ਰਾਹੁਲ ਗਾਂਧੀ ਵੱਲੋਂ ਪਹਿਲਗਾਮ ’ਚ ਮਾਰੇ ਗਏ ਜਲਸੈਨਾ ਅਧਿਕਾਰੀ ਵਿਨੈ ਨਰਵਾਲ ਦੇ ਪਰਿਵਾਰ ਨਾਲ ਮੁਲਾਕਾਤ
ਚੰਡੀਗੜ੍ਹ, 6 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਅੱਜ ਕਰਨਾਲ ਸਥਿਤ ਉਨ੍ਹਾਂ ਦੇ ਘਰ ਵਿਚ ਮੁਲਾਕਾਤ ਕੀਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੁਪਹਿਰ ਵੇਲੇ ਕਰਨਾਲ ਪਹੁੰਚੇ। ਇਸ ਮੌਕੇ ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੀ ਮੌਜੂਦ ਸਨ।
ਕਾਂਗਰਸ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਹਰਿਆਣਾ ਦੇ ਕਰਨਾਲ ਪਹੁੰਚ ਗਏ ਹਨ। ਉਹ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਭਾਰਤੀ ਜਲ ਸੈਨਾ ਦੇ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਜੀ ਦੇ ਪਰਿਵਾਰ ਨੂੰ ਮਿਲਣਗੇ।’’
ਚੇਤੇ ਰਹੇ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਰ-ਸਪਾਟਾ ਕੇਂਦਰ ਪਹਿਲਗਾਮ ਨੇੜੇ ਬੈਸਰਨ ਵਿੱਚ 22 ਅਪਰੈਲ ਨੂੰ ਅਤਿਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਨ੍ਹਾਂ ਵਿਚੋਂ ਬਹੁਤੇ ਸੈਲਾਨੀ ਸਨ। -ਪੀਟੀਆਈ