ਰਾਹੁਲ ਗਾਂਧੀ ਨੇ ਖੇਤਾਂ ਵਿੱਚ ਝੋਨਾ ਲਾਇਆ; ਕਿਸਾਨਾਂ ਦੀਆਂ ਸਮੱਸਿਆਵਾਂ ਪੁੱਛੀਆਂ
ਨਵੀਂ ਦਿੱਲੀ, 16 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਹੈ ਕਿ ਕਿਸਾਨ ਭਾਰਤ ਦੀ ਤਾਕਤ ਹਨ ਅਤੇ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਜੇ ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੀਏ ਅਤੇ ਉਨ੍ਹਾਂ ਦੇ ਨਜ਼ਰੀਏ ਨੂੰ ਸਮਝੀਏ। ਰਾਹੁਲ ਨੇ ਸੋਸ਼ਲ ਮੀਡੀਆ ’ਤੇ ਹਰਿਆਣਾ ਦੇ ਸੋਨੀਪਤ ਦੇ ਮਦੀਨਾ ਪਿੰਡ ਵਿੱਚ ਝੋਨੇ ਦੇ ਖੇਤਾਂ ਦਾ ਦੌਰਾ ਕਰਦੇ ਹੋਏ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ 8 ਜੁਲਾਈ ਨੂੰ ਬਣਾਈ ਗਈ ਸੀ। ਇਹ ਵੀਡੀਓ 12 ਮਿੰਟ ਦੀ ਹੈ ਜੋ ਯੂਟਿਊਬ ’ਤੇ ਦੇਖੀ ਜਾ ਸਕਦੀ ਹੈ। ਵੀਡੀਓ ਵਿੱਚ ਰਾਹੁਲ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਖੇਤਾਂ ਵਿੱਚ ਹਲ ਵਾਹੁੰਦੇ ਹੋਏ ਤੇ ਝੋਨਾ ਲਾਉਂਦੇ ਹੋਏ ਦੇਖੇ ਜਾ ਸਕਦੇ ਹਨ। ਉਨ੍ਹਾਂ ਵੀਡੀਓ ਦੀ ਕਲਿੱਪ ਸਾਂਝੀ ਕਰਦਿਆਂ ਹਿੰਦੀ ਵਿੱਚ ਟਵੀਟ ਕੀਤਾ। ਇਸ ਤੋਂ ਇਲਾਵਾ ਕਾਂਗਰਸੀ ਆਗੂ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀ ਵੀ ਅੱਜ ਕੱਲ੍ਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਹਰਿਆਣਾ ਦੀਆਂ ਔਰਤਾਂ ਨਾਲ ਨੱਚਦੀ ਨਜ਼ਰ ਆ ਰਹੀ ਹੈ ਤੇ ਪ੍ਰਿਅੰਕਾ ਕਈ ਔਰਤਾਂ ਨੂੰ ਗਲੇ ਲਗਾ ਰਹੀ ਹੈ।