For the best experience, open
https://m.punjabitribuneonline.com
on your mobile browser.
Advertisement

ਰਾਹੁਲ ਨੇ ਰਾਏ ਬਰੇਲੀ ਤੋਂ ਭਰੀ ਨਾਮਜ਼ਦਗੀ

06:56 AM May 04, 2024 IST
ਰਾਹੁਲ ਨੇ ਰਾਏ ਬਰੇਲੀ ਤੋਂ ਭਰੀ ਨਾਮਜ਼ਦਗੀ
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਰਾਹੁਲ ਗਾਂਧੀ ਨਾਲ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰੌਬਰਟ ਵਾਡਰਾ ਤੇ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ
Advertisement

* ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਤੋਂ ਮੈਦਾਨ ’ਚ ਨਿੱਤਰਿਆ ਕਿਸ਼ੋਰੀ ਲਾਲ
* ਰਾਹੁਲ ਦਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੋਵੇਗਾ ਮੁਕਾਬਲਾ

Advertisement

ਰਾਏ ਬਰੇਲੀ/ਨਵੀਂ ਦਿੱਲੀ, 3 ਮਈ
ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਮੁੱਕਣ ਤੋਂ ਮਸਾਂ ਇਕ ਘੰਟਾ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਅੱਜ ਆਪਣੇ ਕਾਗਜ਼ ਦਾਖ਼ਲ ਕੀਤੇ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨਾਲ ਹੈ ਜੋ 2019 ਦੀਆਂ ਚੋਣਾਂ ’ਚ ਸੋਨੀਆ ਗਾਂਧੀ ਤੋਂ ਹਾਰ ਗਿਆ ਸੀ। ਰਾਏ ਬਰੇਲੀ ’ਚ 20 ਮਈ ਨੂੰ ਵੋਟਾਂ ਪੈਣੀਆਂ ਹਨ। ਰਾਹੁਲ ਗਾਂਧੀ ਐਤਕੀਂ ਵੀ ਦੋ ਸੀਟਾਂ (ਰਾਏ ਬਰੇਲੀ ਅਤੇ ਵਾਇਨਾਡ) ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਾਲ 2019 ਦੀਆਂ ਚੋਣਾਂ ਉਨ੍ਹਾਂ ਅਮੇਠੀ ਅਤੇ ਵਾਇਨਾਡ ਤੋਂ ਲੜੀਆਂ ਸਨ ਪਰ ਅਮੇਠੀ ’ਚ ਉਹ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਚੋਣ ਹਾਰ ਗਏ ਸਨ। ਵਾਇਨਾਡ ’ਚ 26 ਅਪਰੈਲ ਨੂੰ ਵੋਟਿੰਗ ਹੋ ਚੁੱਕੀ ਹੈ। ਕਾਂਗਰਸ ਪਾਰਟੀ ਨੇ ਅੱਜ ਸਵੇਰੇ ਅਮੇਠੀ ਅਤੇ ਰਾਏ ਬਰੇਲੀ ’ਚ ਉਮੀਦਵਾਰਾਂ ਦੇ ਨਾਮ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੂਰ ਕਰ ਦਿੱਤੀ। ਪਾਰਟੀ ਨੇ ਰਾਹੁਲ ਨੂੰ ਰਾਏ ਬਰੇਲੀ ਅਤੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਮੈਦਾਨ ’ਚ ਉਤਾਰਨ ਦਾ ਐਲਾਨ ਕੀਤਾ। ਸ਼ਰਮਾ ਨੇ ਅੱਜ ਅਮੇਠੀ ਤੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਲੁਧਿਆਣਾ ਦੇ ਵਸਨੀਕ ਕਿਸ਼ੋਰੀ ਲਾਲ ਸ਼ਰਮਾ ਨੇ ਰਾਜੀਵ ਗਾਂਧੀ, ਸਤੀਸ਼ ਸ਼ਰਮਾ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਅਮੇਠੀ ’ਚ ਨੁਮਾਇੰਦੇ ਵਜੋਂ ਕੰਮ ਕੀਤਾ ਹੈ। ਰਾਏ ਬਰੇਲੀ ਹਲਕੇ ਦੀ ਸੋਨੀਆ ਗਾਂਧੀ ਪਿਛਲੇ ਦੋ ਦਹਾਕਿਆਂ ਤੋਂ ਨੁਮਾਇੰਦਗੀ ਕਰਦੀ ਆ ਰਹੀ ਸੀ ਪਰ ਉਹ ਹੁਣ ਰਾਜਸਥਾਨ ਰਾਹੀਂ ਰਾਜ ਸਭਾ ’ਚ ਚਲੀ ਗਈ ਹੈ। ਰਾਹੁਲ ਗਾਂਧੀ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਮਾਤਾ ਸੋਨੀਆ ਗਾਂਧੀ, ਭੈਣ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜੀਜਾ ਰੌਬਰਟ ਵਾਡਰਾ ਵੀ ਹਾਜ਼ਰਸਨ। ਪਰਿਵਾਰ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਸਾਰੇ ਆਗੂ ਅੱਜ ਸਵੇਰੇ ਅਮੇਠੀ ਦੇ ਫੁਰਸਤਗੰਜ ਹਵਾਈ ਅੱਡੇ ’ਤੇ ਪੁੱਜੇ ਅਤੇ ਫਿਰ ਰਾਏ ਬਰੇਲੀ ਲਈ ਰਵਾਨਾ ਹੋਏ। ਜ਼ਿਲ੍ਹਾ ਕੁਲੈਕਟਰੇਟ ਦਫ਼ਤਰ ਦੇ ਬਾਹਰ ਵੱਡੀ ਗਿਣਤੀ ’ਚ ਕਾਂਗਰਸੀ ਅਤੇ ‘ਇੰਡੀਆ’ ਗੱਠਜੋੜ ਦੇ ਵਰਕਰ ਹਾਜ਼ਰ ਸਨ। ਅਮੇਠੀ ਜ਼ਿਲ੍ਹੇ ਦੇ ਗੌਰੀਗੰਜ ’ਚ ਕਾਂਗਰਸ ਦਫ਼ਤਰ ’ਤੇ ਵੀਰਵਾਰ ਸ਼ਾਮ ਨੂੰ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦੇ ਪੋਸਟਰ ਅਤੇ ਤਸਵੀਰਾਂ ਲੱਗ ਗਈਆਂ ਸਨ। -ਪੀਟੀਆਈ

