For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਵੱਲੋਂ ਐੱਨਡੀਏ ਮੰਤਰਾਲਾ ‘ਪਰਿਵਾਰ ਮੰਡਲ’ ਕਰਾਰ

06:34 AM Jun 12, 2024 IST
ਰਾਹੁਲ ਗਾਂਧੀ ਵੱਲੋਂ ਐੱਨਡੀਏ ਮੰਤਰਾਲਾ ‘ਪਰਿਵਾਰ ਮੰਡਲ’ ਕਰਾਰ
Advertisement

* ਕਥਨੀ ਤੇ ਕਰਨੀ ਦੇ ਫ਼ਰਕ ਨੂੰ ‘ਨਰਿੰਦਰ ਮੋਦੀ’ ਦੱਸਿਆ
* ਸੋਸ਼ਲ ਮੀਡੀਆ ’ਤੇ ਐੱਨਡੀਏ ਦੇ ਮੰਤਰੀਆਂ ਦੀ ਸੂਚੀ ਕੀਤੀ ਸਾਂਝੀ

Advertisement

ਨਵੀਂ ਦਿੱਲੀ, 11 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪਰਿਵਾਰਵਾਦ ਦੀ ਰਾਜਨੀਤੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਅਤੇ ਐੱਨਡੀਏ ਮੰਤਰਾਲੇ ਨੂੰ ‘ਪਰਿਵਾਰ ਮੰਡਲ’ ਕਰਾਰ ਦਿੱਤਾ। ਉਨ੍ਹਾਂ ‘ਮੋਦੀ 3.0’ ਸਰਕਾਰ ਦੇ ਕਈ ਮੰਤਰੀਆਂ ’ਤੇ ਨਿਸ਼ਾਨੇ ਸੇਧੇ, ਸਿਆਸੀ ਪਰਿਵਾਰਾਂ ਤੋਂ ਆਉਂਦੇ ਹਨ। ਰਾਹੁਲ ਗਾਂਧੀ ਨੇ ਐਕਸ ’ਤੇ ਪਾਈ ਪੋਸਟ ’ਚ ਕਿਹਾ, ‘ਪੀੜ੍ਹੀਆਂ ਦੇ ਸੰਘਰਸ਼, ਸੇਵਾ ਤੇ ਬਲੀਦਾਨ ਦੀ ਰਵਾਇਤ ਨੂੰ ਪਰਿਵਾਰਵਾਦ ਕਹਿਣ ਵਾਲੇ ਆਪਣੇ ‘ਸਰਕਾਰੀ ਪਰਿਵਾਰ’ ਨੂੰ ਸੱਤਾ ਦੀ ਵਸੀਅਤ ਵੰਡ ਰਹੇ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਕਥਨੀ ਤੇ ਕਰਨੀ ਦੇ ਇਸੇ ਫਰਕ ਨੂੰ ‘ਨਰਿੰਦਰ ਮੋਦੀ’ ਕਹਿੰਦੇ ਹਨ। ਰਾਹੁਲ ਗਾਂਧੀ ਨੇ ਆਪਣੀ ਪੋਸਟ ’ਚ ਜਿਨ੍ਹਾਂ ਮੰਤਰੀਆਂ ਦੇ ਨਾਂ ਸਾਂਝੇ ਕੀਤੇ ਉਨ੍ਹਾਂ ’ਚ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਪੁੱਤਰ ਐੱਚਡੀ ਕੁਮਾਰਸਵਾਮੀ, ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧੀਆ ਦੇ ਪੁੱਤਰ ਜਯੋਤਿਰਦਿੱਤਿਆ ਸਿੰਧੀਆ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਜੈਅੰਤ ਚੌਧਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ, ਅਰੁਣਾਚਲ ਪ੍ਰਦੇਸ਼ ਦੇ ਪਹਿਲੇ ਪ੍ਰੋਟੈਮ ਸਪੀਕਰ ਰਿੰਚਿਨ ਖਾਰੂ ਦੇ ਪੁੱਤਰ ਕਿਰਨ ਰਿਜਿਜੂ, ਮਹਾਰਾਸ਼ਟਰ ਦੇ ਸਾਬਕਾ ਮੰਤਰੀ ਏਕਨਾਥ ਖੜਸੇ ਦੀ ਨੂੰਹ ਰਕਸ਼ਾ ਖੜਸੇ ਨੂੰ ਐੱਨਡੀਏ ਦੇ ‘ਪਰਿਵਾਰ ਮੰਡਲ’ ਦਾ ਹਿੱਸਾ ਦੱਸਿਆ। ਇਸੇ ਸੂਚੀ ਵਿੱਚ ਉਨ੍ਹਾਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ, ਸਾਬਕਾ ਕੇਂਦਰੀ ਮੰਤਰੀ ਤੈਰੇਨ ਨਾਇਡੂ ਤੇ ਪੁੱਤਰ ਰਾਮ ਮੋਹਨ ਨਾਇਡੂ, ਸਾਬਕਾ ਸੰਸਦ ਮੈਂਬਰ ਜਿਤੇਂਦਰ ਪ੍ਰਸਾਦ ਦੇ ਪੁੱਤਰ ਜਿਤਿਨ ਪ੍ਰਸਾਦ, ਆਦਿ ਦੇ ਨਾਂ ਸ਼ਾਮਲ ਕੀਤੇ ਹਨ। -ਪੀਟੀਆਈ

