ਰਾਹੁਲ ਗਾਂਧੀ ਵੱਲੋਂ ‘ਡੀਟੀਸੀ’ ਦੇ ਬੱਸ ਡਰਾਈਵਰਾਂ ਨਾਲ ਗੱਲਬਾਤ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਹ ‘ਡੀਟੀਸੀ’ ਦੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਰਾਹੁਲ ਗਾਂਧੀ ਨੇ ਲਿਖਿਆ ਕਿ ਭਾਰੀ ਤੇ ਦੁਖੀ ਹਿਰਦੇ ਨਾਲ ਉਹ ਸਰਕਾਰ ਨੂੰ ਪੁੱਛ ਰਹੇ ਹਨ, ਜੇ ਅਸੀਂ ਨਾਗਰਿਕ ਪੱਕੇ ਹਾਂ ਤਾਂ ਸਾਡੀਆਂ ਨੌਕਰੀਆਂ ਕੱਚੀਆਂ ਕਿਉਂ ਹਨ।
ਵੀਡੀਓ ਦੀ ਸ਼ੁਰੂਆਤ ਗਾਂਧੀ ਵੱਲੋਂ ਉਸ ਉਬੇਰ ਡਰਾਈਵਰ ਨਾਲ ਹੁੰਦੀ ਹੈ, ਜਿਸ ਨੂੰ ਉਹ ਪਹਿਲਾਂ ਮਿਲਿਆ ਸੀ। ਡਰਾਈਵਰ ਦੀ ਆਪਣੀ ਮਾਂ ਨਾਲ ਜਾਣ-ਪਛਾਣ ਕਰਾਉਣ ਮਗਰੋਂ ਗਾਂਧੀ ਸਰੋਜਨੀ ਨਗਰ ਬੱਸ ਡਿੱਪੂ ਵੱਲ ਚਲੇ ਗਏ। ਉੱਥੇ ਉਨ੍ਹਾਂ ਡੀਟੀਸੀ ਡਰਾਈਵਰਾਂ, ਕੰਡਕਟਰਾਂ ਅਤੇ ਮਾਰਸ਼ਲਾਂ ਨਾਲ ਮੁਲਾਕਾਤ ਕੀਤੀ। ਗਾਂਧੀ ਨੇ ਡਰਾਈਵਰਾਂ ਨੂੰ ਉਨ੍ਹਾਂ ਦੇ ਕੰਮਕਾਜੀ ਹਾਲਾਤ ਬਾਰੇ ਪੁੱਛਿਆ।
ਡਰਾਈਵਰਾਂ ਨੇ ਉਨ੍ਹਾਂ ਨਾਲ ਸਾਂਝਾ ਕੀਤਾ ਕਿ ਅੱਠ ਘੰਟੇ ਦੀਆਂ ਸ਼ਿਫਟ ਹੋਣ ਦੇ ਬਾਵਜੂਦ ਉਹ ਅਕਸਰ ਦੋ ਘੰਟੇ ਵੱਧ ਕੰਮ ਕਰਦੇ ਹਨ। ਉਹ ਸਾਰੇ ਆਰਜ਼ੀ ਕਰਮਚਾਰੀ ਹਨ। ਇੱਕ ਡਰਾਈਵਰ ਨੇ ਦੱਸਿਆ ਕਿ ਇਸ ਵਿੱਚ ਕੋਈ ਠੇਕੇਦਾਰ ਸ਼ਾਮਲ ਨਹੀਂ ਹੈ। ਉਹ ਪੀਐੱਫ ਕਟੌਤੀ ਸਣੇ ਹਰ ਦਿਨ 813 ਰੁਪਏ ਕਮਾਉਂਦੇ ਹਾਂ। ਉਨ੍ਹਾਂ ਨੂੰ ਕੋਈ ਆਰਾਮ ਦਾ ਦਿਨ ਨਹੀਂ ਮਿਲਦਾ, ਹੋਲੀ ਜਾਂ ਦੀਵਾਲੀ ’ਤੇ ਵੀ ਨਹੀਂ। ਉਨ੍ਹਾਂ ਕਿਹਾ ਕਿ ਜੇ ਅਸੀਂ ਇੱਕ ਛੁੱਟੀ ਲੈ ਲੈਂਦੇ ਹਾਂ ਤਾਂ ਤਨਖਾਹ ਬੰਦ ਹੋ ਜਾਂਦੀ ਹੈ। ਡਰਾਈਵਰਾਂ ਨੇ ਪੱਕੇ ਰੁਜ਼ਗਾਰ ਅਤੇ ਸਮੇਂ ਸਿਰ ਤਨਖਾਹ ਦੀ ਇੱਛਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਰਾਜ ਅਤੇ ਕੇਂਦਰ ਸਰਕਾਰ ਇੱਕ ਦੂਜੇ ’ਤੇ ਫੰਡ ਨਾ ਦੇਣ ਦੇ ਦੋਸ਼ ਲਾ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰਾਂ ’ਤੇ ਇਸ ਦਾ ਅਸਰ ਪੈ ਰਿਹਾ ਹੈ। ਉਹ ਵੇਲੇ ਸਿਰ ਬੱਚਿਆਂ ਦੀ ਸਕੂਲ ਫੀਸ ਦਾ ਭੁਗਤਾਨ ਨਹੀਂ ਕਰ ਸਕਦੇ ਤੇ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ।
ਉਨ੍ਹਾਂ ਦੀ ਮੰਗ ਸਥਾਈ ਨੌਕਰੀਆਂ ਦੀ ਹੈ। ਬਰਾਬਰ ਤਨਖ਼ਾਹ ਲਈ ਬਰਾਬਰ ਕੰਮ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ੀਲਾ ਦੀਕਸ਼ਿਤ ਅਹੁਦੇ ’ਤੇ ਸਨ ਤਾਂ ਉਨ੍ਹਾਂ ਸਾਨੂੰ ਪੱਕੇ ਮੁਲਾਜ਼ਮ ਬਣਾ ਦਿੱਤਾ ਸੀ। ਵੀਡੀਓ ਦੇ ਅੰਤ ਵਿੱਚ ਗਾਂਧੀ ਨੇ ਬੱਸ ਦੀ ਸਵਾਰੀ ਕੀਤੀ ਅਤੇ ਇੱਕ ਕੰਡਕਟਰ ਨਾਲ ਆਪਣੇ ਪਰਿਵਾਰ ਅਤੇ ਨੌਕਰੀ ਬਾਰੇ ਗੱਲ ਕੀਤੀ। ਵੀਡੀਓ ਵਿੱਚ ਰਾਹੁਲ ਕਹਿੰਦਾ ਹੈ ਕਿ ਦੇਸ਼ ਭਰ ਦੇ ਸਰਕਾਰੀ ਮੁਲਾਜ਼ਮਾਂ ਵਾਂਗ ਡੀਟੀਸੀ ਕਰਮਚਾਰੀ ਵੀ ਨਿੱਜੀਕਰਨ ਦੇ ਲਗਾਤਾਰ ਡਰ ਹੇਠ ਜੀਅ ਰਹੇ ਹਨ।