ਅਮੇਠੀ ਦੀ ਬਜਾਏ ਰਾਏ ਬਰੇਲੀ ਜਾ ਕੇ ਰਾਹੁਲ ਨੇ ਖੇਡਿਆ ਵੱਡਾ ਦਾਅ

ਨਵੀਂ ਦਿੱਲੀ: ਰਾਹੁਲ ਗਾਂਧੀ ਦੇਸ਼ ਦੇ ਸਿਆਸਤਦਾਨਾਂ ’ਚੋਂ ਖੁਦ ਨੂੰ ਸ਼ਤਰੰਜ ਦਾ ਸਭ ਤੋਂ ਵਧੀਆ ਖਿਡਾਰੀ ਦੱਸਦੇ ਹਨ ਅਤੇ ਇੰਜ ਜਾਪਦਾ ਹੈ ਕਿ ਅਮੇਠੀ ਦੀ ਬਜਾਏ ਰਾਏ ਬਰੇਲੀ ਤੋਂ ਚੋਣ ਲੜਨ ਦਾ ਫ਼ੈਸਲਾ ਕਰਕੇ ਉਨ੍ਹਾਂ ਚੁਣਾਵੀ ਬਿਸਾਤ ’ਤੇ ਵੱਡੀ ਚਾਲ ਚੱਲ ਦਿੱਤੀ ਹੈ। ਰਾਹੁਲ ਗਾਂਧੀ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਇਸ ਚਾਲ ਨਾਲ ਵਿਰੋਧੀ ਚਾਰੋਂ ਖਾਨੇ ਚਿੱਤ ਹੋ ਜਾਣਗੇ ਪਰ ਭਾਜਪਾ ਇਸ ਨੂੰ ਕਾਇਰਾਨਾ ਢੰਗ ਨਾਲ ਮੈਦਾਨ ਛੱਡਣ ਵਜੋਂ ਪੇਸ਼ ਕਰ ਰਹੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਪੋਸਟ ’ਚ ਕਿਹਾ,‘‘ਰਾਹੁਲ ਸਿਆਸਤ ਅਤੇ ਸ਼ਤਰੰਜ ਦੇ ਹੰਢੇ ਹੋਏ ਖਿਡਾਰੀ ਹਨ। ਪਾਰਟੀ ਲੀਡਰਸ਼ਿਪ ਵਿਚਾਰ ਵਟਾਂਦਰੇ ਅਤੇ ਵਿਆਪਕ ਰਣਨੀਤੀ ਤਹਿਤ ਆਪਣੇ ਫ਼ੈਸਲੇ ਲੈਂਦੀ ਹੈ। ਇਸ ਇਕ ਫ਼ੈਸਲੇ ਨੇ ਭਾਜਪਾ, ਉਸ ਦੇ ਸਮਰਥਕਾਂ ਅਤੇ ਚਮਚਿਆਂ ਨੂੰ ਚੱਕਰਾਂ ’ਚ ਪਾ ਦਿੱਤਾ ਹੈ।’’ ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ ਭਾਜਪਾ ਦੇ ਅਖੌਤੀ ਚਾਣਕਯਾ, ਜੋ ‘ਪਰੰਪਰਾਗਤ ਸੀਟ’ ਬਾਰੇ ਗੱਲ ਕਰਦੇ ਸਨ, ਨੂੰ ਹੁਣ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਵੇਂ ਜਵਾਬ ਦੇਣ। ਰਾਹੁਲ ਗਾਂਧੀ ਨੇ 2004 ’ਚ ਸਿਆਸਤ ’ਚ ਕਦਮ ਰੱਖਿਆ ਸੀ ਅਤੇ ਪਹਿਲੀ ਚੋਣ ਅਮੇਠੀ ਤੋਂ ਲੜੀ ਸੀ। ਇਸੇ ਸੀਟ ਤੋਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ (1999-2004) ਅਤੇ ਮਰਹੂਮ ਪਿਤਾ ਰਾਜੀਵ ਗਾਂਧੀ (1981-91) ਨੇ ਨੁਮਾਇੰਦਗੀ ਕੀਤੀ ਸੀ। ਰਾਜੀਵ ਅਤੇ ਸੋਨੀਆ ਗਾਂਧੀ ਦੇ ਘਰ 19 ਜੂਨ, 1970 ’ਚ ਜਨਮੇ ਰਾਹੁਲ ਆਪਣੀ ਭੈਣ ਪ੍ਰਿਯੰਕਾ ਗਾਂਧੀ ਤੋਂ ਵੱਡੇ ਹਨ। ਉਨ੍ਹਾਂ ਕੌਮੀ ਰਾਜਧਾਨੀ ਦੇ ਸੇਂਟ ਕੋਲੰਬਸ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ ਅਤੇ ਫਿਰ ਉਹ ਦੇਹਰਾਦੂਨ ਦੇ ਮਸ਼ਹੂਰ ਦੂਨ ਸਕੂਲ ਚਲੇ ਗਏ ਸਨ। ਗਰੈਜੂਏਸ਼ਨ ਦੀ ਪੜ੍ਹਾਈ ਲਈ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨਜ਼ ਕਾਲਜ ’ਚ ਦਾਖ਼ਲਾ ਲੈਣ ਦੇ ਇਕ ਸਾਲ ਬਾਅਦ ਉਹ ਹਾਵਰਡ ਯੂਨੀਵਰਸਿਟੀ ’ਚ ਪੜ੍ਹਾਈ ਲਈ ਅਮਰੀਕਾ ਚਲੇ ਗਏ ਸਨ। ਆਪਣੇ ਪਿਤਾ ਦੀ ਹੱਤਿਆ ਅਤੇ ਸੁਰੱਖਿਆ ਕਾਰਨਾਂ ਕਰਕੇ ਉਹ ਫਲੋਰਿਡਾ ਦੇ ਰੋਲਿੰਸ ਕਾਲਜ ਤਬਦੀਲ ਹੋ ਗਏ ਸਨ। ਉਨ੍ਹਾਂ 1994 ’ਚ ਗਰੈਜੁਏਸ਼ਨ ਪੂਰੀ ਕੀਤੀ। ਇਸ ਮਗਰੋਂ ਉਨ੍ਹਾਂ ਕੈਂਬਰਿਜ ’ਵਰਸਿਟੀ ਤੋਂ ਡਿਵਲਪਮੈਂਟ ਸਟੱਡੀਜ਼ ’ਚ ਐੱਮਫਿਲ ਦੀ ਪੜ੍ਹਾਈ ਪੂਰੀ ਕੀਤੀ। ਰਾਹੁਲ ਗਾਂਧੀ ਪ੍ਰਮਾਣਿਤ ਸਕੂਬਾ ਡਾਈਵਰ ਤੇ ਜਾਪਾਨੀ ਮਾਰਸ਼ਲ ਆਰਟ ਏਕਿਡੋ ’ਚ ਬਲੈਕ ਬੈਲਟ ਵੀ ਹਨ। -ਪੀਟੀਆਈ

