ਐੱਨਐੱਚਆਰਸੀ ਚੋਣ ਕਮੇਟੀ ਦੀ ਮੀਟਿੰਗ ’ਚ ਖੜਗੇ ਤੇ ਰਾਹੁਲ ਨੇ ਅਸਹਿਮਤੀ ਜਤਾਈ
ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਪਣੀ ਅਸਹਿਮਤੀ ਦਰਜ ਕਰਵਾਈ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਚੋਣ ਲਈ ਅਪਣਾਈ ਗਈ ਪ੍ਰਕਿਰਿਆ ‘ਬੁਨਿਆਦੀ ਤੌਰ ’ਤੇ ਖਾਮੀਆਂ ਨਾਲ ਭਰਪੂਰ’ ਅਤੇ ‘ਪਹਿਲਾਂ ਤੋਂ ਤੈਅ’ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਆਪਸੀ ਵਿਚਾਰ-ਵਟਾਂਦਰੇ ਅਤੇ ਆਮ ਸਹਿਮਤੀ ਨੂੰ ਵੀ ਅਣਗੌਲਿਆ ਕੀਤਾ ਗਿਆ। ਉਨ੍ਹਾਂ ਚੇਅਰਪਰਸਨ ਦੇ ਅਹੁਦੇ ਲਈ ਜਸਟਿਸ ਰੋਹਿੰਟਨ ਫਲੀ ਨਰੀਮਨ ਅਤੇ ਜਸਟਿਸ ਕੇ ਮੈਥਿਊ ਜੋਸੇਫ ਦੇ ਨਾਮ ਪੇਸ਼ ਕੀਤੇ ਸਨ। ਉਂਜ ਸੁਪਰੀਮ ਕੋਰਟ ਦੇ ਸਾਬਕਾ ਜੱਜ ਵੀ. ਰਾਮਸੁਬਰਾਮਣਿਅਨ ਨੂੰ ਐੱਨਐੱਚਆਰਸੀ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਖੜਗੇ ਅਤੇ ਰਾਹੁਲ ਗਾਂਧੀ ਨੇ ਕਿਹਾ ਕਿ ਵਿਚਾਰ-ਵਟਾਂਦਰੇ ਨੂੰ ਹੱਲਾਸ਼ੇਰੀ ਦੇਣ ਅਤੇ ਸਮੂਹਿਕ ਤੌਰ ’ਤੇ ਫ਼ੈਸਲਾ ਯਕੀਨੀ ਬਣਾਉਣ ਦੀ ਬਜਾਏ ਕਮੇਟੀ ਨੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਗਿਣਤੀ ਪੱਖੋਂ ਬਹੁਮਤ ’ਤੇ ਭਰੋਸਾ ਕੀਤਾ ਅਤੇ ਮੀਟਿੰਗ ਦੌਰਾਨ ਉਠਾਏ ਗਏ ਇਤਰਾਜ਼ਾਂ ਨੂੰ ਅਣਗੌਲਿਆ ਕੀਤਾ ਗਿਆ। -ਪੀਟੀਆਈ