ਰਾਹੁਲ ਗਾਂਧੀ ਨੇ ਸਰਕਾਰ ’ਤੇ ਸ਼੍ਰਮਿਕ ਰੇਲਾਂ ਰਾਹੀਂ ਮੁਨਾਫ਼ਾ ਕਮਾਉਣ ਦੇ ਦੋਸ਼ ਲਾਏ
ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ’ਤੇ ਕਰੋਨਾਵਾਇਰਸ ਕਾਰਨ ਕੀਤੀ ਤਾਲਾਬੰਦੀ ਦੌਰਾਨ ਸ਼੍ਰਮਿਕ ਰੇਲਾਂ ਰਾਹੀਂ ਲਾਹਾ ਲੈਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਦੋਂ ਲੋਕ ਮੁਸ਼ਕਲ ਵਿੱਚ ਸਨ ਤਾਂ ਸਰਕਾਰ ਨੇ ਫ਼ਾਇਦਾ ਚੁੱਕਿਆ। ਉਨ੍ਹਾਂ ਇੱਕ ਖ਼ਬਰ ਨੂੰ ਟੈਗ ਕਰਦਿਆਂ ਦਾਅਵਾ ਕੀਤਾ ਕਿ ਮਹਾਮਾਰੀ ਦੌਰਾਨ ਪਰਵਾਸੀਆਂ ਦੀ ਆਵਾਜਾਈ ਲਈ ਚਲਾਈਆਂ ‘ਸ਼੍ਰਮਿਕ ਰੇਲਾਂ’ ਰਾਹੀਂ ਭਾਰਤੀ ਰੇਲਵੇ ਵਲੋਂ ਮੁਨਾਫ਼ਾ ਕਮਾਇਆ ਗਿਆ ਹੈ। ਉਨ੍ਹਾਂ ਹਿੰਦੀ ਵਿੱਚ ਟਵੀਟ ਕੀਤਾ, ‘‘ਬਿਮਾਰੀ ਦੇ ਬੱਦਲ ਛਾਏ ਹੋਏ ਹਨ ਅਤੇ ਲੋਕ ਮੁਸੀਬਤ ਵਿੱਚ ਹਨ, ਪਰ ਕਿਸੇ ਨੇ ਇਸ ਦਾ ਫ਼ਾਇਦਾ ਲਿਆ– ਇਸ ਲੋਕ-ਵਿਰੋਧੀ ਸਰਕਾਰ ਨੇ ਆਫ਼ਤ ਨੂੰ ਮੁਨਾਫ਼ੇ ਵਿੱਚ ਬਦਲਿਆ ਅਤੇ ਕਮਾਈ ਕੀਤੀ।’’ ਇਸ ਖ਼ਬਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੇਲਵੇ ਨੇ ਤਾਲਾਬੰਦੀ ਦੌਰਾਨ ਪਰਵਾਸੀਆਂ ਲਈ ਸ਼੍ਰਮਿਕ ਵਿਸ਼ੇਸ਼ ਰੇਲਾਂ ਚਲਾ ਕੇ 428 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ।
ਦੇਸ਼ ਨੂੰ ‘ਲੁੱਟਣ’ ਵਾਲੇ ਹੀ ਸਬਸਿਡੀ ਨੂੰ ਮੁਨਾਫ਼ਾ ਆਖ ਸਕਦੇ ਹਨ: ਪਿਯੂਸ਼ ਗੋਇਲ
ਰਾਹੁਲ ਗਾਂਧੀ ਵਲੋਂ ਸ਼੍ਰਮਿਕ ਰੇਲਾਂ ਰਾਹੀਂ ਮੁਨਾਫ਼ਾ ਕਮਾਉਣ ਦੇ ਲਾਏ ਦੋਸ਼ਾਂ ਦੇ ਜਵਾਬ ਵਿੱਚ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਕਾਂਗਰਸ ’ਤੇ ਵਰ੍ਹਦਿਆਂ ਟਵੀਟ ਕੀਤਾ, ‘‘ਕੇਵਲ ਉਹੀ ਲੋਕ ਸਬਸਿਡੀ ਨੂੰ ਮੁਨਾਫ਼ਾ ਆਖ ਸਕਦੇ ਹਨ, ਜਨਿ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ। ਰੇਲਵੇ ਨੇ ਸ਼੍ਰਮਿਕ ਰੇਲਾਂ ’ਤੇ ਸੂਬਾ ਸਰਕਾਰਾਂ ਵਲੋਂ ਮਿਲੇ ਪੈਸੇ ਨਾਲੋਂ ਕਿਤੇ ਵੱਧ ਖ਼ਰਚ ਕੀਤਾ ਹੈ। ਲੋਕ ਹੁਣ ਪੁੱਛ ਰਹੇ ਹਨ ਕਿ ਸੋਨੀਆ ਜੀ ਵਲੋਂ ਲੋਕਾਂ ਦੀਆਂ ਟਿਕਟਾਂ ਦਾ ਖ਼ਰਚਾ ਚੁੱਕਣ ਦੇ ਵਾਅਦੇ ਦਾ ਕੀ ਬਣਿਆ।’’ ਦੱਸਣਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਰਵਾਸੀ ਸੰਕਟ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਵਲੋਂ ਸ਼੍ਰਮਿਕ ਰੇਲਾਂ ਦੇ ਯਾਤਰੀਆਂ ਦੀਆਂ ਟਿਕਟਾਂ ਦਾ ਖ਼ਰਚਾ ਚੁੱਕਿਆ ਜਾਵੇਗਾ।