ਰਾਹੁਲ ਇਕ ਝਟਕੇ ’ਚ ਗਰੀਬੀ ਖ਼ਤਮ ਕਰਨ ਵਾਲੇ ‘ਸ਼ਾਹੀ ਜਾਦੂਗਰ’: ਮੋਦੀ
ਹੋਸ਼ੰਗਾਬਾਦ(ਮੱਧ ਪ੍ਰਦੇਸ਼), 14 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਝਟਕੇ’ ਵਿਚ ਗਰੀਬੀ ਖ਼ਤਮ ਕਰਨ ਬਾਰੇ ਟਿੱਪਣੀ ਲਈ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਨਜ਼ ਕਸਦਿਆਂ ਉਨ੍ਹਾਂ ਨੂੰ ‘ਸ਼ਾਹੀ ਜਾਦੂਗਰ’ ਕਰਾਰ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਰਾਹੁਲ ਗਾਂਧੀ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਲੋਕ ਸਭਾ ਹਲਕੇ ਦੇ ਪਿਪਰੀਆ ਕਸਬੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਇਕ ਪਾਰਟੀ ਵੱਲੋਂ ਪਰਮਾਣੂ ਨਿਸ਼ਸਤਰੀਕਰਨ ਦੀ ਹਮਾਇਤ ਕੀਤੇ ਜਾਣ ਦੇ ਹਵਾਲੇ ਨਾਲ ਕਿਹਾ ਕਿ ਉਹ (ਵਿਰੋਧੀ ਧਿਰਾਂ) ਦੇਸ਼ ਦੀ ਸੁਰੱਖਿਆ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਡਾ.ਬਾਬਾਸਾਹਿਬ ਅੰਬੇਡਕਰ ਦਾ ਨਿਰਾਦਰ ਕੀਤਾ ਜਦੋਂਕਿ ਭਾਜਪਾ ਸਰਕਾਰ ਉਨ੍ਹਾਂ ਦਾ ਸਨਮਾਨ ਕਰਦੀ ਰਹੀ ਹੈ।
ਸ੍ਰੀ ਮੋਦੀ ਨੇ ਰਾਹੁਲ ਗਾਂਧੀ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਕਾਂਗਰਸ ਦੇ ਸ਼ਹਿਜ਼ਾਦੇ ਨੇ ਇਕ ਝਟਕੇ ਵਿਚ ਗਰੀਬੀ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਹ ਹਾਸੋਹੀਣਾ ਹੈ। ਇਹ ਸ਼ਾਹੀ ਜਾਦੂਗਰ ਇੰਨੇ ਸਾਲਾਂ ਤੋਂ ਕਿੱਥੇ ਗਾਇਬ ਸਨ? ਉਸ ਦੀ ਦਾਦੀ (ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ) ਨੇ 50 ਸਾਲ ਪਹਿਲਾਂ ‘ਗਰੀਬੀ ਹਟਾਉ’ ਦਾ ਨਾਅਰਾ ਦਿੱਤਾ ਸੀ।’’ ਉਨ੍ਹਾਂ ਕਿਹਾ,‘‘ਉਹ 2014 ਤੋਂ ਪਹਿਲਾਂ ਦਸ ਸਾਲਾਂ ਤੱਕ ਰਿਮੋਰਟ ਕੰਟਰੋਲ ਨਾਲ ਸਰਕਾਰ ਚਲਾਈ ਗਏ। ਹੁਣ ਉਨ੍ਹਾਂ ਨੂੰ ਯੱਕਦਮ ਮੰਤਰ ਲੱਭ ਗਿਆ ਹੈ। ਉਹ ਅਜਿਹੇ ਬਿਆਨ ਦੇ ਕੇ ਮਖੌਲ ਦੇ ਪਾਤਰ ਬਣ ਗਏ ਹਨ। ਇਹ ਗਰੀਬਾਂ ਨਾਲ ਮਜ਼ਾਕ ਹੈ।’’ ਉਨ੍ਹਾਂ ਸੀਪੀਆਈ(ਐੱਮ) ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਇੰਡੀਆ ਗੱਠਜੋੜ ਵਿਚ ਸ਼ਾਮਲ ਪਾਰਟੀ ਨੇ ਪਰਮਾਣੂ ਨਿਸ਼ਸਤਰੀਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਖ਼ੁਦ ਨੂੰ ਮਜ਼ਬੂਤ ਨਹੀਂ ਕਰ ਸਕੀ, ਕੀ ਉਹ ਦੇਸ਼ ਨੂੰ ਮਜ਼ਬੂਤ ਕਰ ਸਕਦੀ ਹੈ?
ਮੋਦੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਵੇਂ ਹੀ ਇਕ ਗਰੀਬ ਪਰਿਵਾਰ ਦਾ ਪੁੱਤ ਪ੍ਰਧਾਨ ਮੰਤਰੀ ਬਣਿਆ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਸੰਵਿਧਾਨ ਤੇ ਜਮਹੂਰੀਅਤ ਖ਼ਤਰੇ ਵਿਚ ਹੋਣ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਡਾ. ਅੰਬੇਡਕਰ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਕਿਹਾ, ‘‘ਮੋਦੀ, ਬਾਬਾਸਾਹਿਬ ਵੱਲੋਂ ਲਿਖੇ ਸੰਵਿਧਾਨ ਕਰਕੇ ਹੀ ਅੱਜ ਇਸ ਥਾਂ ’ਤੇ ਪਹੁੰਚਿਆ ਹੈ। ਕਾਂਗਰਸ ਨੇ ਡਾ. ਅੰਬੇਦਕਰ ਦਾ ਹਮੇਸ਼ਾ ਅਪਮਾਨ ਕੀਤਾ ਤੇ ਅਸੀਂ ਸਨਮਾਨ ਕੀਤਾ।’’ -ਪੀਟੀਆਈ
ਕਾਂਗਰਸ ਨੂੰ ‘ਟੁਕੜੇ ਟੁਕੜੇ ਗੈਂਗ ਦਾ ਸੁਲਤਾਨ’ ਦੱਸਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਸੁਰੂ (ਕਰਨਾਟਕ) ਦੇ ਮਹਾਰਾਜਾ’ਜ਼ ਕਾਲਜ ਗਰਾਊਂਡ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੂੰ ‘ਟੁਕੜੇ ਟੁਕੜੇ ਗੈਂਗ ਦਾ ਸੁਲਤਾਨ’ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਦੇਸ਼ ਨੂੰ ‘ਵੰਡਣ, ਤੋੜਨ ਤੇ ਕਮਜ਼ੋਰ’ ਕਰਨ ਦਾ ਖ਼ਤਰਨਾਕ ਇਰਾਦਾ ਰੱਖਦੀ ਹੈ। ਸ੍ਰੀ ਮੋਦੀ ਮੈਸੁਰੂ, ਚਾਮਰਾਜਨਗਰ, ਮਾਂਡਿਆ ਤੇ ਹਾਸਲ ਲੋਕ ਸਭਾ ਹਲਕਿਆਂ ਤੋਂ ਭਾਜਪਾ ਤੇ ਜੇਡੀ(ਐੱਸ) ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਇਹ ਉਹ ਧਰਤੀ ਹੈ ਜਿਥੇ ਮਾਵਾਂ ਆਪਣੇ ਬੱਚਿਆਂ ਨੂੰ ਹਥਿਆਰਬੰਦ ਬਲਾਂ ਵਿਚ ਭੇਜਣ ਦਾ ਸੁਫ਼ਨਾ ਦੇਖਦੀਆਂ ਹਨ ਜਦੋਂਕਿ ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜੋ ‘ਟੁਕੜੇ ਟੁਕੜੇ ਗਰੋਹ ਦਾ ਸੁਲਤਾਨ’ ਬਣਦੀ ਜਾ ਰਹੀ ਹੈ। ਕਾਂਗਰਸ ਅਜੇ ਵੀ ਦੇਸ਼ ਨੂੰ ਵੰਡਣ, ਤੋੜਨ ਤੇ ਕਮਜ਼ੋਰ ਕਰਨ ਦਾ ਇਰਾਦਾ ਰੱਖਦੀ ਹੈ।’’