ਰਾਹੁਲ ਵੱਲੋਂ ਵਾਇਨਾਡ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ
ਵਾਇਨਾਡ, 3 ਅਪਰੈਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਪੁੱਜੇ ਰਾਹੁਲ ਨੇ ਵਾਇਨਾਡ ਦੇ ਜ਼ਿਲ੍ਹਾ ਅਧਿਕਾਰੀ ਨੂੰ ਆਪਣਾ ਨਾਮਜ਼ਦਗੀ ਪੱਤਰ ਸੌਂਪਿਆ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਰਾਹੁਲ ਨੇ ਸੰਵਿਧਾਨ ਦੇ ਪਾਲਣ ਦੀ ਸਹੁੰ ਚੁੱਕੀ ਜਿਸ ਮਗਰੋਂ ਕਾਗਜ਼ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਮੁਕੰਮਲ ਹੋਈ।
ਰਾਹੁਲ ਗਾਂਧੀ ਅੱਜ ਸਵੇਰੇ ਹੈਲੀਕਾਪਟਰ ਰਾਹੀਂ ਵਾਇਨਾਡ ਪੁੱਜੇ ਅਤੇ ਫਿਰ ਉਨ੍ਹਾਂ ਕਲਪੇਟਾ ਤੋਂ ਸਿਵਲ ਸਟੇਸ਼ਨ ਤੱਕ ਰੋਡ ਸ਼ੋਅ ਕੀਤਾ। ਇਸ ਮਗਰੋਂ ਉਹ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਗਏ। ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਜਾਣ ਤੋਂ ਪਹਿਲਾਂ ਰੋਡ ਸ਼ੋਅ ਦੇ ਅਖੀਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਜ਼ਿਲ੍ਹੇ ’ਚ ਕਈ ਲੋਕਾਂ ਦੀ ਜਾਨ ਲੈਣ ਵਾਲੀਆਂ ਘਟਨਾਵਾਂ ਸਮੇਤ ਵਾਇਨਾਡ ਵਾਸੀਆਂ ਦੇ ਸਾਰੇ ਮਸਲਿਆਂ ’ਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ। ਵਾਇਨਾਡ ਤੋਂ ਮੌਜੂਦਾ ਸੰਸਦ ਮੈਂਬਰ ਰਾਹੁਲ ਨੇ ਕਿਹਾ ਕਿ ਉਹ ਇਸ ਪਹਾੜੀ ਚੋਣ ਹਲਕੇ ਦੇ ਲੋਕਾਂ ਦੇ ਮੁੱਦਿਆਂ ’ਤੇ ਦੇਸ਼ ਤੇ ਦੁਨੀਆ ਦਾ ਧਿਆਨ ਖਿੱਚਣ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਕਿਹਾ ਕਿ ਵਾਇਨਾਡ ਉਨ੍ਹਾਂ ਦਾ ਘਰ ਹੈ ਅਤੇ ਇੱਥੋਂ ਦੇ ਲੋਕ ਉਨ੍ਹਾਂ ਦਾ ਪਰਿਵਾਰ ਹਨ ਤੇ ਆਪਣੇ ਖ਼ੂਬਸੂਰਤ ਇਤਿਹਾਸ ਤੇ ਰਵਾਇਤਾਂ ਵਾਲੀ ਇਹ ਧਰਤੀ ਉਨ੍ਹਾਂ ਨੂੰ ਪ੍ਰੇਰਨਾ ਦਿੰਦੀ ਹੈ। ਰਾਹੁਲ ਗਾਂਧੀ ਦਾ ਸਵਾਗਤ ਕਰਨ ਲਈ ਇੱਥੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਰਾਹੁਲ ਵਾਇਨਾਡ ਤੋਂ ਭਾਜਪਾ ਦੀ ਸੂਬਾਈ ਇਕਾਈ ਦੇ ਪ੍ਰਧਾਨ ਕੇ ਸੁਰੇਂਦਰਨ ਤੇ ਸੀਪੀਆਈ ਦੀ ਨੇਤਾ ਐਨੀ ਰਾਜਾ ਖ਼ਿਲਾਫ਼ ਚੋਣ ਲੜਨਗੇ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਇਸੇ ਸੀਟ ਤੋਂ ਚਾਰ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। -ਪੀਟੀਆਈ
ਅਮੇਠੀ ਤੋਂ ਭੱਜੇ ਰਾਹੁਲ ਨੂੰ ਵਾਇਨਾਡ ’ਚ ਵੀ ਮਿਲੇਗੀ ਸਖ਼ਤ ਟੱਕਰ: ਪ੍ਰਸਾਦ