‘ਪ੍ਰਿਯੰਕਾ ਵਾਰਾਨਸੀ ਤੋਂ ਚੋਣ ਲੜਦੀ ਤਾਂ ਮੋਦੀ ਵੱਡੇ ਫਰਕ ਨਾਲ ਹਾਰਦੇ’

ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਹੋਰ ਰਾਏ ਬਰੇਲੀ ’ਚ ਧੰਨਵਾਦੀ ਮੀਟਿੰਗ ’ਚ ਸ਼ਾਮਲ ਹੁੰਦੇ ਹੋਏ। -ਫੋਟੋ: ਪੀਟੀਆਈ

ਰਾਏ ਬਰੇਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਜੇਕਰ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵਾਰਾਨਸੀ ਤੋਂ ਲੋਕ ਸਭਾ ਚੋਣ ਲੜਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਜਾਂ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਹਾਰਦੇ। ਉਹ ਇੱਥੇ ਧੰਨਵਾਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਸਨ।
ਰਾਹੁਲ ਗਾਂਧੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਨੂੰ ਕਮਜ਼ੋਰ ਕਰਨ ਲਈ ਰਾਏ ਬਰੇਲੀ, ਅਮੇਠੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਮਿਲ ਕੇ ਚੋਣਾਂ ਲੜੀਆਂ। ਉਨ੍ਹਾਂ ਕਿਹਾ ਕਿ ਉਹ ਤੇ ਪਾਰਟੀ ਦੇ ਹੋਰ ਸੰਸਦ ਮੈਂਬਰ ਚੋਣ ਨਤੀਜੀਆਂ ਨੂੰ ਲੈ ਕੇ ਹੰਕਾਰ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਜਨਤਾ ਦੇ ਹਿੱਤਾਂ ਲਈ ਕੰਮ ਕਰਨਗੇ। ਕਾਂਗਰਸ ਆਗੂ ਨੇ ਮੋਦੀ ’ਤੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੌਰਾਨ ਆਮ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸਿਖਰਲੇ ਉਦਯੋਗਪਤੀਆਂ ਤੇ ਹੋਰ ਹਸਤੀਆਂ ਨੂੰ ਪ੍ਰਮੁੱਖਤਾ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਨਤਾ ਨੇ ਅਯੁੱਧਿਆ ’ਚ ਭਾਜਪਾ ਦੀ ਹਾਰ ਯਕੀਨੀ ਬਣਾ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਰਾਏ ਬਰੇਲੀ ਤੇ ਅਮੇਠੀ ਤੋਂ ਕਾਂਗਰਸ ਦੀ ਜਿੱਤ ਲਈ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਨਤੀਜੇ ਰਾਹੀਂ ਅਵਧ ਤੋਂ ਪੂਰੇ ਉੱਤਰ ਪ੍ਰਦੇਸ਼ ਤੇ ਦੇਸ਼ ’ਚ ਸੁਨੇਹਾ ਗਿਆ ਹੈ ਕਿ ਜਨਤਾ ਨੂੰ ਇੱਕ ਸਮਰਪਿਤ, ਸੱਚੀ ਤੇ ਸਾਫ਼ ਰਾਜਨੀਤੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਸਮਾਜਵਾਦੀ ਪਾਰਟੀ ਦੇ ਮੇਰੇ ਸਾਰੇ ਸਾਥੀਆਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਚੋਣ ਲੜੀ। ਅਸੀਂ ਇੱਥੇ ਇੱਕ ਸੈਨਾ ਬਣਾਈ ਜਿਸ ਤਹਿਤ ਤੁਹਾਡੀ ਮਦਦ ਨਾਲ ਰਾਏ ਬਰੇਲੀ ਤੇ ਅਮੇਠੀ ਤੋਂ ਅਸੀਂ ਜਿੱਤੇ। ਇਹ ਇੱਕ ਇਤਿਹਾਸਕ ਜਿੱਤ ਰਹੀ।’ ਉਨ੍ਹਾਂ ਜਨਤਾ ਨਾਲ ਵਾਅਦਾ ਕਰਦਿਆਂ ਕਿਹਾ, ‘ਜਿੰਨੀ ਸ਼ਰਧਾ ਤੁਸੀਂ ਦਿਖਾਈ ਹੈ, ਉਸ ਤੋਂ ਦੁੱਗਣੀ ਸ਼ਰਧਾ ਤੇ ਨਿਸ਼ਚੇ ਨਾਲ ਕੰਮ ਕਰਾਂਗੇ।’ -ਪੀਟੀਆਈ

Advertisement
Author Image

joginder kumar

View all posts

Advertisement
Advertisement
×