ਰਾਹੁਲ ਗਾਂਧੀ ਗਿਰਗਿਟ ਵਾਂਗ ਬਦਲਦਾ ਹੈ ਰੰਗ: ਮਾਇਆਵਤੀ
ਮਹਾਂਵੀਰ ਮਿੱਤਲ
ਜੀਂਦ/ ਉਚਾਨਾ : 25 ਸਤੰਬਰ
ਇੱਥੇ ਅੱਜ ਉਚਾਨਾ ਮੰਡੀ ਵਿੱਚ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ 111ਵੀਂ ਜੈਅੰਤੀ ਮੌਕੇ ਸਨਮਾਨ ਦਿਵਸ ਰੈਲੀ ਕਰਵਾਈ ਗਈ। ਰੈਲੀ ਵਿੱਚ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਅਤੇ ਇਨੈਲੋ ਸੁਪਰੀਮੋ ਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਓਮ ਪ੍ਰਕਾਸ਼ ਚੌਟਾਲਾ ਹਾਜ਼ਰ ਹੋਏ। ਇਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਰਾਖਵੇਂਕਰਨ ਨੂੰ ਖਤਮ ਕਰਨ ਉੱਤੇ ਤੁਲੀਆਂ ਹੋਈਆਂ ਹਨ। ਜੇ ਰਾਖਵਾਂਕਰਨ ਬਚਾਉਣਾ ਹੈ ਤਾਂ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਵੋਟ ਨਾ ਪਾਓ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਵਿਦੇਸ਼ ਵਿੱਚ ਜਾ ਕੇ ਰਾਖਵਾਂਕਰਨ ਨੂੰ ਆਉਣ ਵਾਲੇ ਸਮੇਂ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਹੈ, ਜਦੋਂਕਿ ਰਾਹੁਲ ਗਾਂਧੀ ਭਾਰਤ ਵਿੱਚ ਰਹਿੰਦੇ ਹੋਏ ਕਿਸੇ ਸੂਬੇ ਵਿੱਚ ਚੋਣ ਪ੍ਰਚਾਰ ਸਮੇਂ ਗਿਰਗਿਟ ਵਾਂਗ ਰੰਗ ਬਦਲ ਲੈਂਦਾ ਹੈ। ਇਸ ਦੌਰਾਨ ਉਹ ਕਹਿੰਦਾ ਹੈ ਕਿ ਉਹ ਰਾਂਖਵਾਕਰਨ ਦੇ ਪੱਖ ਵਿੱਚ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਦਲਿਤ ਵਿਰੋਧੀ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਹਰਿਆਣਾ ਵਿੱਚ ਇਨੈਲੋ-ਬਸਪਾ ਦਾ ਗੱਠਜੋੜ ਹੈ। 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਇਨੈਲੋ ਦੇ 53 ਅਤੇ ਬਸਪਾ ਦੇ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉੱਧਰ, 90 ਸਾਲਾ ਇਨੈਲੋ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਜੀਂਦ ਨੂੰ ਸੰਘਰਸ਼ ਦੀ ਧਰਤੀ ਦੱਸਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਇਸੇ ਧਰਤੀ ਤੋਂ ਆਪਣੀ ਰਾਜਸੀ ਸ਼ਕਤੀ ਵਿੱਚ ਵਾਧਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਇਸ ਇਲਾਕੇ ਨਾਲ ਭੇਦਭਾਵ ਕੀਤਾ ਤੇ ਭਾਜਪਾ ਦੇ ਰਾਜ ਵਿੱਚ ਝੂਠ ਦਾ ਬੋਲਬਾਲਾ ਸੀ। ਇਸ ਮੌਕੇ ਅਭੈ ਸਿੰਘ ਚੌਟਾਲਾ ਨੇ ਵੀ ਸੰਬੋਧਨ ਕੀਤਾ।
ਸਰਕਾਰ ਬਣਨ ’ਤੇ ਦੋ ਡਿਪਟੀ ਮੁੱਖ ਮੰਤਰੀ ਬਣਨਗੇ
ਮਾਇਆਵਤੀ ਨੇ ਐਲਾਨ ਕੀਤਾ ਕਿ ਹਰਿਆਣਾ ਵਿੱਚ ਸਰਕਾਰ ਬਣਨ ’ਤੇ ਅਭੈ ਸਿੰਘ ਚੌਟਾਲਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਡਿਪਟੀ ਸੀਐੱਮ ਬਸਪਾ ਦਾ ਹੋਵੇਗਾ ਅਤੇ ਅਤੇ ਇੱਕ ਹੋਰ ਡਿਪਟੀ ਸੀਐੱਮ ਹੋਰ ਪਛੜੇ ਵਰਗ ਤੋਂ ਬਣਾਇਆ ਜਾਵੇਗਾ।