For the best experience, open
https://m.punjabitribuneonline.com
on your mobile browser.
Advertisement

ਰਾਹੁਲ ਗਾਂਧੀ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ

07:07 AM Jul 16, 2023 IST
ਰਾਹੁਲ ਗਾਂਧੀ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੇ
Advertisement

ਨਵੀਂ ਦਿੱਲੀ, 15 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਗੁਜਰਾਤ ਹਾਈ ਕੋਰਟ ਦੇ 7 ਜੁਲਾਈ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਅੱਜ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ, ਜਿਸ ਨੇ ਉਨ੍ਹਾਂ ਦੀ ‘ਮੋਦੀ ਉਪ ਨਾਮ’ ਵਾਲੀ ਟਿੱਪਣੀ ’ਤੇ ਮਾਣਹਾਨੀ ਕੇਸ ’ਚ ਉਨ੍ਹਾਂ ਦੀ ਸਜ਼ਾ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਰਾਹੁਲ ਗਾਂਧੀ ਵੱਲੋਂ ਇਹ ਪਟੀਸ਼ਨ ‘ਐਡਵੋਕੇਟ ਆਨ ਰਿਕਾਰਡ’ ਪ੍ਰਸੰਨਾ ਐੱਸ ਰਾਹੀਂ ਦਾਇਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੀ ਇਕ ਅਦਾਲਤ ਵੱਲੋਂ ਮੋਦੀ ਉਪ ਨਾਮ ਨਾਲ ਸਬੰਧਤ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ 24 ਮਾਰਚ 2023 ਨੂੰ ਰਾਹੁਲ ਗਾਂਧੀ ਨੂੰ ਬਤੌਰ ਸੰਸਦ ਮੈਂਬਰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੇ ਅਦਾਲਤ ਦੇ ਇਸ ਫ਼ੈਸਲੇ ਖ਼ਿਲਾਫ਼ ਗੁਜਰਾਤ ਹਾਈ ਕੋਰਟ ਪਹੁੰਚ ਕੀਤੀ ਸੀ ਜਿਸ ਨੇ 7 ਜੁਲਾਈ ਨੂੰ ਇਹ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ। ਹੁਣ ਗੁਜਰਾਤ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਰਾਹੁਲ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਜੇਕਰ ਸਜ਼ਾ ’ਤੇ ਰੋਕ ਲੱਗ ਜਾਂਦੀ ਹੈ ਤਾਂ ਇਸ ਨਾਲ ਰਾਹੁਲ ਦੀ ਸੰਸਦ ਦੀ ਮੈਂਬਰਸ਼ਿਪ ਬਹਾਲ ਹੋਣ ਦਾ ਰਾਹ ਪੱਧਰਾ ਹੋ ਜਾਂਦਾ ਹੈ। ਹਾਈ ਕੋਰਟ ਨੇ ਰਾਹੁਲ ਦੀ ਅਰਜ਼ੀ ਖਾਰਜ ਕਰਦਿਆਂ ਕਿਹਾ ਕਿ ਸੀ ਕਿ ਰਾਜਨੀਤੀ ’ਚ ਸ਼ੁੱਧਤਾ ਹੁਣ ਸਮੇਂ ਦੀ ਮੰਗ ਹੈ। ਜਸਟਿਸ ਹੇਮੰਤ ਪ੍ਰਛਕ ਨੇ ਟਿੱਪਣੀ ਕੀਤੀ ਸੀ, ‘ਲੋਕ ਨੁਮਾਇੰਦੇ ਸਾਫ ਅਕਸ ਵਾਲੇ ਵਿਅਕਤੀ ਹੋਣੇ ਚਾਹੀਦੇ ਹਨ।’ ਦੂਜੇ ਪਾਸੇ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਕੇਸ ’ਚ ਸ਼ਿਕਾਇਤਕਰਤਾ ਭਾਜਪਾ ਵਿਧਾਇਕ ਪੁਰਨੇਸ਼ ਮੋਦੀ ਨੇ ਵੀ ਸੁਪਰੀਮ ਕੋਰਟ ’ਚ ਇੱਕ ਕੈਵੀਅਟ ਦਾਇਰ ਕੀਤੀ ਹੈ। ਕੈਵੀਅਟ ’ਚ ਅਪੀਲ ਕੀਤੀ ਗਈ ਹੈ ਕਿ ਜੇਕਰ ਰਾਹੁਲ ਗਾਂਧੀ ਮੋਦੀ ਉਪ ਨਾਮ ਮਾਮਲੇ ’ਚ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਕੋਈ ਪਟੀਸ਼ਨ ਦਾਇਰ ਕਰਕੇ ਹਨ ਤਾਂ ਸ਼ਿਕਾਇਤਕਰਤਾ ਦਾ ਪੱਖ ਵੀ ਸੁਣਿਆ ਜਾਵੇ। -ਪੀਟੀਆਈ

