ਰਾਹੁਲ ਨੂੰ ਲੋਕਤੰਤਰ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ: ਸ਼ਾਹ
ਜੋਧਪੁਰ, 1 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਲੱਖਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਸੀ ਅਤੇ ਸਿਆਸੀ ਪਾਰਟੀਆਂ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਨੂੰ ਲੋਕਤੰਤਰ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਬੀਤੇ ਦਿਨ ਵਿਰੋਧੀ ਗੱਠਜੋੜ ‘ਇੰਡੀਆ’ ਵੱਲੋਂ ਕੀਤੀ ਗਈ ‘ਲੋਕਤੰਤਰ ਬਚਾਓ’ ਰੈਲੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਤੁਸੀਂ ਜਿੰਨੀਆਂ ਮਰਜ਼ੀ ਪਾਰਟੀਆਂ ਇਕੱਠੀਆਂ ਕਰ ਲਓ, ਆਉਣਗੇ ਤਾਂ ਮੋਦੀ ਹੀ।’’ ਜੋਧਪੁਰ ਵਿੱਚ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ਕਰੇਗਾ, ਉਹ ਸਲਾਖਾਂ ਪਿੱਛੇ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਤਿਆਰ ਹਨ ਅਤੇ ਉਨ੍ਹਾਂ ਦੇ ਅਗਲੇ ਕਾਰਜਕਾਲ ’ਚ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। -ਪੀਟੀਆਈ
ਅੰਨ ਯੋਜਨਾ ਦੇ ਲਾਭਪਾਤਰੀਆਂ ਨੂੰ ਦੱਸਿਆ ਪ੍ਰਧਾਨ ਮੰਤਰੀ ਦੀ ‘ਫ਼ੌਜ’
ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ’ਤੇ ਨਿਸ਼ਾਨ ਸੇਧਦਿਆਂ ਸ਼ਾਹ ਨੇ ਕਿਹਾ, ‘‘10 ਸਾਲ ਪਹਿਲਾਂ ਯੂਪੀਏ ਦੀ ਸਰਕਾਰ ਸੀ ਅਤੇ ਮਨਮੋਹਨ (ਸਿੰਘ) ਅਤੇ ਸੋਨੀਆ (ਗਾਂਧੀ) ਨੇ ਦੇਸ਼ ਨੂੰ ਹਨੇਰੇ ’ਚ ਰੱਖਿਆ ਹੋਇਆ ਸੀ ਪਰ 2014 ’ਚ ਦੇਸ਼ ਦੀ ਜਨਤਾ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਉਹ ਦੇਸ਼ ਖੁਸ਼ਹਾਲੀ ਅਤੇ ਸੁਰੱਖਿਆ ਲੈ ਕੇ ਆਏ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ 80 ਕਰੋੜ ਲਾਭਪਾਤਰੀ ਪ੍ਰਧਾਨ ਮੰਤਰੀ ਦੀ ‘ਫੌਜ’ ਹਨ।