ਪਟਨਾ: ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੋਂ ਮਿਲੀ ਹਾਰ ਤੋਂ ਬਾਅਦ ਅਮੇਠੀ ਤੋਂ ਫ਼ਰਾਰ ਹੋਣ ਦਾ ਦੋਸ਼ ਲਾਇਆ। ਸ੍ਰੀ ਪ੍ਰਸਾਦ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਵਾਇਨਾਡ ਤੋਂ ਵੀ ਸਖ਼ਤ ਟੱਕਰ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਵਾਇਨਾਡ ਵਿੱਚ ਤਿਕੋਣੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉੱਥੇ ਉਨ੍ਹਾਂ ਦੀ ਪ੍ਰਮੁੱਖ ਵਿਰੋਧੀ ਸੀਪੀਆਈ ਦੀ ਐਨੀ ਰਾਜਾ ਹੈ। ਭਾਜਪਾ ਨੇ ਆਪਣੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਕੇ ਟੱਕਰ ਹੋਰ ਵੀ ਦਿਲਚਸਪ ਬਣਾ ਦਿੱਤੀ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਇਕ ਸ਼ਾਨਦਾਰ ਰੋਡ ਸ਼ੋਅ ਤੋਂ ਬਾਅਦ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਸਾਦ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਦੇ ਚੋਣ ਖੇਤਰ ਵਾਇਨਾਡ ਵਿੱਚ ‘ਮੁਸਲਮਾਨਾਂ ਅਤੇ ਇਸਾਈਆਂ ਦੀ ਭਾਰੀ ਗਿਣਤੀ ਹੋਣ ਕਾਰਨ ਉਹ ਉੱਥੋਂ ਚੋਣ ਲੜ ਰਹੇ ਹਨ ਪਰ ਕਾਂਗਰਸੀ ਆਗੂ ਨੂੰ ਉੱਥੇ ਵੀ ਸਖ਼ਤ ਟੱਕਰ ਮਿਲੇਗੀ। ਭਾਜਪਾ ਆਗੂ ਨੇ ਸਵਾਲ ਕੀਤਾ, ‘‘ਰਾਹੁਲ ਗਾਂਧੀ ਅਮੇਠੀ ਤੋਂ ਕਿਉਂ ਭੱਜੇ? ਉਨ੍ਹਾਂ ਨੇ ਉੱਥੋਂ ਚੋਣ ਜਿੱਤੀ ਸੀ। ਇਸ ਤੋਂ ਪਹਿਲਾਂ ਇਸ ਸੀਟ ਦੀ ਨੁਮਾਇੰਦਗੀ ਉਨ੍ਹਾਂ ਦੇ ਪਿਤਾ ਅਤੇ ਮਰਹੂਮ ਚਾਚਾ ਸੰਜੈ ਗਾਂਧੀ ਨੇ ਕੀਤੀ ਸੀ। ਰਾਹੁਲ ਨੂੰ ਉੱਥੋਂ ਚੋਣ ਮੈਦਾਨ ਵਿੱਚ ਉਤਰਨ ਦੀ ਹਿੰਮਤ ਕਰਨੀ ਚਾਹੀਦੀ ਸੀ।’’ -ਪੀਟੀਆਈ
ਸ਼ਸ਼ੀ ਥਰੂਰ ਸਣੇ ਕਈ ਆਗੂਆਂ ਵੱਲੋਂ ਨਾਮਜ਼ਦਗੀਆਂ ਦਾਖਲ
ਤਿਰੂਵਨੰਤਪੁਰਮ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਦੇ ਨੇਤਾ ਤੇ ਕੇਰਲਾ ਦੇ ਮੰਤਰੀ ਕੇ ਰਾਧਾਕ੍ਰਿਸ਼ਨਨ, ਸੀਪੀਆਈ ਦੀ ਕੌਮੀ ਕਾਰਜਕਾਰਨੀ ਮੈਂਬਰ ਐਨੀ ਰਾਜਾ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਨਿਲ ਐਂਟਨੀ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਤਿਰੂਵਨੰਤਪੁਰਮ ਲੋਕ ਸਭਾ ਸੀਟ ਤੋਂ ਆਪਣੇ ਕਾਗਜ਼ ਦਾਖਲ ਕੀਤੇ। ਰਾਧਾਕ੍ਰਿਸ਼ਨਨ ਉੱਤਰੀ ਪਲੱਕੜ ਜ਼ਿਲ੍ਹੇ ਦੇ ਅਲਾਥੁਰ ਤੋਂ ਚੋਣ ਲੜ ਰਹੇ ਹਨ ਜਦਕਿ ਰਾਜਾ ਤੇ ਐਂਟਨੀ ਕ੍ਰਮਵਾਰ ਵਾਇਨਾਡ ਤੇ ਪਥਾਨਾਮਥਿੱਟਾ ਤੋਂ ਚੋਣ ਮੈਦਾਨ ’ਚ ਹਨ। -ਪੀਟੀਆਈ