Advertisement

ਕੇਰਲਾ ਹਾਈ ਕੋਰਟ ਵੱਲੋਂ ਰਾਹੁਲ ਗਾਂਧੀ ਦੇ ਅਮਲੇ ਖ਼ਿਲਾਫ਼ ਮੁਕੱਦਮਾ ਚਲਾਉਣ ’ਤੇ ਰੋਕ
ਕੋਚੀ: ਕੇਰਲਾ ਹਾਈ ਕੋਰਟ ਨੇ ਵਾਇਆਨਾਡ ਵਿਚਲੇ ਰਾਹੁਲ ਗਾਂਧੀ ਦੇ ਦਫ਼ਤਰ ਅੰਦਰ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਦਫ਼ਤਰੀ ਅਮਲੇ ਖ਼ਿਲਾਫ਼ ਮੁਕੱਦਮਾ ਚਲਾਉਣ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਰਾਜਾ ਵਿਜਿਆਰਾਘਵਨ ਨੇ ਰਾਹੁਲ ਗਾਂਧੀ ਦੇ ਸਟਾਫ ਮੈਂਬਰਾਂ ਖ਼ਿਲਾਫ਼ ਸਥਾਨਕ ਅਦਾਲਤ ਵਿੱਚ ਸੁਣਵਾਈ ’ਤੇ ਰੋਕ ਸਬੰਧੀ ਅੰਤਰਿਮ ਆਦੇਸ਼ ਜਾਰੀ ਕਰ ਦਿੱਤਾ ਹੈ। -ਪੀਟੀਆਈ

