ਰਾਹੁਲ ਗਾਂਧੀ ਵੱਲੋਂ ‘ਵ੍ਹਾਈਟ ਟੀ-ਸ਼ਰਟ ਮੁਹਿੰਮ’ ਦੀ ਸ਼ੁਰੂਆਤ
ਨਵੀਂ ਦਿੱਲੀ, 19 ਜਨਵਰੀ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਮ ਲੋਕਾਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਅੱਜ ‘ਵ੍ਹਾਈਟ ਟੀ-ਸ਼ਰਟ ਮੁਹਿੰਮ’ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਗ਼ਰੀਬਾਂ ਤੋਂ ਮੂੰਹ ਮੋੜਨ ਦਾ ਦੋਸ਼ ਲਾਇਆ। ਰਾਹੁਲ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਇਹ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਇਸਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਉਨ੍ਹਾਂ ‘ਐਕਸ’ ਉੱਤੇ ਇੱਕ ਵੀਡੀਓ ‘ਵੁਆਇਸਓਵਰ’ ਵਿੱਚ ਕਿਹਾ, ‘‘ਜੇਕਰ ਤੁਸੀਂ ਆਰਥਿਕ ਨਿਆਂ ਵਿੱਚ ਵਿਸ਼ਵਾਸ ਰੱਖਦੇ ਹੋ, ਜਾਇਦਾਦ ਵਿੱਚ ਵਧਦੇ ਪਾੜੇ ਦਾ ਵਿਰੋਧ ਕਰਦੇ ਹੋ, ਸਮਾਜਿਕ ਬਰਾਬਰਤਾ ਲਈ ਲੜਦੇ ਹੋ, ਹਰ ਤਰ੍ਹਾਂ ਦੇ ਵਿਤਕਰੇ ਨੂੰ ਨਾ-ਮਨਜ਼ੂਰ ਕਰਦੇ ਹੋ ਅਤੇ ਸਾਡੇ ਦੇਸ਼ ਦੀ ਸ਼ਾਂਤੀ ਤੇ ਸਥਿਰਤਾ ਲਈ ਯਤਨਸ਼ੀਲ ਹੋ, ਤਾਂ ਤੁਸੀਂ ਚਿੱਟੀ ਟੀ-ਸ਼ਰਟ ਪਹਿਨੋ ਅਤੇ ਮੁਹਿੰਮ ਵਿੱਚ ਸ਼ਾਮਲ ਹੋਵੇ।’’
ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਸਬੰਧੀ ਹੋਰ ਜਾਣਕਾਰੀ ਲਈ ਮੋਬਾਈਲ ਨੰਬਰ ਅਤੇ ਵੈੱਬਸਾਈਟ ਲਿੰਕ ਵੀ ਸਾਂਝਾ ਕੀਤਾ। ‘ਵ੍ਹਾਈਟ ਟੀ-ਸ਼ਰਟ ਮੂਵਮੈਂਟ’ (ਵ੍ਹਾਈਟ ਟੀ-ਸ਼ਰਟ ਮੁਹਿੰਮ) ਦੀ ਵੈੱਬਸਾਈਟ ਅਨੁਸਾਰ, ‘‘ਵ੍ਹਾਈਟ ਟੀ-ਸ਼ਰਟ ਪਾਰਟੀ ਦੇ ਪੰਜ ਮਾਰਗਦਰਸ਼ਕ ਸਿਧਾਂਤਾਂ (ਦਇਆ, ਏਕਤਾ, ਅਹਿੰਸਾ, ਬਰਾਬਰਤਾ ਅਤੇ ਸਾਰਿਆਂ ਲਈ ਪ੍ਰਗਤੀ) ਦਾ ਪ੍ਰਤੀਕ ਹੈ। -ਪੀਟੀਆਈ