ਰਾਹੁਲ ਗਾਂਧੀ ਕੋਲ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ

ਰਾਏ ਬਰੇਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਏ ਬਰੇਲੀ ਤੋਂ ਦਾਖ਼ਲ ਨਾਮਜ਼ਦਗੀ ਪੱਤਰਾਂ ’ਚ 20 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਐਲਾਨੀ ਹੈ। ਉਨ੍ਹਾਂ ਕੋਲ 3,81,33,572 ਰੁਪਏ ਦੇ ਸ਼ੇਅਰ, 26,25,157 ਰੁਪਏ ਦਾ ਬੈਂਕ ਬੈਲੇਂਸ ਅਤੇ 15,21,740 ਰੁਪਏ ਦੇ ਗੋਲਡ ਬਾਂਡ ਸਮੇਤ 9,24,59,264 ਰੁਪਏ ਦੀ ਚੱਲ ਸੰਪਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮੌਜੂਦਾ ਬਾਜ਼ਾਰੀ ਕੀਮਤ ਮੁਤਾਬਕ 11,15,02,598 ਰੁਪਏ ਦੀ ਅਚੱਲ ਸੰਪਤੀ ਵੀ ਐਲਾਨੀ ਹੈ। ਇਨ੍ਹਾਂ ਵਿੱਚੋਂ ਮੌਜੂਦਾ ਸਮੇਂ ਵਿੱਚ 9,04,89,000 ਰੁਪਏ ਦੀ ਸਵੈ-ਪ੍ਰਾਪਤ ਅਚੱਲ ਸੰਪਤੀ ਅਤੇ 2,10,13,598 ਰੁਪਏ ਦੀ ਵਿਰਾਸਤੀ ਸੰਪਤੀ ਸ਼ਾਮਲ ਹੈ। ਰਾਹੁਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 55 ਹਜ਼ਾਰ ਰੁਪਏ ਨਕਦ ਹਨ ਤੇ 49,79,184 ਰੁਪਏ ਦਾ ਕਰਜ਼ਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×