਕ ਕੇ ਰੱਖੇਗੀ।

Advertisement

Advertisement
Author Image

joginder kumar

View all posts

Advertisement
Advertisement
×