Rahul Gandhi - EC: ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਨੂੰ ਵੋਟਰ ਸੂਚੀਆਂ ਦਾ ਡੇਟਾ ਸਾਂਝਾ ਕਰਨ ਦੀ ਤਰੀਕ ਐਲਾਨਣ ਦੀ ਕੀਤੀ ਅਪੀਲ
ਨਵੀਂ ਦਿੱਲੀ, 9 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਚੋਣ ਕਮਿਸ਼ਨ (Election Commission - EC) ਦੇ ਹਰਿਆਣਾ ਅਤੇ ਮਹਾਰਾਸ਼ਟਰ ਲਈ ਵੋਟਰ ਸੂਚੀ ਡੇਟਾ ਨੂੰ ਸਾਂਝਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਚੋਣ ਸੰਸਥਾ ਨੂੰ ਡਿਜੀਟਲ, ਮਸ਼ੀਨ-ਪੜ੍ਹਨਯੋਗ ਫਾਰਮੈਟ ਵਿੱਚ ਡੇਟਾ ਸੌਂਪਣ ਦੀ ਸਹੀ ਤਾਰੀਖ਼ ਦਾ ਐਲਾਨ ਕਰਨ ਦੀ ਅਪੀਲ ਕੀਤੀ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (LoP) ਨੇ ਇੱਕ ਮੀਡੀਆ ਰਿਪੋਰਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਨੇ 2009 ਤੋਂ 2024 ਤੱਕ ਹਰਿਆਣਾ ਅਤੇ ਮਹਾਰਾਸ਼ਟਰ ਲਈ ਵੋਟਰ ਸੂਚੀਆਂ ਡੇਟਾ ਸਾਂਝਾ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ, ਕਿਉਂਕਿ ਕਮਿਸ਼ਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਹਾਈ ਕੋਰਟ ਨੂੰ ਅਜਿਹਾ ਕਰਨ ਦਾ ਭਰੋਸਾ ਦਿੱਤਾ ਸੀ।
ਹਾਲਾਂਕਿ ਇਸ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਅਧਿਕਾਰਤ ਤੌਰ ’ਤੇ ਕੁਝ ਨਹੀਂ ਆਖਿਆ ਗਿਆ ਹੈ।
ਐਕਸ X 'ਤੇ ਇੱਕ ਪੋਸਟ ਵਿੱਚ ਰਾਹੁਲ ਗਾਂਧੀ (Rahul Gandhi) ਨੇ ਕਿਹਾ, "ਵੋਟਰ ਸੂਚੀਆਂ ਸੌਂਪਣ ਲਈ ਚੋਣ ਕਮਿਸ਼ਨ ਵੱਲੋਂ ਚੁੱਕਿਆ ਗਿਆ ਪਹਿਲਾ ਚੰਗਾ ਕਦਮ।" "ਕੀ ਚੋਣ ਕਮਿਸ਼ਨ ਕਿਰਪਾ ਕਰਕੇ ਸਹੀ ਤਾਰੀਖ ਦਾ ਐਲਾਨ ਕਰ ਸਕਦਾ ਹੈ ਕਿ ਇਹ ਡੇਟਾ ਡਿਜੀਟਲ, ਮਸ਼ੀਨ-ਪੜ੍ਹਨਯੋਗ ਫਾਰਮੈਟ ਵਿੱਚ ਕਿਸ ਤਾਰੀਖ ਤੱਕ ਸੌਂਪਿਆ ਜਾਵੇਗਾ?"
ਗ਼ੌਰਲਤਬ ਹੈ ਕਿ ਗਾਂਧੀ ਵੱਲੋਂ ਪਿਛਲੇ ਸਾਲ ਹੋਈਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹੇਰਾਫੇਰੀ ਦਾ ਦੋਸ਼ ਲਗਾਉਣ ਵਾਲੇ ਆਪਣੇ ਲੇਖ 'ਤੇ ਚੋਣ ਕਮਿਸ਼ਨ ਦਾ ਜਵਾਬ ਮੰਗਣ ਤੋਂ ਬਾਅਦ, ਚੋਣ ਅਥਾਰਟੀ ਦੇ ਸੂਤਰਾਂ ਨੇ ਐਤਵਾਰ ਨੂੰ ਕਿਹਾ ਕਿ ਸੰਵਿਧਾਨਕ ਸੰਸਥਾ ਸਿਰਫ਼ ਤਾਂ ਹੀ ਜਵਾਬ ਦੇਵੇਗੀ ਜੇ ਵਿਰੋਧੀ ਧਿਰ ਦਾ ਨੇਤਾ ਉਨ੍ਹਾਂ ਨੂੰ ਸਿੱਧਾ ਲਿਖਦਾ ਹੈ।
ਚੋਣ ਪੈਨਲ ਦੇ ਸੂਤਰਾਂ ਵੱਲੋਂ ਮਹਾਰਾਸ਼ਟਰ ਚੋਣਾਂ ਵਿੱਚ ਧਾਂਦਲੀ ਦੇ ਰਾਹੁਲ ਗਾਂਧੀ ਦੇ ਦੋਸ਼ ਨੂੰ ਰੱਦ ਕਰਨ ਤੋਂ ਬਾਅਦ ਕਾਂਗਰਸ ਆਗੂ ਨੇ ਸ਼ਨਿੱਚਰਵਾਰ ਨੂੰ ਚੋਣ ਕਮਿਸ਼ਨ 'ਤੇ ਪਲਟਵਾਰ ਕੀਤਾ ਸੀ। ਉਨ੍ਹਾਂ ਕਿਹਾ ਕਿ (ਦੋਸ਼ਾਂ ਤੋਂ) ਬਚਣ ਨਾਲ ਇਸ (ਚੋਣ ਕਮਿਸ਼ਨ) ਦੀ ਭਰੋਸੇਯੋਗਤਾ ਨਹੀਂ ਬਚ ਸਕੇਗੀ ਪਰ ਸੱਚ ਬੋਲਣ ਨਾਲ ਅਜਿਹਾ ਹੋ ਸਕਦਾ ਹੈ।
ਇਕ ਅੰਗਰੇਜ਼ੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਇਸ ਲੇਖ ਵਿੱਚ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਵਿੱਚ "ਮੈਚ ਫਿਕਸਿੰਗ" ਦਾ ਦੋਸ਼ ਲਗਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਆਗਾਮੀ ਬਿਹਾਰ ਚੋਣਾਂ ਵਿੱਚ ਵੀ ਅਜਿਹਾ ਹੀ ਹੋਵੇਗਾ, ਕਿਉਂਕਿ ਉਥੇ ਵੀ ‘ਭਾਜਪਾ ਹਾਰ ਰਹੀ ਹੈ’। -ਪੀਟੀਆਈ