ਸਾਵਰਕਰ ਬਾਰੇ ਟਿੱਪਣੀ ਮਾਮਲੇ ਵਿਚ ਰਾਹੁਲ ਨੂੰ ਜ਼ਮਾਨਤ
ਪੁਣੇ, 10 ਜਨਵਰੀ
ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਹਿੰਦੂ ਵਿਚਾਰਧਾਰਕ ਵੀਡੀ ਸਾਵਰਕਰ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਨਾਲ ਜੁੜੇ ਮਾਣਹਾਨੀ ਮਾਮਲੇ ਵਿਚ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ। ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਵਿਸ਼ੇਸ਼ ਅਦਾਲਤ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅਦਾਲਤ ਵਿਚ ਪੇਸ਼ ਹੋਣ ਮਗਰੋਂ 25 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਉੱਤੇ ਜ਼ਮਾਨਤ ਦੇ ਦਿੱਤੀ। ਸੀਨੀਅਰ ਕਾਂਗਰਸ ਆਗੁੂ ਮੋਹਨ ਜੋਸ਼ੀ ਅਦਾਲਤ ਵਿਚ ਜ਼ਮਾਨਤਦਾਰ ਵਜੋਂ ਪੇਸ਼ ਹੋਏ। ਗਾਂਧੀ ਵੱਲੋਂ ਪੇਸ਼ ਵਕੀਲ ਮਿਲਿੰਦ ਪਵਾਰ ਨੇ ਕਿਹਾ ਕਿ ਅਦਾਲਤ ਨੇ ਕਾਂਗਰਸ ਆਗੂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਹੈ। ਪਵਾਰ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ 18 ਫਰਵਰੀ ਨੂੰ ਹੋਵੇਗੀ। ਇਹ ਮਾਮਲਾ ਸਾਵਰਕਰ ਦੇ ਪੋਤਰੇ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ ਤੇ ਮਾਰਚ 2023 ਵਿਚ ਲੰਡਨ ਵਿਚ ਗਾਂਧੀ ਵੱਲੋਂ ਦਿੱਤੇ ਭਾਸ਼ਣ ਨਾਲ ਸਬੰਧਤ ਸੀ। -ਪੀਟੀਆਈ
ਮਾਣਹਾਨੀ ਮਾਮਲੇ ’ਚ ਰਾਹੁਲ ਖ਼ਿਲਾਫ਼ ਸੁਣਵਾਈ ਟਲੀ
ਸੁਲਤਾਨਪੁਰ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਦੇ ਮਾਮਲੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਸੰਸਦ ਮੈਂਬਰਾਂ/ਵਿਧਾਇਕਾਂ ਦੀ ਵਿਸ਼ੇਸ਼ ਅਦਾਲਤ ਵਿੱਚ ਅੱਜ ਹੋਣ ਵਾਲੀ ਸੁਣਵਾਈ ਵਕੀਲਾਂ ਦੀ ਹੜਤਾਲ ਕਾਰਨ ਟਲ ਗਈ ਹੈ। ਹੁਣ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ। ਜ਼ਿਲ੍ਹੇ ਦੇ ਹਨੂਮਾਨਗੰਜ ਇਲਾਕੇ ਦੇ ਵਸਨੀਕ ਭਾਜਪਾ ਆਗੂ ਵਿਜੈ ਮਿਸ਼ਰਾ ਨੇ ਸਾਲ 2018 ਵਿੱਚ ਰਾਹੁਲ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਮਿਸ਼ਰਾ ਵੱਲੋਂ ਪੇਸ਼ ਹੋਏ ਐਡਵੋਕੇਟ ਸੰਤੋਸ਼ ਕੁਮਾਰ ਪਾਂਡੇ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦੇ ਮੈਜਿਸਟਰੇਟ ਸ਼ੁਭਮ ਵਰਮਾ ਨੇ ਮਾਮਲੇ ’ਤੇ ਜਿਰਹਾ ਪੂਰੀ ਕਰਨ ਵਾਸਤੇ ਅਗਲੀ ਸੁਣਵਾਈ 22 ਜਨਵਰੀ ਤੈਅ ਕੀਤੀ ਹੈ। ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਕਰਨਾਟਕ ਚੋਣਾਂ ਦੌਰਾਨ ਰਾਹੁਲ ਨੇ ਭਾਜਪਾ ਆਗੂ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। -ਪੀਟੀਆਈ