ਰਾਹੁਲ ਨੇ ਮਨੀਪੁਰ ਅਤੇ ਰਾਫਾਲ ਮੁੱਦੇ ’ਤੇ ਮੋਦੀ ਨੂੰ ਘੇਰਿਆ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਦੋਸ਼ ਲਾਇਆ ਹੈ ਕਿ ਰਾਫਾਲ ਸੌਦੇ ਕਾਰਨ ਉਨ੍ਹਾਂ ਨੂੰ ‘ਬੈਸਟਿਲ ਦਿਵਸ ਪਰੇਡ ਦੀ ਟਿਕਟ’ ਮਿਲੀ। ਉਧਰ ਭਾਜਪਾ ਨੇ ਕਾਂਗਰਸ ਆਗੂ ’ਤੇ ਵਰ੍ਹਦਿਆਂ ਉਸ ਨੂੰ ‘ਨਿਰਾਸ਼ ਵੰਸ਼ਵਾਦੀ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਢਾਹ ਲਗਾ ਰਿਹਾ ਹੈ। ਰਾਹੁਲ ਨੇ ਟਵੀਟ ਕਰਕੇ ਕਿਹਾ,‘‘ਮਨੀਪੁਰ ਸੜ ਰਿਹਾ ਹੈ। ਯੂਰੋਪੀਅਨ ਯੂਨੀਅਨ ਸੰਸਦ ਭਾਰਤ ਦੇ ਅੰਦਰੂਨੀ ਮਾਮਲੇ ’ਤੇ ਚਰਚਾ ਕਰਦੀ ਹੈ। ਪ੍ਰਧਾਨ ਮੰਤਰੀ ਨੇ ਦੋਵੇਂ ਮੁੱਦਿਆਂ ’ਤੇ ਇਕ ਸ਼ਬਦ ਵੀ ਨਹੀਂ ਬੋਲਿਆ ਹੈ। ਉਧਰ ਰਾਫਾਲ ਨੇ ਉਨ੍ਹਾਂ (ਮੋਦੀ) ਨੂੰ ਬੈਸਟਿਲ ਦਿਵਸ ਪਰੇਡ ਦੀ ਟਿਕਟ ਦਿਵਾਈ ਹੈ।’’ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਤਨਜ਼ ਕਸਦਿਆਂ ਕਿਹਾ ਕਿ ਅਸੀਂ ਚੰਨ ’ਤੇ ਜਾ ਸਕਦੇ ਹਾਂ ਪਰ ਆਪਣੇ ਮੁਲਕ ’ਚ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੀ ਕੋਈ ਇੱਛਾ ਨਹੀਂ ਦਿਖਾਉਂਦੇ ਹਾਂ। ਰਿਚਰਡ ਨੈਲਸਨ ਦੇ ਲੇਖ ਦਾ ਭਾਰਤੀ ਤਰਜਮਾ ਇੰਜ ਕੀਤਾ ਜਾ ਸਕਦਾ ਹੈ, ‘ਦਿ ਮੂਨ ਐਂਡ ਮਨੀਪੁਰ।’ ਜੈਰਾਮ ਨੇ ਜਨਵਰੀ 1977 ’ਚ ਆਰਥਿਕ ਮਾਹਿਰ ਰਿਚਰਡ ਨੈਲਸਨ ਦੇ ਲੇਖ ‘ਦਿ ਮੂਨ ਐਂਡ ਦਿ ਗੈਟੋ’ ਦਾ ਹਵਾਲਾ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਚੰਨ ’ਤੇ ਵਿਅਕਤੀ ਨੂੰ ਉਤਾਰਨ ਦੇ ਸਮਰੱਥ ਤਾਂ ਬਣ ਗਿਆ ਹੈ ਪਰ ਘਰੇਲੂ ਸਮੱਸਿਆਵਾਂ ਦਾ ਹੱਲ ਕੱਢਣ ਦੇ ਅਯੋਗ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ’ਤੇ ਵਰ੍ਹਦਿਆਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਕੀਤਾ ਕਿ ਜਿਹੜਾ ਵਿਅਕਤੀ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਕੌਮਾਂਤਰੀ ਦਖ਼ਲ ਦੀ ਮੰਗ ਕਰਦਾ ਹੈ, ਉਹ ਪ੍ਰਧਾਨ ਮੰਤਰੀ ਨੂੰ ਸਨਮਾਨ ਮਿਲਣ ਅਤੇ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਢਾਹ ਲਾ ਰਿਹਾ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਰਾਫਾਲ ਮੁੱਦੇ ਦਾ ਸੁਪਰੀਮ ਕੋਰਟ ਨੇ ਪਹਿਲਾਂ ਹੀ ਨਬਿੇੜਾ ਕਰ ਦਿੱਤਾ ਹੈ। ਉਨ੍ਹਾਂ ਰਾਹੁਲ ਨੂੰ ਕਿਹਾ ਕਿ ਉਹ ਸੰਵਿਧਾਨਕ ਅਦਾਰਿਆਂ ’ਤੇ ਇਲਜ਼ਾਮ ਲਾਉਣਾ ਬੰਦ ਕਰਨ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਮਨੀਪੁਰ ਬਾਰੇ ਯੂਰੋਪੀਅਨ ਯੂਨੀਅਨ ਦੀਆਂ ਟਿੱਪਣੀਆਂ ਨੂੰ ਰਾਹੁਲ ਗਾਂਧੀ ਦੇ ਇੰਗਲੈਂਡ ਦੌਰੇ ਨਾਲ ਜੋੜਿਆ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×